- News18-Punjabi
- Last Updated: May 12, 2021, 8:13 PM IST
- SURAJ BHAN network 18
ਹਲਕਾ ਬਠਿੰਡਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਨੇ ਸਪੁੱਤਰ ਅਰਜੁਨ ਬਾਦਲ ਦੇ ਨਾਂ ’ਤੇ ਆਪਣੇ ਪੁਰਾਣੇ ਹਲਕੇ ਗਿਦੜਵਾਹਾ ’ਚ ਦਫ਼ਤਰ ਖੋਲ੍ਹ ਦਿੱਤਾ ਹੈ। ਜਦਕਿ ਗਿਦੜਵਾਹਾ ਦੇ ਵਿਧਾਇਕ ਰਾਜਾ ਵੜਿੰਗ ਦੇ ਗੇੜੇ ਬਠਿੰਡਾ ’ਚ ਵਧ ਗਏ ਹਨ। ਕਿਤੇ ਇਹ ਦੋਵੇਂ ਲੀਡਰ ਹਲਕਿਆਂ ਦੀ ਅਦਲਾ ਬਦਲੀ ਤਾਂ ਨਹੀਂ ਕਰਨ ਜਾ ਰਹੇ?
ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੀ ਸੀਟ ’ਤੇ ਗਿਦੜਵਾਹਾ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਬਣਦੇ ਰਹੇ ਹਨ, ਜਦਕਿ ਅਕਾਲੀ ਸਰਕਾਰ ’ਚ ਵਿੱਤ ਮੰਤਰੀ ਰਹੇ ਹਨ। ਫਿਰ ਉਨ੍ਹਾਂ ਨੇ ਅਕਾਲੀ ਦਲ ਛੱਡ ਕੇ ਪੀਪਲਜ਼ ਪਾਰਟੀ ਵੀ ਖੜ੍ਹੀ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਇਸਦੇ ਬਾਵਜੂਦ ਉਹ ਅਕਾਲੀ ਦਲ ’ਚ ਨਹੀਂ ਮੁੜੇ ਤੇ ਕਾਂਗਰਸ ’ਚ ਧਮਾਕੇਦਾਰ ਐਂਟਰੀ ਕੀਤੀ ਤੇ ਹਲਕਾ ਬਠਿੰਡਾ ਤੋਂ ਵਿਧਾਇਕ ਬਣ ਕੇ ਵਿੱਤ ਮੰਤਰੀ ਬਣ ਗਏ। ਹੁਣ ਮਾਹੌਲ ਕੁਝ ਇਸ ਤਰ੍ਹਾਂ ਹੈ ਕਿ ਗਿਦੜਵਾਹਾ ’ਚ ਮਨਪ੍ਰੀਤ ਸਿੰਘ ਬਾਦਲ ਦੇ ਪਹਿਲਾਂ ਵਾਲੇ ਦਫ਼ਤਰ ਅਤੇ ਕੋਠੀ ਦੀਆਂ ਸਫਾਈਆਂ ਹੋ ਚੁੱਕੀਆਂ ਹਨ। ਹੋਰ ਤਾਂ ਹੋਰ ਦਫ਼ਤਰ ਉੱਪਰ ਕਾਂਗਰਸ ਦਾ ਵੱਡਾ ਬੋਰਡ ਵੀ ਲੱਗ ਚੁੱਕਾ ਹੈ, ਜਿਸ ਵਿਚ ਦਿੱਲੀ ਹਾਈਕਮਾਨ ਸੋਨੀਆਂ ਗਾਂਧੀ, ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਸਵੀਰ ਵੀ ਹੈ। ਪ੍ਰੰਤੂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਥੇ ਅਰਜੁਨ ਬਾਦਲ ਦੀ ਤਸਵੀਰ ਚਮਕ ਰਹੀ ਹੈ। ਜੋ ਇਸ਼ਾਰਾ ਕਰ ਰਹੀ ਹੈ ਕਿ ਇਹ ਦਫ਼ਤਰ ਅਰਜੁਨ ਬਾਦਲ ਦਾ ਹੈ।
