CM ਖੱਟਰ ਦੇ ਹੈਲੀਪੈਡ ਲਈ ਬਰਬਾਦ ਕਰ ਦਿੱਤੀ ਕਿਸਾਨ ਦੀ ਕਣਕ ਦੀ ਫਸਲ, ਹੁਣ ਮੁਆਵਜ਼ੇ ਲਈ ਕੱਟ ਰਿਹੈ ਸਰਕਾਰੀ ਦਫਤਰਾਂ ਦੇ ਚੱਕਰ

3 ਮਈ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਗੋਹਾਨਾ ਦੌਰੇ ਨੂੰ ਲੈ ਕੇ ਪਿੰਡ ਆਂਵਲੀ ਵਿਖੇ ਇਕ ਕਿਸਾਨ ਦੇ ਖੇਤ ਵਿਚ ਹੈਲੀਪੈਡ ਬਣਾ ਦਿੱਤਾ ਗਿਆ। ਇਸ ਕਾਰਨ ਕਿਸਾਨ ਦੀ ਕਣਕ ਦੀ ਫਸਲ ਤਬਾਹ ਹੋ ਗਈ।


ਹੈਲੀਪੈਡ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਬਣਾਇਆ ਸੀ। ਸੀ.ਐੱਮ ਖੱਟਰ ਨੇ ਪਿੰਡ ਆਂਵਲੀ ਵਿੱਚ ਸਾਬਕਾ ਵਿਧਾਇਕ ਕਿਤਾਬ ਸਿੰਘ ਮਲਿਕ ਦੀ ਮੌਤ ‘ਤੇ ਸੋਗ ਕਰਨ ਲਈ ਆਉਣਾ ਸੀ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਸੀਐਮ ਖੱਟਰ ਨੇ ਇਥੇ ਹੋਣ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ। ਹੁਣ ਕਿਸਾਨ ਖਰਾਬ ਹੋਈ ਕਣਕ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕਿਸਾਨ ਨੇ ਇਸ ਜ਼ਮੀਨ ਨੂੰ ਠੇਕੇ ਉਤੇ ਲੈ ਕੇ ਖੇਤੀ ਕੀਤੀ ਸੀ।


ਪੀੜਤ ਕਿਸਾਨ ਨਵੀਨ ਨੇ ਦੱਸਿਆ ਕਿ ਸੀਐਮ ਮਨੋਹਰ ਲਾਲ ਖੱਟਰ ਨੇ ਪਿੰਡ ਆਂਵਲੀ ਆਉਣਾ ਸੀ। ਪ੍ਰਸ਼ਾਸਨ ਨੇ ਉਸ ਦੇ ਖੇਤ ਵਿਚ ਹੈਲੀਪੈਡ ਬਣਾਉਣਾ ਸ਼ੁਰੂ ਕਰ ਦਿੱਤਾ। ਕਿਸਾਨ ਨੇ ਦੱਸਿਆ ਕਿ ਉਸ ਸਮੇਂ ਉਸ ਨੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਮੈਂ ਇਹ ਜ਼ਮੀਨ ਠੇਕੇ ਉਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਹੈ।


ਇਸ 'ਤੇ ਉਨ੍ਹਾਂ ਕਿਹਾ ਕਿ ਫਸਲਾਂ ਦੇ ਕਿਸੇ ਵੀ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ। ਪਰ ਸੀ ਐਮ ਖੱਟਰ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਹੈਲੀਪੈਡ ਨਾਲ ਤਕਰੀਬਨ 54 ਹਜ਼ਾਰ ਦਾ ਨੁਕਸਾਨ ਹੋਇਆ ਹੈ।


ਨਵੀਨ ਅਨੁਸਾਰ ਫਸਲ ਦੇ ਨੁਕਸਾਨ ਤੋਂ ਬਾਅਦ ਉਹ ਲਗਾਤਾਰ ਅਧਿਕਾਰੀਆਂ ਦੇ ਚੱਕਰ ਲਗਾ ਰਿਹਾ ਹੈ। ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਧਿਕਾਰੀ ਉਸ ਦੀ ਗੱਲ ਨਹੀਂ ਸੁਣ ਰਹੇ। ਇਸ ਦੇ ਨਾਲ ਹੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਵੇ।

Published by: Gurwinder Singh
First published: April 6, 2021, 12:15 PM IST

ਭਾਸ਼ਾ ਚੋਣੋਂ :

ਪੰਜਾਬੀ(Punjabi)