ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਬਾਬਾ ਦੀਪ ਸਿੰਘ ਜੀ ਬਾਰ੍ਹਾਂ ਮਿਸਲਾਂ ਵਿੱਚੋਂ ਸੁਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਸਨ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਅਤੇ 18ਵੀਂ ਸਦੀ ਦੀਆਂ ਵਿਸ਼ੇਸ ਜੰਗਾਂ ਵਿੱਚ ਅਹਿਮ ਹਿੱਸਾ ਲਿਆ।
1757 ਈ. ਨੂੰ ਤੈਮੂਰ ਸ਼ਾਹ ਅਤੇ ਜਹਾਨ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਬਾਬਾ ਜੀ ਨੂੰ ਜਦ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਉਸ ਸਮੇਂ ਬਜ਼ੁਰਗ ਅਵਸਥਾ ਵਿੱਚ ਵੀ 18 ਸੇਰ ਦਾ ਖੰਡਾ ਹੱਥ ਪਕੜ, ਸ੍ਰੀ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਬਾਬਾ ਜੀ ਪ੍ਰਤਿਗਿਆ ਕਰਕੇ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ।
ਅੱਗੋਂ ਜਹਾਨ ਖਾਨ ਇਹ ਖ਼ਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਹਲਵੜ ਪਿੰਡ ਦੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਦੇ ਨਾਲ ਮੋਰਚਾ ਸੰਭਾਲੀ ਬੈਠਾ ਸੀ। ਆਹਮੋ ਸਾਹਮਣੇ ਘਮਸਾਨ ਦਾ ਯੁੱਧ ਹੋਇਆ । ਬਾਬਾ ਜੀ ਸ਼ਹਿਰ ਤੋਂ ਅਜੇ ਹਟਵੇਂ ਹੀ ਸਨ ਕਿ ਜਮਾਲ ਖ਼ਾਨ ਨਾਲ ਆਹਮੋ ਸਾਹਮਣੀ ਹੋ ਰਹੀ ਹੱਥੋਂ ਹੱਥੀ ਲੜਾਈ ਵਿੱਚ ਦੋਹਾਂ ਦੇ ਸਿਰ ਕੱਟ ਗਏ।
ਮੌਤ ਖਿਲਖਿਲਾ ਕੇ ਹੱਸ ਪਈ। ਪਾਸ ਖੜੇ ਇੱਕ ਸਿੰਘ ਨੇ ਬਾਬਾ ਜੀ ਨੂੰ ਕੀਤਾ ਪ੍ਰਣ ਯਾਦ ਕਰਾਇਆ ਤਾਂ ਐਸਾ ਕ੍ਰਿਸ਼ਮਾਂ ਵਾਪਰਿਆ ਕਿ ਦੁਨੀਆਂ ਦੇ ਇਤਿਹਾਸ ਵਿੱਚੋਂ ਕੋਈ ਹੋਰ ਅਜਿਹੀ ਮਿਸਾਲ ਨਹੀਂ ਮਿਲਦੀ। ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉਪਰ ਟਿਕਾ ਕੇ ਸੱਜੇ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫ਼ਾਂ ਵਿੱਚ ਭਾਜੜਾਂ ਪੈ ਗਈਆਂ।
ਇਸ ਤਰ੍ਹਾਂ ਘਮਸਾਨ ਦਾ ਯੁੱਧ ਕਰਦਿਆਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਪਹੁੰਚੇ ਅਤੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟਾ ਕੀਤਾ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸਸਕਾਰ ਕੀਤਾ ਗਿਆ । ਇਹ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਅਦੁੱਤੀ ਸ਼ਹੀਦੀ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ ਅਤੇ ਗੁਰਧਾਮਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਪ੍ਰੇਰਨਾ ਸਰੋਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।