- TRENDING DESK
- Last Updated: April 14, 2021, 3:25 PM IST
- News18 Punjabi
ਅੱਜ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹੇਬ ਭੀਮ ਰਾਓ ਅੰਬੇਡਕਰ ਦੀ ਜੈਅੰਤੀ ਹੈ। ਦੇਸ਼ 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹੇਬ ਦੀ 130ਵੀਂ ਜੈਅੰਤੀ ਮਨਾ ਰਿਹਾ ਹੈ। ਇਸ ਦਿਨ ਨੂੰ ਸਮਾਨਤਾ ਦਿਵਸ ਅਤੇ ਗਿਆਨ ਦਿਵਸ ਦੇ ਰੂਪ 'ਚ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂਆਂ ਨੇ ਬਾਬਾ ਸਾਹੇਬ ਨੂੰ ਸ਼ਰਧਾਂਜਲੀ ਦਿੱਤੀ ਹੈ। ਪੀਐੱਮ ਮੋਦੀ ਨੇ ਟਵੀਟ ਕਰ ਕੇ ਕਿਹਾ, 'ਭਾਰਤ ਰਤਨ ਡਾ. ਬਾਬਾ ਸਾਹੇਬ ਅੰਬੇਡਕਰ ਨੂੰ ਉਨ੍ਹਾਂ ਦੀ ਜੈਅੰਤੀ 'ਤੇ ਸ਼ਤ-ਸ਼ਤ ਨਮਨ। ਸਮਾਜ ਦੇ ਵਾਂਝੇ ਵਰਗਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਕੀਤਾ ਗਿਆ ਉਨ੍ਹਾਂ ਦਾ ਸੰਘਰਸ਼ ਹਰ ਪੀੜ੍ਹੀ ਲਈ ਮਿਸਾਲ ਬਣਿਆ ਰਹੇਗਾ।'
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਾਬਾ ਸਾਹੇਬ ਨੂੰ ਯਾਦ ਕਰਦਿਆਂ ਲਿਖਿਆ, 'ਭਾਰਤੀ ਸੰਵਿਧਾਨ ਦੇ ਪ੍ਰਮੁੱਖ ਸ਼ਿਲਪੀ, ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ! ਡਾ. ਅੰਬੇਡਕਰ ਨੇ ਨਿਆਂਪੂਰਨ ਸਮਾਜ ਬਣਾਉਣ ਲਈ ਤਾਉਮਰ ਸੰਘਰਸ਼ ਕੀਤਾ। ਆਓ, ਅੱਜ ਅਸੀਂ ਉਨ੍ਹਾਂ ਦੇ ਜੀਵਨ ਤੇ ਵਿਚਾਰਾਂ ਤੋਂ ਸਿੱਖਿਆ ਗ੍ਰਹਿਣ ਕਰ ਕੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਆਚਰਨ ਵਿਚ ਢਾਲਣ ਦਾ ਸੰਕਲਪ ਲਈਏ।'
ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਇਕ ਸਮਾਜ ਸੁਧਾਰਕ, ਦਲਿਤ ਰਾਜਨੇਤਾ ਹੋਣ ਦੇ ਨਾਲ ਵਿਸ਼ਵ ਪੱਧਰੀ ਕਾਨੂੰਨੀ ਮਾਹਿਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ। ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਪਿੰਡ 'ਚ ਇੱਕ ਗ਼ਰੀਬ ਪਰਵਾਰ 'ਚ ਹੋਇਆ ਸੀ। ਉਹ ਆਪਣੇ ਮਾਂ-ਬਾਪ ਦੀ 14ਵੀਂ ਸੰਤਾਨ ਸਨ। ਉਨ੍ਹਾਂ ਦਾ ਪਰਵਾਰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ 'ਚ ਸਥਿਤ ਅੰਬਾਵਡੇ ਨਗਰ ਨਾਲ ਸਬੰਧਿਤ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਰਾਮ ਜੀ ਸਕਪਾਲ ਸੀ। ਉਹ ਹਿੰਦੂ ਮੁਹਾਰ ਜਾਤੀ ਦੇ ਸਨ ਜੋ 'ਅਛੂਤ' ਕਹੇ ਜਾਂਦੇ ਸਨ। ਉਨ੍ਹਾਂ ਦੀ ਜਾਤੀ ਨਾਲ ਸਮਾਜਿਕ ਅਤੇ ਆਰਥਿਕ ਰੂਪ ਤੋਂ ਡੂੰਘਾ ਭੇਦਭਾਵ ਕੀਤਾ ਜਾਂਦਾ ਸੀ। ਇੱਕ ਅਛੂਤ ਪਰਵਾਰ 'ਚ ਜਨਮ ਲੈਣ ਕਾਰਨ ਉਨ੍ਹਾਂ ਨੂੰ ਬਚਪਨ 'ਚ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ।
ਆਪਣੇ ਭੈਣਾਂ ਅਤੇ ਭਰਾਵਾਂ 'ਚ ਸਿਰਫ਼ ਅੰਬੇਡਕਰ ਹੀ ਸਕੂਲ ਦੀ ਪਰਖਿਆ 'ਚ ਸਫਲ ਹੋਏ ਅਤੇ ਇਸ ਤੋਂ ਬਾਅਦ ਵੱਡੇ ਸਕੂਲ 'ਚ ਜਾਣ 'ਚ ਸਫਲ ਹੋਏ। ਆਪਣੇ ਇੱਕ ਬਾਹਮਣ ਅਧਿਆਪਕ ਮਹਾਦੇਵ ਅੰਬੇਡਕਰ ਜੋ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਆਪਣੇ ਨਾਂ ਪਿੱਛੋਂ ਸਕਪਾਲ ਹਟਾ ਕੇ ਅੰਬੇਡਕਰ ਜੋੜ ਲਿਆ, ਜੋ ਉਨ੍ਹਾਂ ਦੇ ਪਿੰਡ ਦਾ ਨਾਂ ਅੰਬਾਵਡੇ 'ਤੇ ਆਧਾਰਿਤ ਸੀ। 1912 'ਚ ਭੀਮ ਰਾਓ ਨੇ ਬੰਬਈ ਯੂਨੀਵਰਸਿਟੀ ਤੋਂ ਇਕਨਾਮਿਕਸ ਅਤੇ ਪੋਲੀਟੀਕਲ ਸਾਇੰਸ 'ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।1913 'ਚ ਬਾਬਾ ਸਾਹਿਬ ਪੋਸਟ ਗ੍ਰੈਜੂਏਸ਼ਨ ਕਰਨ ਲਈ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ 'ਚ ਗਏ।
