ਹਰਿਆਣਾ ਪੁਲਿਸ ਨੇ ਬਜ਼ੁਰਗ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ, ਕਿਸਾਨਾਂ 'ਚ ਰੋਹ ਕਾਰਨ ਅੱਜ ਦਾ ਪ੍ਰੋਗਰਾਮ ਰੱਦ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਰੋਹਤਕ ਵਿੱਚ ਘਿਰਾਓ ਕਰਨ ਦਾ ਯਤਨ ਕੀਤਾ। ਇਸੇ ਦੌਰਾਨ ਕਿਸਾਨਾਂ ਤੇ ਪੁਲਿਸ ਦੀ ਝੜਪ ਹੋ ਗਈ। ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿਚ ਤਿੰਨ ਕਿਸਾਨ ਫੱਟੜ ਹੋ ਗਏ। ਪੁਲਿਸ ਨੇ ਬਜ਼ੁਰਗ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ।


ਜ਼ਖ਼ਮੀ ਕਿਸਾਨਾਂ ਵਿੱਚ 80 ਸਾਲਾਂ ਦਾ ਬਜ਼ੁਰਗ ਵੀ ਸ਼ਾਮਲ ਹੈ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਮੁੱਖ ਮੰਤਰੀ ਦਾ ਹੈਲੀਕੌਪਟਰ ਰੋਹਤਕ ਪੁਲਿਸ ਲਾਈਨ ਏਰੀਆ ਵਿੱਚ ਉਤਾਰਿਆ। ਉਧਰ, ਇਸ ਘਟਨਾ ਤੋਂ ਬਾਅਦ ਕਿਸਾਨਾਂ ਦਾ ਰੋਹ ਹੋਰ ਵਧ ਗਿਆ ਹੈ। ਜਿਸ ਨੂੰ ਵੇਖਦੇ ਹੋਏ ਅੱਜ ਮੁੱਖ ਮੰਤਰੀ ਦਾ ਸੋਨੀਪਤ ਦੇ ਆਂਵਲੀ ਪਿੰਡ ਵਿਚ ਹੋਣ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।


ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਰੋਹਤਕ ਵਿੱਚ ਆਮਦ ਦੀ ਜਾਣਕਾਰੀ ਮਿਲਦੇ ਹੀ ਕਿਸਾਨ ਹੈਲੀਪੈਡ ਵਾਲੀ ਥਾਂ ਦਾ ਘਿਰਾਓ ਕਰਨ ਪਹੁੰਚ ਗਏ। ਉਨ੍ਹਾਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।


ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਦਿਆਂ ਇਕ ਬਜ਼ੁਰਗ ਔਰਤ ਰੋਸ ਦਰਜ ਕਰਾਉਂਦਿਆਂ ਪੁਲਿਸ ਦੀ ਬੱਸ ’ਤੇ ਚੜ੍ਹ ਗਈ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੀ। ਪੁਲਿਸ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਔਰਤ ਨੂੰ ਬੱਸ ਤੋਂ ਹੇਠਾਂ ਉਤਾਰਿਆਂ। ਇਸ ਤੋਂ ਪਹਿਲਾਂ ਕਿਸਾਨਾਂ ਦੇ ਵਿਰੋਧ ਕਾਰਨ ਡੇਢ ਘੰਟੇ ਵਿੱਚ ਦੋ ਵਾਰ ਹੈਲੀਕੌਪਟਰ ਦੀ ਲੈਂਡਿੰਗ ਦਾ ਫ਼ੈਸਲਾ ਬਦਲਣਾ ਪਿਆ। ਅਖ਼ੀਰ ਪੁਲਿਸ ਲਾਈਨ ਵਿੱਚ ਲੈਂਡਿੰਗ ਕੀਤੀ ਗਈ।


ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆਏ ਸਨ ਪਰ ਪੁਲਿਸ ਵੱਲੋਂ ਲਾਠੀਚਾਰਜ ਕਰਨ ’ਤੇ ਕਿਸਾਨਾਂ ਨੇ ਵੀ ਵਿਰੋਧ ਵਿੱਚ ਪਥਰਾਅ ਕੀਤਾ। ਜ਼ਿਕਰਯੋਗ ਹੈ ਕਿ ਪਹਿਲਾਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਉਚਾਣਾ ਅਤੇ ਹਿਸਾਰ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਵੀ ਭਾਜਪਾ ਦੇ ਹੋਰਨਾਂ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

Published by: Gurwinder Singh
First published: April 4, 2021, 9:06 AM IST

ਭਾਸ਼ਾ ਚੋਣੋਂ :

ਪੰਜਾਬੀ(Punjabi)