- News18-Punjabi
- Last Updated: May 4, 2021, 5:32 PM IST
- News18 Punjabi
ਬਰਨਾਲਾ : ਰੈਗੂਲਰ ਹੋਣ ਦੀ ਮੰਗ ਲਈ ਅੱਜ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਡਾਕਟਰਾਂ,ਸਟਾਫ ਨਰਸਾਂ ,ਏਐਨਐਮ, ਲੈਬ ਤਕਨੀਸ਼ਨ ਸਮੇਤ ਜਿਲ੍ਹੇ ਦੇ ਸੈਕੜੇ ਸਿਹਤ ਮੁਲਾਜ਼ਮ ਆਪਣੀਆਂ ਸੇਵਾਵਾਂ ਠੱਪ ਕਰਕੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿੱਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਰਹੇ।
ਇਸ ਮੌਕੇ ਇਕੱਤਰ ਹੋਏ ਸਿਹਤ ਮੁਲਜ਼ਮਾਂ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸਿਹਤ ਮੁਲਾਜ਼ਮਾਂ ਨਾਲ ਪੂਰੀਆਂ ਤਨਖਾਹਾਂ ਤਹਿਤ ਰੈਗੂਲਰ ਕਰਨ ਦਾ ਚੋਣ ਵਾਅਦਾ ਕੀਤਾ ਸੀ ਪਰ ਸਰਕਾਰ ਦੇ ਚਾਰ ਸਾਲ ਬੀਤਣ ‘ਤੇ ਵੀ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਮੁਲਾਜ਼ਮ ਨਿਗੂਣੀਆਂ ਤਨਖਾਹਾਂ ਤਹਿਤ ਪਿਛਲੇ 10-10 ਸਾਲ ਤੋਂ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਹਨ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਜਿਸ ਕਾਰਨ ਉਹਨਾਂ ਨੂੰ ਸੰਘਰਸ਼ ਦਾ ਰਾਹ ਫੜਣਾ ਪਿਆ ਹੈ।
ਐਨਐਚਐਮ ਇੰਪਲਾਈਜ ਯੂਨੀਅਨ ਦੇ ਜਿਲ੍ਹਾ ਆਗੂਆਂ ਸਟਾਫਨਰਸ ਕਮਲਜੀਤ ਕੌਰ ਕੌਰ,ਸੰਦੀਪ ਕੌਰ ਸੀ ਐਚ ਓ, ਡਾਕਟਰ ਪੂਨਮ,ਅਰੁਣ , ਨਵਦੀਪ ਸਿੰਘ ਜੁਝਾਰ ਸਿੰਘ , ਗੁਰਦੀਪ ਸਿੰਘ , ਗਰਜੀਤ ਸਿੰਘ ……….. ਆਦਿ ਨੇ ਕਿਹਾ ਕਿ ਕਰੋਨਾ ਦੇ ਦਿਨਾਂ ਵਿੱਚ ਹੜਤਾਲ ਕਰਨੀ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਉਹ ਨਿਗੂਣੀਆਂ ਤਨਖਾਹਾਂ ‘ਤੇ ਫਰੰਟ ਲਾਈਨ ਕਾਮਿਆਂ ਵਜ਼ੋਂ ਪੂਰੇ ਰਿਸਕ ‘ਤੇ ਕੰਮ ਕਰ ਰਹੇ ਤੇ ਸਰਕਾਰ ਉਹਨਾਂ ਦੇ ਕੰਮ ਦਾ ਮੁੱਲ ਨਹੀਂ ਪਾ ਰਹੀ ਹੈ ਜਦਕਿ ਬਣਦਾ ਇਹ ਸੀ ਕਿ ਸਰਕਾਰ ਵਿਸ਼ੇਸ਼ ਭੱੱਤੇ ਜਾਰੀ ਕਰਕੇ ਰੈਗੂਲਰ ਕਰਦੀ।
ਇਹਨਾਂ ਫਰੰਟ ਲਾਈਨ ਮੁਲਾਜ਼ਮਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਵੀ “ਬਰਾਬਰ ਕੰਮ, ਬਰਾਬਰ ਤਨਖਾਹ” ਦੇਣ ਲਈ ਸਰਕਾਰ ਨੂੰ ਕਹਿ ਚੁੱਕੀ ਹੈ ਪਰ ਸਰਕਾਰ ਇਸ ਸਭ ਨੂੰ ਅਣਗੌਲਿਆਂ ਕਰਕੇ ਕੱਚੇ ਸਿਹਤ ਮੁਲਾਜ਼ਮਾਂ ਦਾ ਆਰਥਿਕ,ਮਾਨਸਿਕ ਸੋਸ਼ਣ ਕਰ ਰਹੀ ਹੈ।
ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਬਿਮਾਰ ਮਰੀਜ਼ਾਂ ਨਾਲ ਉਹਨਾਂ ਨੂੰ ਪੂਰੀ ਹਮਦਰਦੀ ਹੈ ਤੇ ਉਹ ਕਦੇ ਵੀ ਆਪਣੇ ਕੰਮ ਤੋਂ ਨਹੀਂ ਟਲੇ ਪਰ ਇਸ ਵਕਤ ਹੜਤਾਲ ਲਈ ਸਰਕਾਰ ਪੂਰੀ ਤਰ੍ਹਾਂ ਜਿੰਮੇਬਾਰ ਹੈ ਕਿਉਂ ਜੋ ਵਾਰ ਵਾਰ ਅਲਟੀਮੇਟਮ ਦੇਣ ਦੇ ਬਾਵਜੂਦ ਸਰਕਾਰ cਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ ਹੈ ਤੇ ਇਹ ਹੜਤਾਲ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ।