ਬਠਿੰਡਾ/ਰਾਮਪੁਰਾ: Bathinda News: ਨਗਰ ਕੌਂਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਨਿੰਨੀ ਬਾਂਸਲ ਤੇ ਥਾਣਾ ਫੂਲ (Rampura Phul Police) ਵਿੱਚ ਐੱਸਐੱਚਓ ਮਨਪ੍ਰੀਤ ਸਿੰਘ ਦੇ ਥੱਪੜ ਮਾਰਨ ਅਤੇ ਵਰਦੀ ਪਾੜਨ ਦੇ ਗੰਭੀਰ ਦੋਸ਼ ਲੱਗੇ ਹਨ। ਮਾਮਲਾ ਇੰਨਾ ਵਧ ਗਿਆ ਹੈ ਕਿ ਦੋਨੋਂ ਧਿਰ੍ਹਾਂ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ।
ਇਸ ਮਾਮਲੇ ਸੰਬੰਧੀ ਐੱਸਐੱਚਓ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰਿੰਦਰ ਕੁਮਾਰ ਨਿੰਨੀ ਬਾਂਸਲ ਨੇ ਬੀਤੀ ਰਾਤ ਆਪਣੇ ਚੌਕੀਦਾਰ ਖ਼ਿਲਾਫ਼ ਦਰਖਾਸਤ ਦਿੱਤੀ ਸੀ, ਜਿਸ ਦੀ ਜਾਂਚ ਕਰਨ ਲਈ ਏਐਸਆਈ ਜਸਵਿੰਦਰ ਸਿੰਘ ਮੌਕੇ ਤੇ ਗਿਆ ਤਾਂ ਪਤਾ ਚੱਲਿਆ ਕਿ ਨਿੰਨੀ ਬਾਂਸਲ ਨੇ ਆਪਣੇ ਚੌਕੀਦਾਰ ਨਾਲ ਬੇਵਜ੍ਹਾ ਕੁੱਟਮਾਰ ਕੀਤੀ ਅਤੇ ਕਾਰਵਾਈ ਤੋਂ ਬਚਣ ਦੇ ਮਾਰੇ ਚੌਕੀਦਾਰ ਖ਼ਿਲਾਫ਼ ਹੀ ਝੂਠੀ ਦਰਖਾਸਤ ਦੇ ਦਿੱਤੀ, ਜਿਸ ਕਰਕੇ ਸੁਰਿੰਦਰ ਕੁਮਾਰ ਨਿੰਨੀ ਬਾਂਸਲ ਨੂੰ ਥਾਣੇ ਬੁਲਾਇਆ ਗਿਆ ਸੀ।
ਜਦੋਂ ਪੂਰੀ ਪੜਤਾਲ ਦੌਰਾਨ ਪੁਛਗਿੱਛ ਹੋਈ ਤਾਂ ਸੁਰਿੰਦਰ ਕੁਮਾਰ ਨਿੰਨੀ ਬਾਂਸਲ ਘਬਰਾਹਟ ਵਿੱਚ ਆ ਗਿਆ ਤੇ ਆਪਣੀ ਪਹੁੰਚ ਉੱਚ ਅਫ਼ਸਰਾਂ ਨਾਲ ਹੋਣ ਦੇ ਰੋਅਬ ਮਾਰਦਿਆਂ ਥਾਣੇ ਵਿਚ ਰੌਲਾ ਪਾ ਲਿਆ, ਜਦੋਂ ਚਾਰ ਮੁਲਾਜ਼ਮਾਂ ਨੇ ਬਾਮੁਸ਼ਕਲ ਕਾਬੂ ਕੀਤਾ ਅਤੇ ਉਕਤ ਨਿੰਨੀ ਬਾਂਸਲ ਖ਼ਿਲਾਫ਼ ਜਦੋਂ ਸੱਤ ਇਕਵੰਜਾ ਦਾ ਕਲੰਦਰਾ ਬਣਾ ਕੇ ਬੰਦੀ ਪਾਉਣ ਦੀ ਗੱਲ ਕਹੀ ਤਾਂ ਨਿੰਨੀ ਬਾਂਸਲ ਨੇ ਮੇਰੇ ਥੱਪੜ ਮਾਰਿਆ, ਘਰੂਟ ਮਾਰੇ ਅਤੇ ਵਰਦੀ ਪਾੜ ਦਿੱਤੀ, ਜਿਸ ਨੂੰ ਬਾਂਹ ਮੁਸ਼ਕਲ ਕਾਬੂ ਕੀਤਾ ਗਿਆ। ਇਸ ਮਾਮਲੇ ਦੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਵੀ ਦੇ ਦਿੱਤੀ ਹੈ।
ਇਸ ਮਾਮਲੇ ਸੰਬੰਧੀ ਜਦੋਂ ਦੂਜੇ ਪੱਖ ਸੁਰਿੰਦਰ ਕੁਮਾਰ ਨਿੰਨ੍ਹੀ ਬਾਂਸਲ ਨਾਲ ਗੱਲ ਕਰਨੀ ਚਾਹੀ ਤਾਂ ਵਾਰ ਵਾਰ ਫੋਨ ਕਰਨ ਤੇ ਸੰਪਰਕ ਨਹੀਂ ਹੋ ਸਕਿਆ, ਪਰ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਨਿੰਨੀ ਬਾਂਸਲ ਹਸਪਤਾਲ ਵਿਚ ਮੈਡੀਕਲ ਇਲਾਜ ਕਰਾ ਰਹੇ ਹਨ ਕਿਉਂਕਿ ਉਸ ਨਾਲ ਥਾਣੇ ਵਿਚ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਧਿਆਨ ਵਿੱਚ ਆਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਦੇ ਆਦੇਸ਼ ਡੀਐਸਪੀ ਫੂਲ ਨੂੰ ਦਿੱਤੇ ਗਏ ਹਨ ਜੇਕਰ ਐੱਸ ਐੱਚ ਓ ਦਾ ਕੋਈ ਕਸੂਰ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਹੋਵੇਗੀ ਤੇ ਜੇਕਰ ਐਸਐਚਓ ਦਾ ਕੋਈ ਕਸੂਰ ਨਾ ਹੋਇਆ ਤਾਂ ਵਰਦੀ ਤੇ ਹੱਥ ਪਾਉਣ ਵਾਲੇ ਵਿਅਕਤੀ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਥਾਣੇ ਵਿੱਚ ਹੋਈ ਇਹ ਵਿਵਾਦਤ ਝੜਪ ਨੇ ਕਈ ਸਵਾਲ ਖਡ਼੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਵਿੱਚ ਕੀ ਸੱਚ ਸਾਹਮਣੇ ਆਉਂਦਾ ਹੈ।?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Crime news, Punjab Police, Rampura