ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਉਤੇ ਲੱਗਦੇ ਜਾਮ ਖਤਮ ਕਰਨ ਅਤੇ ਲੋਕਾਂ ਨੂੰ ਸੁਖਾਲਾ ਰਸਤਾ ਮੁਹੱਈਆ ਕਰਵਾਉਣ ਲਈ ਕਮਿਸ਼ਨਰ ਪੁਲਿਸ ਜਸਕਰਨ ਸਿੰਘ ਦੀਆਂ ਹਿਦਾਇਤਾਂ ਉੱਤੇ ਸ਼ਹਿਰੀ ਪੁਲਿਸ ਨੇ ਵਿਸ਼ੇਸ਼ ਮੁਹਿੰਮ ਕੱਢੀ ਹੈ, ਜਿਸ ਤਹਿਤ ADCP ਟ੍ਰੈਫਿਕ ਅਮਨਦੀਪ ਕੌਰ ਦੀ ਅਗਵਾਈ ਹੇਠ ਟੀਮ ਨੇ ਰੇਲਵੇ ਲਿੰਕ ਰੋਡ, ਜੋ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਸਭ ਤੋਂ ਰੁਝੇਵੇਂ ਵਾਲੀ ਸੜਕ ਹੈ , ਉਸਨੂੰ ਨਾਜਾਇਜ਼ ਕਬਜਿਆਂ ਤੋਂ ਮੁੱਕਤ ਕਰਨ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਪੁਲਿਸ ਨੇ ਰੇਲਵੇ ਸਟੇਸ਼ਨ ਤੋਂ ਲੈ ਕੇ ਨਹਿਰੀ ਵਿਭਾਗ ਦੇ ਦਫਤਰ ਤੱਕ ਸੜਕ ਉੱਤੇ ਕੀਤੇ ਗਏ ਨਾਜਾਇਜ਼ ਕਬਜਿਆਂ ਨੂੰ ਹਟਾਇਆ ਅਤੇ ਸੜਕ ਕਿਨਾਰੇ ਗਲਤ ਸਥਾਨ ਉੱਤੇ ਖੜੇ ਕੀਤੇ ਵਾਹਨਾਂ ਨੂੰ ਉਥੋਂ ਹਟਾਇਆ। ਇਸ ਬਾਰੇ ਜਾਣਕਾਰੀ ਦਿੰਦੇ ਟਰੈਫਿਕ ਇੰਚਾਰਜ ਅਨੂਪ ਸੈਣੀ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਵਿੱਚ ਸ਼ਹਿਰ ਦੇ ਚਾਰ ਜੋਨਾਂ ਦੇ ਟਰੈਫਿਕ ਇੰਚਾਰਜ ਸ਼ਾਮਿਲ ਹੋਏ ਅਤੇ ਸਾਰੀ ਸੜਕ ਨਾਜਾਇਜ਼ ਕਬਜਿਆਂ ਤੋਂ ਮੁੱਕਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਜੇਕਰ ਕਿਸੇ ਨੇ ਦੁਬਾਰਾ ਨਾਜਾਇਜ਼ ਕਬਜੇ ਕਰਨ ਜਾਂ ਗਲਤ ਪਾਰਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਵੱਲੋਂ ਇਸ ਬਾਬਤ ਸਾਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ , ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੀ ਟਰੈਫਿਕ ਵਿੱਚ ਵਿਆਪਕ ਸੁਧਾਰ ਕੀਤੇ ਜਾਣਗੇ। ਉਨ੍ਹਾਂ ਦੁਕਾਨਦਾਰਾਂ ਅਤੇ ਗੱਡੀਆਂ ਪਾਰਕ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਆਵਾਜਾਈ ਵਿੱਚ ਸੁਧਾਰ ਕਰਨ ਲਈ ਪੁਲਿਸ ਦਾ ਸਾਥ ਦੇਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Punjab, Traffic Police