AAP MLA Labh Singh Ugoke Viral Video: ਬਰਨਾਲਾ ਦੇ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਉਦੋਂ ਵਿਵਾਦਾਂ ਵਿੱਚ ਆ ਗਏ, ਜਦੋਂ ਆਮ ਆਦਮੀ ਕਲੀਨਿਕ ਦਾ ਵਿਰੋਧ ਕਰਨ 'ਤੇ ਇੱਕ ਵਿਅਕਤੀ ਨੂੰ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਹੋਰ ਸਰਕਾਰ ਹੁੰਦੀ ਤਾਂ ਵਿਰੋਧ ਲਈ ਉਸ ਨੂੰ ਕੁੱਟਿਆ ਜਾਂਦਾ ਅਤੇ ਜੇਲ੍ਹ ਸੁੱਟ ਦਿੱਤਾ ਜਾਣਾ ਸੀ। ਇਹ ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਆਪ ਆਗੂ ਦੀ ਅਜਿਹੀ ਬੋਲਬਾਣੀ ਵੇਖ ਕੇ ਲਾਹਨਤਾਂ ਪਾ ਰਹੇ ਹਨ।
ਆਪ ਨੇ ਕਿਹਾ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ
ਉਧਰ, ਮਾਮਲਾ ਭਖਦਾ ਵੇਖ ਆਮ ਆਦਮੀ ਪਾਰਟੀ ਨੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਬਚਾਅ ਕੀਤਾ ਹੈ। ਆਪ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇੱਕ ਕਾਨਫਰੰਸ ਵਿੱਚ ਬਿਆਨ ਦਿੱਤਾ ਹੈ ਕਿ ਵਿਧਾਇਕ ਉਗੋਕੇ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ, ਸਗੋਂ ਉਨ੍ਹਾਂ ਦੇ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਪਿੰਡ ਸ਼ਹਿਣਾ ਦਾ ਹੈ ਮਾਮਲਾ
ਜਾਣਕਾਰੀ ਅਨੁਸਾਰ ਮਾਮਲਾ ਬਰਨਾਲਾ ਦੇ ਸ਼ਹਿਣਾ ਦਾ ਹੈ, ਜਿਥੇ ਪਿੰਡ ਦੀ ਸਰਪੰਚ ਦਾ ਮੁੰਡਾ ਸੁਖਵਿੰਦਰ ਸਿੰਘ ਤੇ ਪਿੰਡ ਵਾਸੀ ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ) ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲਣ 'ਤੇ ਵਿਧਾਇਕ ਲਾਭ ਸਿੰਘ ਉਗੋਕੇ ਕੋਲ ਮੁੱਦਾ ਚੁੱਕਦੇ ਹੋਏ ਵਿਰੋਧ ਕਰ ਰਹੇ ਸਨ, ਤਾਂ ਗੱਲਬਾਤ ਕਰਦੇ ਹੋਏ ਆਪ ਵਿਧਾਇਕ ਗੁੱਸੇ ਵਿੱਚ ਆ ਗਿਆ ਅਤੇ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਨੌਜਵਾਨ ਨੂੰ ਕਹਿ ਰਿਹਾ ਹੈ ਕਿ ਮਾਰ ਮਾਰ ਲਫੇੜੇ, ਤੈਨੂੰ ਅੰਦਰ ਸੁੱਟਿਆ ਹੁੰਦਾ, ਫੇਰ ਪਤਾ ਲੱਗਣਾ ਸੀ।
ਵੀਡੀਓ ਵਾਇਰਲ ਹੋਣ 'ਤੇ ਵਿਧਾਇਕ ਨੇ ਦਿੱਤੀ ਸਫਾਈ
ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲਾਂਕਿ ਵਿਧਾਇਕ ਉਗੋਕੇ ਨੇ ਕਿਹਾ ਕਿ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜਦਕਿ ਉਨ੍ਹਾਂ ਦਾ ਅਸਲ ਮਕਸਦ ਇਹ ਸੀ ਕਿ ਜੇਕਰ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਤਾਂ ਉਸ ਨੂੰ ਵਿਰੋਧ ਦੀ ਥਾਂ ਕੁੱਟਿਆ ਜਾਂਦਾ ਅਤੇ ਜੇਲ੍ਹ ਸੁੱਟ ਦਿੱਤਾ ਜਾਣਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Barnala, Bhagwant Mann, Viral video