- News18-Punjabi
- Last Updated: March 26, 2021, 1:28 PM IST
- News18 Punjabi
ਚੰਡੀਗੜ੍ਹ : ਇੱਕ ਪਾਸੇ ਜਿੱਥੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸੜਕਾਂ ਉੱਤੇ ਨਿਤਰਿਆ ਹੋਇਆ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਚੁੱਪ-ਚੁਪੀਤੇ ਡੀਏਪੀ ਅਤੇ ਸੁਪਰ ਫਾਸਟਫੇਟ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਹੁਣ ਵਿਦੇਸ਼ੀ ਡੀਏਪੀ ਖਾਦ ਦੀ ਇੱਕ ਬੋਰੀ ਦੀ ਕੀਮਤ 1850 ਰੁਪਏ ਹੋ ਗਈ ਹੈ, ਜਦੋਂ ਕਿ ਸਵਦੇਸੀ ਡੀਏਪੀ ਖਾਦ ਦਾ ਇੱਕ ਥੈਲਾ 1700 ਰੁਪਏ ਦਾ ਵਿਕੇਗਾ। ਇਸਦੇ ਨਾਲ ਹੀ ਸਹਿਕਾਰੀ ਸੁਸਾਇਟੀਆਂ ਵਿੱਚ ਜਾਣ ਵਾਲਾ ਪਹਿਲਾਂ ਮਾਲ 1200 ਰੁਪਏ ਦਾ ਲੱਗਿਆ ਤੇ ਹੁਣ ਨਵਾਂ ਮਾਲ 1750 ਰੁਪਏ ਹੈ। ਉਧਰ ਸੁਪਰ ਫਾਸਟਫੇਟ ਖਾਦ ਦੀ ਇੱਕ ਬੋਰੀ ਹੁਣ 425 ਰੁਪਏ ਤੋਂ ਵਧ ਕੇ 465 ਰੁਪਏ ਹੋਣ ਦੀ ਜਾਣਕਾਰੀ ਮਿਲੀ ਹੈ। ਚੁੱਪ-ਚੁਪੀਤੇ ਵਧਾਏ ਭਾਅ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਖਾਦ ਡੀਲਰਾਂ ਨੇ ਕਿਸਾਨਾਂ ਨੂੰ ਖਾਦ ਦੇਣ ਤੋਂ ਪਾਸਾ ਵੱਟ ਲਿਆ ਹੈ।
ਹਾੜੀ-ਸਾਉਣੀ ਦੌਰਾਨ ਇਨ੍ਹਾਂ ਖਾਦਾਂ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਪੰਜਾਬ ਦੇ ਇਸ ਖੇਤਰ ਵਿੱਚ ਹੁੰਦੀ ਹੈ। ਇਸਲਈ ਮਾਰਚ ਮਹੀਨੇ ਖਾਦ ਕੀਮਤਾਂ ’ਚ ਵਾਧੇ ਦਾ ਸਭ ਤੋਂ ਵੱਧ ਭਾਰ ਮਾਲਵਾ ਪੱਟੀ ਦੇ ਕਿਸਾਨਾਂ ਸਿਰ ਪਵੇਗਾ। ਭਾਵੇਂ ਖਾਦ ਦੀਆਂ ਨਵੀਆਂ ਕੀਮਤਾਂ ਬਾਰੇ ਇੱਕ ਜ਼ਰੂਰੀ ਈ-ਮੇਲ ਮਾਰਕਫੈੱਡ ਅਤੇ ਇਫਕੋ ਦੇ ਕੇਂਦਰਾਂ ਵਿੱਚ ਹੀ ਆਈ ਹੈ ਪਰ ਮਾਨਸਾ ਦੇ ਕਈ ਪ੍ਰਾਈਵੇਟ ਡੀਲਰਾਂ ਕੋਲ ਪੁਰਾਣੇ ਭਾਅ ’ਤੇ ਪਈਆਂ ਖਾਦਾਂ ਦੀ ਸਪਲਾਈ ਕਿਸਾਨਾਂ ਲਈ ਅਚਾਨਕ ਬੀਤੀ ਸ਼ਾਮ ਨੂੰ ਹੀ ਬੰਦ ਕਰ ਦਿੱਤੀ ਗਈ।
ਮਾਨਸਾ ਸਥਿਤ ਮਾਰਕਫੈੱਡ ਦਫ਼ਤਰ ਤੋਂ ਪਤਾ ਲੱਗਿਆ ਹੈ ਕਿ ਜਿਹੜੀਆਂ ਖਾਦਾਂ ਦੇ ਭਾਅ ਵਧੇ ਹਨ, ਉਨ੍ਹਾਂ ਵਿੱਚ ਡੀਏਪੀ ਤੇ ਸੁਪਰ ਫਾਸਟਫੇਟ ਸ਼ਾਮਲ ਹਨ। ਸਰਕਾਰ ਨੇ ਅਜੇ ਤੱਕ ਯੂਰੀਆ, ਸਲਫਰ, ਜ਼ਿੰਕ ਦੇ ਭਾਅ ਨਾਲ ਛੇੜਛਾੜ ਨਹੀਂ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਖਾਦਾਂ ਦੇ ਇਹ ਭਾਅ ਸਰਕਾਰ ਨੇ ਅੰਦਰਖਾਤੇ ਇਸ ਤਰੀਕੇ ਵਧਾਏ ਹਨ ਕਿ ਬਾਹਰ ਭਾਫ਼ ਨਹੀਂ ਨਿਕਲਣ ਦਿੱਤੀ, ਇਥੋਂ ਤੱਕ ਕਿ ਖੇਤੀ ਲਈ ਜੁੜੇ ਸਭ ਤੋਂ ਅਹਿਮ ਮਹਿਕਮੇ ਖੇਤੀਬਾੜੀ ਵਿਭਾਗ ਨੂੰ ਵੀ ਇਨ੍ਹਾਂ ਨਵੀਆਂ ਕੀਮਤਾਂ ਸਬੰਧੀ ਕੋਈ ਜਾਣਕਾਰੀ ਨਹੀਂ ਸੀ।