ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਐਨਆਰਆਈ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ 30 ਦਸੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਕੀਤੀ ਜਾਣੀ ਹੈ। ਇਸ ਲਈ ਸਰਕਾਰ ਵੱਲੋਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨੂੰ ਵੀ ਉਕਤ ਮਿਲਣੀ ਲਈ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਇਸ ਸੰਮੇਲਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਾਈਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਜ਼ਿਲ੍ਹਿਆਂ ਨਾਲ ਸਬੰਧਤ ਜੇਕਰ ਕਿਸੇ ਵੀ ਐਨਆਰਆਈ ਨੂੰ ਕੋਈ ਸਿਕਾਇਤ ਹੋਵੇ ਜਾਂ ਉਹ ਕੋਈ ਹੋਰ ਮਸਲਾ ਇਸ ਮਿਲਣੀ ਵਿੱਚ ਰੱਖਣਾ ਚਾਹੁੰਦਾ ਹੋਵੇ ਤਾਂ ਉਹ 30 ਦਸੰਬਰ ਨੂੰ ਯੂਨੀਵਰਸਿਟੀ ਵਿਖੇ ਹੋਣ ਵਾਲੀ ਐਨਆਰਆਈ ਮਿਲਣੀ ਵਿਚ ਹਾਜ਼ਰ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਮਿਲਣੀ ਵਿੱਚ ਕੇਵਲ ਐਨਆਰਆਈ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮਸਲੇ ਹੀ ਸੁਣੇ ਜਾਣਗੇ । ਇਸ ਲਈ ਐਨਆਰਆਈ ਮਿਲਣੀ ਲਈ ਆਉਣ ਸਮੇਂ ਆਪਣਾ ਐਨਆਰਆਈ ਹੋਣ ਦਾ ਸਬੂਤ ਨਾਲ ਲੈ ਕੇ ਜ਼ਰੂਰ ਆਉਣ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਉਕਤ ਜ਼ਿਲ੍ਹਿਆਂ ਦੇ ਸਬੰਧਤ ਅਧਿਕਾਰੀ ਵੀ ਉਕਤ ਮਿਲਣੀ ਮੌਕੇ ਹਾਜ਼ਰ ਰਹਿਣਗੇ।
ਇਸ ਤੋਂ ਬਿਨ੍ਹਾਂ ਜਿਹੜੇ ਐਨਆਰਆਈ ਉਕਤ ਮਿਲਣੀ ਵਿੱਚ ਜਾਣਾ ਚਾਹੁੰਦੇ ਹਨ, ਉਹ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ https://eservices.punjab.gov.in/ 'ਤੇ ਕਰਵਾ ਸਕਦੇ ਹਨ। ਮੌਕੇ 'ਤੇ ਰਜਿਸਟਰੇਸ਼ਨ ਦੀ ਸੁਵਿਧਾ ਵੀ ਹੋਵੇਗੀ। ਉਨ੍ਹਾਂ ਨੇ ਇਸ ਮੌਕੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਰੂਟੀਨ ਵਿੱਚ ਵੀ ਕੋਈ ਪ੍ਰਵਾਸੀ ਭਾਰਤੀ ਕਿਸੇ ਕੰਮ ਲਈ ਉਨ੍ਹਾਂ ਦੇ ਦਫ਼ਤਰਾਂ ਵਿੱਚ ਆਵੇ ਤਾਂ ਉਸ ਦੀ ਉਚਿਤ ਮਦਦ ਕੀਤੀ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Amritsar, Punjab