- News18-Punjabi
- Last Updated: March 30, 2021, 2:28 PM IST
- News18 Punjabi
ਭਾਰਤ ਦੇ ਵਿਦੇਸ਼ੀ ਨਾਗਰਿਕ (OCI) ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਹੁਣ ਭਾਰਤ ਜਾਣ ਲਈ ਆਪਣਾ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਦੂਤਾਵਾਸ ਨੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ ਕਿਹਾ ਕਿ ਓਸੀਆਈ ਕਾਰਡ ਨਾਲ ਪੁਰਾਣੇ ਪਾਸਪੋਰਟ ਕੋਲ ਰੱਖਣ ਦੀ ਲਾਜ਼ਮੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਇਸ ਘੋਸ਼ਣਾ ਨੇ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਦੀ ਇੱਕ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ।
ਅੰਬੈਸੀ ਨੇ ਕਿਹਾ, "ਹੁਣ ਤੋਂ, ਪੁਰਾਣੇ ਪਾਸਪੋਰਟ ਸੰਖਿਆ ਵਾਲੇ ਮੌਜੂਦਾ ਓਸੀਆਈ ਕਾਰਡ ਸਹਾਰੇ ਯਾਤਰਾ ਕਰਨ ਵਾਲੇ ਓਸੀਆਈ ਕਾਰਡ ਧਾਰਕ ਨੂੰ ਪੁਰਾਣਾ ਪਾਸਪੋਰਟ ਲਿਆਉਣਾ ਜ਼ਰੂਰੀ ਨਹੀਂ ਹੈ, ਪਰ ਨਵਾਂ (ਮੌਜੂਦਾ) ਪਾਸਪੋਰਟ ਰੱਖਣਾ ਲਾਜ਼ਮੀ ਹੋਵੇਗਾ."
ਸਫਾਰਤਖਾਨੇ ਨੇ ਕਿਹਾ ਕਿ ਭਾਰਤ ਸਰਕਾਰ ਨੇ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਉਮਰ ਵਾਲੇ ਕਾਰਡ ਧਾਰਕਾਂ ਲਈ ਓਸੀਆਈ ਕਾਰਡ ਮੁੜ ਜਾਰੀ ਕਰਨ ਦੀ ਆਖਰੀ ਤਰੀਕ ਵਧਾ ਕੇ 31 ਦਸੰਬਰ, 2021 ਕਰਨ ਦਾ ਫੈਸਲਾ ਕੀਤਾ ਹੈ।
ਸਾਲ 2005 ਤੋਂ ਲਾਗੂ ਓਸੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਸਾਲ ਤੋਂ ਘੱਟ ਉਮਰ ਵਾਲੇ ਅਤੇ 50 ਸਾਲ ਤੋਂ ਵੱਧ ਉਮਰ ਦੇ ਕਾਰਡ ਧਾਰਕਾਂ ਨੂੰ ਹਰ ਵਾਰ ਨਵਾਂ ਪਾਸਪੋਰਟ ਬਣਵਾਉਣ 'ਤੇ ਆਪਣਾ ਕਾਰਡ ਦੁਬਾਰਾ ਜਾਰੀ ਕਰਵਾਉਣਾ ਹੁੰਦਾ ਹੈ। ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਪਣੀ ਅੰਤਮ ਤਾਰੀਖ ਕਈ ਵਾਰ ਵਧਾ ਦਿੱਤੀ ਹੈ, ਪਰ ਓਸੀਆਈ ਕਾਰਡ ਧਾਰਕਾਂ ਨੂੰ ਪਹਿਲੀ ਵਾਰ ਪੁਰਾਣੇ ਪਾਸਪੋਰਟ ਨੂੰ ਸਫ਼ਰ ਦੌਰਾਨ ਆਪਣੇ ਕੋਲ ਰੱਖਣ ਦੀ ਛੋਟ ਦਿੱਤੀ ਗਈ ਹੈ।