ਜੈੱਟ ਏਅਰਵੇਜ਼ ਦੇ ਸਾਬਕਾ ਸੀਈਓ ਵਿਨੇ ਦੂਬੇ ਸ਼ੁਰੂ ਕਰਨਗੇ ਨਵੀਂ ਘਰੇਲੂ ਏਅਰ ਲਾਈਨ

ਜੈੱਟ ਏਅਰਵੇਜ਼ ਅਤੇ ਗੋ ਏਅਰ ਦੇ ਸਾਬਕਾ ਸੀਈਓ ਵਿਨੈ ਦੂਬੇ 2021 ਵਿਚ ਘਰੇਲੂ ਏਅਰ ਲਾਈਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਲਈ ਵਿਨੇ ਦੂਬੇ ਨੇ ਡੀਜੀਸੀਏ (ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ) ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਵੀ ਗੱਲਬਾਤ ਕੀਤੀ ਹੈ।


ਇੱਕ ਮੀਡੀਆ ਰਿਪੋਰਟ ਦੇ ਮੁਤਾਬਿਕ, ਉਹ 2021 ਦੇ ਅੰਤ ਤੱਕ 5 ਹਵਾਈ ਜਹਾਜ਼ਾਂ ਨਾਲ ਆਪਣੀ ਘਰੇਲੂ ਏਅਰ ਲਾਈਨ ਦੀ ਸ਼ੁਰੂਆਤ ਕਰ ਸਕਦੇ ਹਨ। ਵਿਨੇ ਦੂਬੇ ਨੇ ਅਗਸਤ 2020 ਵਿਚ ਵਾਡੀਆ ਸਮੂਹ ਦੀ ਗੋ ਏਅਰ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 6 ਮਹੀਨਿਆਂ ਲਈ ਗੋ ਏਅਰ ਦੇ ਸੀਈਓ ਵਜੋਂ ਸੇਵਾ ਨਿਭਾਈ ਹੈ। ਰਿਪੋਰਟ ਦੇ ਮੁਤਾਬਿਕ ਵਿਨੇ ਦੂਬੇ ਡੀਜੀਸੀਏ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਘਰੇਲੂ ਏਅਰ ਲਾਈਨ ਕੰਪਨੀ ਬਣਾਉਣ ਦੇ ਮੁੱਦੇ 'ਤੇ ਇੱਕ ਤੋਂ ਵੱਧ ਵਾਰ ਗੱਲਬਾਤ ਕਰ ਚੁੱਕੇ ਹਨ।


ਬਿਜ਼ਨਸ ਸਟੈਂਡਰਡ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੂਬੇ ਨੇ ਏਅਰ ਲਾਈਨ ਸ਼ੁਰੂ ਕਰਨ ਲਈ ਆਪਣੇ ਸਾਬਕਾ ਸਹਿਯੋਗੀ ਪਰਵੀਨ ਅਈਅਰ ਅਤੇ ਨਿਖਿਲ ਵੈਦ ਨਾਲ ਭਾਈਵਾਲੀ ਕੀਤੀ ਹੈ ਤੇ ਹਵਾਈ ਜਹਾਜ਼ ਨਿਰਮਾਤਾ ਬੋਇੰਗ ਅਤੇ ਏਅਰਬੱਸ ਨਾਲ ਸ਼ੁਰੂਆਤੀ ਗੱਲਬਾਤ ਕੀਤੀ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਬਹੁਤ ਸਾਰੇ ਜ਼ਮੀਨੀ ਪੱਧਰ 'ਤੇ ਕੰਮ ਹੋ ਚੁੱਕੇ ਹਨ ਤੇ ਟੀਮ ਫੰਡਸ ਲਈ ਨਿਵੇਸ਼ਕਾਂ ਦੀ ਭਾਲ ਕਰ ਰਹੀ ਹੈ। ਅਮਰੀਕੀ ਏਅਰਲਾਇੰਸ ਤੇ ਡੈਲਟਾ ਏਅਰ ਲਾਈਨਜ਼ ਨਾਲ ਕੰਮ ਕਰਨ ਤੋਂ ਬਾਅਦ ਜੂਨ 2017 ਵਿਚ ਵਿਨੇ ਦੂਬੇ ਜੈੱਟ ਏਅਰਵੇਜ਼ ਵਿਚ ਸ਼ਾਮਲ ਹੋਏ ਸਨ। ਮਈ 2019 ਵਿਚ ਜੈੱਟ ਏਅਰਵੇਜ਼ ਦਾ ਕੰਮਕਾਜ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਜੈੱਟ ਏਅਰਵੇਜ਼ ਨੂੰ ਛੱਡ ਦਿੱਤਾ ਸੀ। ਉੱਥੇ ਹੀ ਮੁਰਾਰੀ ਲਾਲ ਜਲਾਨ-ਕਲਰੋਕ ਕੈਪੀਟਲ ਕੰਸੋਰਟੀਅਮ ਨੇ 2020 ਵਿਚ ਜੈੱਟ ਏਅਰਵੇਜ਼ ਦੀ ਬੋਲੀ ਜਿੱਤੀ। ਉਨ੍ਹਾਂ ਦੀ ਯੋਜਨਾ ਵੀ ਹੈ ਕਿ ਕੁੱਝ ਮਹੀਨਿਆਂ ਵਿਚ ਜੈੱਟ ਏਅਰਵੇਜ਼ ਦਾ ਸੰਚਾਲਨ ਮੁੜ ਤੋਂ ਸ਼ੁਰੂ ਕੀਤਾ ਜਾਵੇ।


ਇਸ ਦੌਰਾਨ ਏਅਰਲਾਇੰਸ ਦੇ ਖੇਤਰ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੋ ਏਅਰ ਅਗਲੇ ਮਹੀਨੇ ਇੱਕ ਆਈਪੀਓ ਲਈ ਬਿਨੈ ਕਰ ਸਕਦੀ ਹੈ। ਗੋ ਏਅਰ ਆਈਪੀਓ ਵਿੱਚ ਸ਼ੇਅਰਾਂ ਦਾ ਤਾਜ਼ਾ ਇਸ਼ੂ ਮੁਮਕਿਨ ਹੈ। ਗੋ ਏਅਰ ਆਈਪੀਓ ਰਾਹੀਂ 3500-4000 ਕਰੋੜ ਰੁਪਏ ਇਕੱਠਾ ਕਰ ਸਕਦੀ ਹੈ। ਗੋ ਏਅਰ ਆਈਪੀਓ ਵਿਚ 25 ਫ਼ੀਸਦੀ ਇਕਵਿਟੀ ਵੇਚ ਸਕਦੀ ਹੈ। ਮਾਰਚ 2020 ਤੱਕ, ਗੋ ਏਅਰ 'ਤੇ 1780 ਕਰੋੜ ਰੁਪਏ ਦਾ ਕਰਜ਼ਾ ਸੀ।

Published by: Ashish Sharma
First published: March 19, 2021, 1:13 PM IST

ਭਾਸ਼ਾ ਚੋਣੋਂ :

ਪੰਜਾਬੀ(Punjabi)