- News18-Punjabi
- Last Updated: March 20, 2021, 2:33 PM IST
- News18 Punjabi
ਪੱਛਮੀ ਬੰਗਾਲ ਚੋਣਾਂ (west bengal assembly election 2021) ਵਿਚ ਭਾਜਪਾ ਲਈ ਹਾਲਾਤ ਔਖੇ ਬਣਦੇ ਜਾਪ ਰਹੇ ਹਨ। ਟਿਕਟਾਂ ਨੂੰ ਲੈ ਕੇ ਪਾਰਟੀ ਅੰਦਰ ਬਗਾਵਤ ਜ਼ੋਰਾਂ ਉਤੇ ਹੈ। ਹੁਣ ਭਾਜਪਾ ਵੱਲੋਂ ਕਾਂਗਰਸੀ ਨੇਤਾ ਨੂੰ ਟਿਕਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਤ੍ਰਿਣਮੂਲ ਕਾਂਗਰਸ (TMC)ਆਗੂ ਨੂੰ ਟਿਕਟ ਦੇ ਦਿੱਤੀ ਸੀ ਜਿਸ ਨੇ ਵੀ ਇਨਕਾਰ ਕਰ ਦਿੱਤਾ।
ਸਾਬਕਾ ਕਾਂਗਰਸੀ ਆਗੂ ਮਰਹੂਮ ਸੋਮਨ ਮਿਤਰਾ ਦੀ ਪਤਨੀ ਸ਼ਿਖਾ ਮਿੱਤਰ ਨੇ ਭਾਜਪਾ ਵੱਲੋਂ ਵੀਰਵਾਰ ਨੂੰ ਸ਼ਹਿਰ ਦੀ ਚੌਰਿੰਗੀ ਸੀਟ ਤੋਂ ਉਨ੍ਹਾਂ ਨੂੰ ਉਮੀਦਵਾਰ ਐਲਾਨਣ ਦੇ ਤੁਰਤ ਬਾਅਦ ਕਿਹਾ ਕਿ ਉਸ ਦੀ ਮਨਜ਼ੂਰੀ ਤੋਂ ਬਿਨ੍ਹਾਂ ਐਲਾਨ ਕਰ ਦਿੱਤਾ ਗਿਆ ਅਤੇ ਉਹ ਰਾਜਨੀਤੀ ਵਿਚ ਨਹੀਂ ਆਉਣਗੇ। ਮਿੱਤਰਾ ਨੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਵੀ ਵਿਰਾਮ ਲਾ ਦਿੱਤਾ। ਭਾਜਪਾ ਦੇ ਨੇਤਾ ਅਤੇ ਪਰਿਵਾਰਕ ਮਿੱਤਰ ਸ਼ੁਭੇਂਦੂ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਅਜਿਹੀਆਂ ਅਟਕਲਾਂ ਤੇਜ਼ ਹੋ ਗਈਆਂ ਸਨ।
ਮਿਤਰਾ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਕਿਤੋਂ ਵੀ ਚੋਣ ਨਹੀਂ ਲੜ ਰਹੀ। ਮੇਰੀ ਆਗਿਆ ਤੋਂ ਬਿਨਾਂ ਮੇਰੇ ਨਾਮ ਦਾ ਐਲਾਨ ਕੀਤਾ ਗਿਆ ਸੀ। ਮੈਂ ਭਾਜਪਾ ਵਿਚ ਸ਼ਾਮਲ ਨਹੀਂ ਹੋਵਾਂਗੀ। ਭਾਜਪਾ ਨੂੰ ਇਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸ਼ਿਖਾ ਮਿੱਤਰ ਨੇ ਭਾਜਪਾ ਦੀ ਉਮੀਦਵਾਰੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਸ਼ਿਖਾ ਮਿੱਤਰਾ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਭਾਜਪਾ ਦੀ ਸੂਚੀ ਵਿਚ ਮੇਰਾ ਨਾਮ ਕਿਵੇਂ ਆਇਆ। ਮੈਂ ਕਾਂਗਰਸ ਦੇ ਨਾਲ ਹਾਂ ਅਤੇ ਰਹਾਂਗੀ। ”ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮਾਲਾ ਸਾਹਾ ਦੇ ਪਤੀ ਤਰੁਣ ਸਾਹਾ ਨੂੰ ਵੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਤਰੁਣ ਸਾਹਾ ਨੇ ਵੀ ਚੋਣ ਲੜਨ ਲਈ ਭਾਜਪਾ ਦੀ ਟਿਕਟ ਤੋਂ ਇਨਕਾਰ ਕੀਤਾ ਹੈ।