ਅਰਜੁਨ ਸਿੰਘ ਬਾਦਲ ਬੀਤੇ ਦਿਨੀਂ ਹਰਦੀਪ ਸਿੰਘ ਡਿੰਪੀ ਢਿੱਲੋਂ ਕੋਲ ਅਫਸੋਸ ਕਰਨ ਪਹੁੰਚੇ, ਜਿਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਜਦਕਿ ਮਨਪ੍ਰੀਤ ਸਿੰਘ ਬਾਦਲ ਅਤੇ ਜੈਜੀਤ ਸਿੰਘ ਜੌਹਲ ਅਲੱਗ ਤੋਂ ਪਹੁੰਚੇ ਸਨ। ਇਸੇ ਤਰ੍ਹਾਂ ਅਰਜੁਨ ਸਿੰਘ ਬਾਦਲ ਦਾ ਗਿਦੜਵਾਹਾ ਅਤੇ ਆਸਪਾਸ ਦੇ ਪਿੰਡਾਂ ’ਚ ਲਗਾਤਾਰ ਵਿਚਰਨਾ ਅਤੇ ਲੋਕਾਂ ਦੀ ਖੁਸ਼ੀ-ਗਮੀ ’ਚ ਸ਼ਾਮਲ ਹੋਣਾ, ਉਨ੍ਹਾਂ ਦੇ ਇਕ ਲੀਡਰ ਵਜੋਂ ਉੱਭਰਣ ਦਾ ਸੰਕੇਤ ਦੇ ਰਿਹਾ ਹੈ। ਅਜਿਹੇ ਮਾਹੌਲ ਤੋਂ ਇਹ ਚਰਚਾ ਹੋਣਾ ਕਿ ਮਨਪ੍ਰੀਤ ਸਿੰਘ ਬਾਦਲ ਅਰਜੁਨ ਸਿੰਘ ਬਾਦਲ ਨੂੰ ਅਗਾਮੀ ਵਿਧਾਨ ਸਭਾ ਚੋਣਾਂ ’ਚ ਗਿਦੜਵਾਹਾ ਤੋਂ ਉਮੀਦਵਾਰ ਬਣਾ ਸਕਦੇ ਹਨ। ਜਦੋਂ ਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੋਬਾਰਾ ਪੁਰਾਣੀ ਪਿੱਚ ’ਤੇ ਖੇਡਣਗੇ, ਅਰਜੁਨ ਬਾਦਲ ਨੂੰ ਸਿਰਫ ਚੇਹਰਾ ਬਣਾਇਆ ਗਿਆ ਹੈ ਤਾਂ ਕਿ ਉਹ ਉਨ੍ਹਾਂ ਦਾ ਕੰਮ ਅਸਾਨ ਵੀ ਕਰ ਦੇਵੇ ਅਤੇ ਲੀਡਰਾਂ ਵਾਲੇ ਗੁਣ ਵੀ ਸਿੱਖ ਸਕੇ।
ਹੁਣ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਇਸ ਸਮੇਂ ਹਲਕਾ ਗਿਦੜਵਾਹਾ ਤੋਂ ਵਿਧਾਇਕ ਹਨ, ਦੀ ਅਕਸਰ ਬਠਿੰਡਾ ਫੇਰੀ ਵੀ ਕਈ ਸੰਕੇਤ ਦੇ ਰਹੀ ਹੈ। ਜਦੋਂ ਕਿ ਰਾਜਾ ਵੜਿੰਗ ਐੱਮ.ਪੀ. ਹਰਸਿਮਰਤ ਕੌਰ ਬਾਦਲ ਖਿਲਾਫ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਵੀ ਲੜ ਚੁੱਕੇ ਹਨ, ਜਿਨ੍ਹਾਂ ਦੀ ਪੁਜੀਸ਼ਨ ਕਾਫੀ ਚੰਗੀ ਰਹੀ ਸੀ। ਹੁਣ ਮਸਲਾ ਇਹ ਹੈ ਕਿ ਕਿਤੇ ਇਹ ਤਾਂ ਨਹੀਂ ਹੋਣ ਵਾਲਾ ਕਿ ਆਪਸੀ ਸਮਝੌਤੇ ਦੇ ਚਲਦਿਆਂ ਮਨਪ੍ਰੀਤ ਸਿੰਘ ਬਾਦਲ ਤੇ ਰਾਜਾ ਵੜਿੰਗ ਹਲਕਿਆਂ ਦੀ ਅਦਲਾ ਬਦਲੀ ਕਰ ਲੈਣ। ਇਸ ਬਾਰੇ ਰਾਜਾ ਵੜਿੰਗ ਨਾਲ ਸੰਪਰਕ ਕਰਨਾ ਚਾਹਿਆ, ਪਰ ਪੀ.ਏ. ਦਾ ਕਹਿਣਾ ਸੀ ਕਿ ਉਹ ਪੰਜਾਬ ਤੋਂ ਬਾਹਰ ਹਨ, ਕੋਈ ਵੀ ਬਿਆਨ ਪੰਜਾਬ ’ਚ ਆ ਕੇ ਹੀ ਦੇਣਗੇ।
ਇਸ ਸੰਬੰਧੀ ਵਿੱਤ ਮੰਤਰੀ ਦੇ ਬਠਿੰਡਾ ਦਫ਼ਤਰ ਦੇ ਇੰਚਾਰਜ਼ ਤੇ ਪ੍ਰਮੁੱਖ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦਾ ਕਹਿਣਾ ਸੀ ਕਿ ਐਸੀ ਕੋਈ ਗੱਲ ਨਹੀਂ ਹੈ, ਲੋਕਾਂ ਨੂੰ ਬੋਰਡ ਦੇਖ ਕੇ ਭੁਲੇਖਾ ਪੈ ਰਿਹਾ ਹੈ। ਗਿਦੜਵਾਹਾ ਦਫ਼ਤਰ ਖਾਲੀ ਪਿਆ ਸੀ, ਜਿਸਦੇ ਚਲਦਿਆਂ ਪੁਰਾਣੇ ਵਰਕਰਾਂ ਨੇ ਖੁਦ ਹੀ ਦਫ਼ਤਰ ਖੋਲ੍ਹ ਕੇ ਬੈਨਰ ਵਗੈਰਾ ਲਗਵਾ ਲਏ ਹਨ। ਉਨ੍ਹਾਂ ਵਲੋਂ ਸਿਰਫ ਮੀਟਿੰਗ ਜਾਂ ਬੈਠਣ-ਉੱਠਣ ਦਾ ਅੱਡਾ ਮਾਤਰਾ ਹੀ ਬਣਾਇਆ ਗਿਆ ਹੈ।