ਨਿਤਿਸ਼ ਸਭਰਵਾਲ,
ਅੰਮ੍ਰਿਤਸਰ- ਜੰਡਿਆਲਾ ਨੇੜਲੇ ਪਿੰਡ ਮੱਲੀਆਂ 'ਚ ਸਥਿਤ ਪੈਟਰੋਲ ਪੰਪ 'ਤੇ ਲੁੱਟ-ਖੋਹ ਕਰਨ ਆਏ ਇੱਕ ਨੌਜਵਾਨ ਨੂੰ ਪੰਪ ਦੇ ਗਾਰਡ ਨੇ ਗੋਲੀ ਮਾਰ ਦਿੱਤੀ। ਦੱਸਣਯੋਗ ਹੈ ਕਿ ਇਹ ਘਟਨਾ ਐਤਵਾਰ ਦੇਰ ਰਾਤ ਵਾਪਰੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮਾਂ ਨੇ ਇੱਕ ਨੌਜਵਾਨ ਨੂੰ ਲੁੱਟ ਲਿਆ ਸੀ ਅਤੇ ਦੂਜੇ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਦਾਰਾ ਪੁਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਪੁੱਤਰ ਜਗਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਚੌਂਕੀ ਦੇ ਇੰਚਾਰਜ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੂਜਾ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਕਬਜ਼ੇ 'ਚੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਜਲੰਧਰ-ਅੰਮ੍ਰਿਤਸਰ ਜੀ.ਟੀ ਰੋਡ ’ਤੇ ਪੈਟਰੋਲ ਪੰਪ ਹੈ। ਰਾਤ ਨੂੰ ਗਾਰਡ ਹੀਰਾ ਸਿੰਘ ਨਾਲ ਉਸ ਦਾ ਦੂਜਾ ਸਟਾਫ਼ ਵੀ ਪੰਪ 'ਤੇ ਰਹਿੰਦਾ ਹੈ। ਐਤਵਾਰ ਦੇਰ ਰਾਤ 10.15 ਵਜੇ ਦੋ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਉਸ (ਕਰਮਚਾਰੀ) ਕੋਲ ਪਹੁੰਚੇ। ਗਾਰਡ ਉਸ ਤੋਂ ਬਹੁਤ ਦੂਰ ਸੀ।
ਇੱਕ ਲੁਟੇਰੇ ਨੇ ਬਾਈਕ ਤੋਂ ਹੇਠਾਂ ਉਤਰ ਕੇ ਉੱਥੇ ਪੈਟਰੋਲ ਭਰ ਰਹੇ ਨੌਜਵਾਨ ਨੂੰ ਪਿਸਤੌਲ ਦਿਖਾ ਕੇ ਪੈਸੇ ਲੁੱਟ ਲਏ। ਜਦੋਂ ਮੁਲਜ਼ਮ ਪਿਸਤੌਲ ਨਾਲ ਇੱਕ ਹੋਰ ਗਾਹਕ ਨੂੰ ਲੁੱਟਣ ਜਾ ਰਿਹਾ ਸੀ ਤਾਂ ਪੰਪ ਦੇ ਗਾਰਡ ਨੇ ਉਸ ਨੂੰ ਆਪਣੀ ਰਾਈਫਲ ਨਾਲ ਗੋਲੀ ਮਾਰ ਦਿੱਤੀ। ਲੁਟੇਰਾ ਉੱਥੇ ਹੀ ਡਿੱਗ ਪਿਆ ਅਤੇ ਬਾਈਕ ਸਵਾਰ ਉਸ ਦਾ ਸਾਥੀ ਫ਼ਰਾਰ ਹੋ ਗਿਆ।
ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਪਿਸਤੌਲ ਬਰਾਮਦ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਕੀਤੇ ਗਏ ਲੁਟੇਰੇ ਖ਼ਿਲਾਫ਼ ਕਤਲ, ਇਰਾਦਾ ਕਤਲ ਅਤੇ ਡਕੈਤੀ ਦੇ ਅੱਠ ਤੋਂ ਵੱਧ ਕੇਸ ਦਰਜ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।