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਿੰਨਾ ਪਿਆਰ, ਜਿੰਨਾ ਸਤਿਕਾਰ, ਜਿੰਨੀ ਇੱਜ਼ਤ ਮਰਨ ਤੋਂ ਬਾਅਦ ਮਿਲੀ ਹੈ ਅਤੇ ਮਿਲ ਰਹੀ ਹੈ, ਉਤਨੀ ਉਨ੍ਹਾਂ ਦੇ ਜਿਉਂਦੇ ਜੀਅ ਨਹੀਂ ਮਿਲੀ। ਉਨ੍ਹਾਂ ਅਨੇਕਾਂ ਮਾਅਰਕੇ ਦੀਆਂ ਕਿਤਾਬਾਂ ਲਿਖੀਆਂ। ਉਨ੍ਹਾਂ ਕਿਤਾਬਾਂ ਵਿੱਚ ਗਿਆਨ ਦਾ ਭੰਡਾਰ ਛੁਪਿਆ ਪਿਆ ਹੈ। ਕਿਸੇ ਪੜੇ ਲਿਖੇ ਵਿਅਕਤੀ ਲਈ ਵੀ ਇਹਨਾਂ ਕਿਤਾਬਾਂ ਨੂੰ ਪੜ੍ਹਨ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ।
ਅੰਬੇਡਕਰ ਜੀ ਨੇ ਧਾਰਮਿਕ ਸਮਾਜਿਕ, ਰਾਜਨੀਤਕ ਅਤੇ ਆਰਥਿਕ ਜੀਵਨ ਤੋਂ ਇਲਾਵਾ ਅਨੇਕਾਂ ਅਜਿਹੇ ਵਿਸ਼ੇ ਛੋਹੇ ਜਿਹਨਾਂ ਸਬੰਧੀ ਉਨ੍ਹਾਂ ਦੀਆਂ ਵਿਦਵਤਾ ਭਰਪੂਰ ਲਿਖਤਾਂ ਪੜ੍ਹ ਕੇ ਇੰਜ ਜਾਪਦਾ ਹੈ ਕਿ 100 ਸਾਲ ਪਹਿਲਾਂ ਜੋ ਉਨ੍ਹਾਂ ਲਿਖ ਦਿੱਤਾ ਉਸ ਬਾਰੇ ਪਹਿਲਾਂ ਹੀ ਉਨ੍ਹਾਂ ਕਿਵੇਂ ਸੋਚ ਲਿਆ ਸੀ। ਖੇਤੀਬਾੜੀ, ਸਨਅਤ, ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਸਿੰਚਾਈ, ਬਿਜਲੀ, ਕਾਇਦੇ- ਕਾਨੂੰਨ, ਭਾਸ਼ਾਵਾਂ, ਪ੍ਰਸ਼ਾਸਨ, ਪੁਲਿਸ, ਮਿਲਟਰੀ, ਪਲਾਨਿੰਗ, ਵਿਦੇਸ਼ੀ ਮਾਮਲੇ ਅਤੇ ਰਾਜ ਭਾਗ ਪ੍ਰਬੰਧਨ ਆਦਿ ਵਿਸ਼ਿਆ ਤੇ ਉਨ੍ਹਾਂ ਦੇ ਅਜਿਹੀ ਪਕੜ ਸੀ ਜੋ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਾ ਕੇ ਮੱਲੋ-ਮੱਲੀ ਉਂਗਲਾਂ ਮੂੰਹ ਵਿੱਚ ਜਾ ਪੈਂਦੀਆਂ ਹਨ।
ਉਨ੍ਹਾਂ ਨੇ ਕਿਤਾਬ 'ਜਾਤ-ਪਾਤ ਦਾ ਬੀਜਨਾਸ਼' ਵੀ 1937 'ਚ ਪ੍ਰਕਾਸ਼ਿਤ ਕੀਤੀ। ਇਸ ਲੋਕ ਪ੍ਰਸਿੱਧ ਕਿਤਾਬ 'ਚ ਅੰਬੇਡਕਰ ਨੇ ਹਿੰਦੂ ਧਾਰਮਿਕ ਨੇਤਾਵਾਂ ਅਤੇ ਜਾਤੀ ਵਿਵਸਥਾ ਦੀ ਜ਼ੋਰਦਾਰ ਨਿੰਦਾ ਕੀਤੀ ਸੀ। ਉਨ੍ਹਾਂ ਨੇ ਅਛੂਤ ਭਾਈਚਾਰੇ ਦੇ ਲੋਕਾਂ ਨੂੰ ਗਾਂਧੀ ਵੱਲੋਂ ਰਚਿਤ ਸ਼ਬਦ 'ਹਰੀਜਨ' ਬੁਲਾਉਣ ਦੇ ਕਾਂਗਰਸ ਦੇ ਫ਼ੈਸਲੇ ਦੀ ਵੀ ਸਖ਼ਤ ਨਿੰਦਾ ਕੀਤੀ।15 ਅਗਸਤ, 1947 'ਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਬਣੀ ਤਾਂ ਉਸ 'ਚ ਅੰਬੇਡਕਰ ਨੂੰ ਦੇਸ਼ ਦਾ ਪਹਿਲਾਂ ਕਾਨੂੰਨੀ ਮੰਤਰੀ ਨਿਯੁਕਤ ਕੀਤਾ ਗਿਆ। 29 ਅਗਸਤ, 1947 ਨੂੰ ਡਾ. ਅੰਬੇਡਕਰ ਨੂੰ ਆਜ਼ਾਦ ਭਾਰਤ ਦੇ ਨਵੇਂ ਸੰਵਿਧਾਨ ਦੀ ਰਚਨਾ ਲਈ ਬਣੀ ਸੰਵਿਧਾਨ ਮਸੌਦਾ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਡਾ. ਅੰਬੇਡਕਰ ਨੇ ਮਸੌਦਾ ਤਿਆਰ ਕਰਨ ਦੇ ਕੰਮ 'ਚ ਸਾਰਿਆਂ ਕੋਲੋਂ ਵਾਹ-ਵਾਹ ਖੱਟੀ।
26 ਨਵੰਬਰ, 1949 ਨੂੰ ਵਿਧਾਨ ਸਭਾ ਨੇ ਸੰਵਿਧਾਨ ਤਿਆਰ ਕਰ ਲਿਆ। 26 ਜਨਵਰੀ, 1950 ਨੂੰ ਬਾਬਾ ਸਾਹਿਬ ਨੇ ਰਾਸ਼ਟਰਪਤੀ ਰਜਿੰਦਰ ਪ੍ਰਸ਼ਾਦ ਅਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਹੋਰਾਂ ਨੂੰ ਭਾਰਤੀ ਸੰਵਿਧਾਨ ਸੌਂਪਿਆ, ਇਸੇ ਦਿਨ ਭਾਰਤ ਗਣਤੰਤਰ ਬਣਿਆ ਅਤੇ ਪੂਰੇ ਦੇਸ਼ 'ਚ ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦਾ ਰਾਜ ਪ੍ਰਬੰਧ ਲਾਗੂ ਕੀਤਾ। ਡਾ. ਅੰਬੇਡਕਰ ਨੇ ਕਿਹਾ, ''ਮੈਂ ਮਹਿਸੂਸ ਕਰਦਾ ਹਾਂ ਕਿ ਸੰਵਿਧਾਨ ਆਦਰਸ਼, ਲਚਕੀਲਾ ਹੈ ਪਰ ਨਾਲ ਹੀ ਇਹ ਇੰਨਾ ਮਜ਼ਬੂਤ ਹੈ ਕਿ ਦੇਸ਼ ਨੂੰ ਸ਼ਾਂਤੀ ਅਤੇ ਜੰਗ ਦੋਹਾਂ ਸਮੇਂ ਜੋੜ ਕੇ ਰੱਖ ਸਕੇ। ਅਸਲ 'ਚ ਮੈਂ ਕਹਿ ਸਕਦਾ ਹਾਂ ਕਿ ਜੇਕਰ ਕਦੇ ਕੁੱਝ ਗ਼ਲਤ ਹੋਇਆ ਤਾਂ ਇਸ ਦਾ ਕਾਰਨ ਇਹ ਨਹੀਂ ਹੋਵੇਗਾ ਕਿ ਸਾਡਾ ਸੰਵਿਧਾਨ ਖ਼ਰਾਬ ਸੀ ਬਲਕਿ ਇਸ ਦਾ ਇਸਤੇਮਾਲ ਕਰਨ ਵਾਲਾ ਮਨੁੱਖ ਵੀ ਗ਼ਲਤ ਸੀ।''
6 ਦਸੰਬਰ, 1956 ਨੂੰ ਅੰਬੇਡਕਰ ਦਾ ਦਿੱਲੀ ਸਥਿਤ ਉਨ੍ਹਾਂ ਦੇ ਘਰ 'ਚ ਮੌਤ ਹੋ ਗਈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ 1990 'ਚ ਮਰਨ ਉਪਰੰਤ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ ਗਿਆ। ਨੋਬਲ ਪੁਰਸਕਾਰ ਜਿੱਤਣ ਵਾਲੇ ਅਮਿਤ੍ਰਯ ਸੇਨ ਅਰਥ-ਸ਼ਾਸਤਰ 'ਚ ਬਾਬਾ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ।ਭੀਮਰਾਓ ਅੰਬੇਡਕਰ ਹਮੇਸ਼ਾ ਹੀ ਅਮਰ ਰਹਿਣਗੇ।