ਬਠਿੰਡਾ: ਪੰਜਾਬ ਕਾਂਗਰਸ ਪਾਰਟੀ ਵਿੱਚ ਖਿੱਚੋਤਾਣ ਜਾਰੀ ਹੈ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨ ਬਠਿੰਡਾ ਵਿੱਚ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨਾਂ ਦਾ ਤਾਜਪੋਸ਼ੀ ਸਮਾਗਮ ਦੌਰਾਨ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਕਈ ਵੱਡੇ ਲੀਡਰਾਂ ਨੂੰ ਬਿਨਾਂ ਨਾਂਅ ਲਏ ਹੀ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤੀ ਨੂੰ ਸੱਟ ਇਸ ਕਾਰਨ ਪੁੱਜੀ ਕਿਉਂਕਿ ਪਾਰਟੀ ਦੀ ਵਾਗਡੌਰ ਕੁੱਝ ਕਮਰਸ਼ੀਅਲ ਲੋਕਾਂ ਦੇ ਹੱਥ ਚਲੀ ਗਈ ਸੀ। ਪਰੰਤੂ ਹੁਣ ਪਾਰਟੀ ਨੂੰ ਠੇਕੇ 'ਤੇ ਨਹੀਂ ਦਿੱਤਾ ਜਾਵੇਗਾ।
ਕਾਂਗਰਸ ਦੀਆਂ ਗਿਣਾਈਆਂ ਗਲਤੀਆਂ
ਉਨ੍ਹਾਂ ਕਾਂਗਰਸ ਦੀਆਂ ਗਲਤੀਆਂ ਗਿਣਾਉਂਦਿਆਂ ਕਿਹਾ ਕਿ ਪਹਿਲੀ ਗਲਤੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਕਮਰਸ਼ੀਅਲ ਲੋਕਾਂ ਦੇ ਹੱਥ ਵਾਗਡੌਰ ਦੇਣੀ ਸੀ। ਜਦਕਿ ਦੂਜੀ ਗਲਤੀ ਇਹ ਕੀਤੀ ਕਿ ਉਨ੍ਹਾਂ ਨੇ ਪਾਰਟੀ ਨੂੰ ਵਿਧਾਇਕਾਂ ਕੋਲ ਠੇਕੇ ’ਤੇ ਦੇ ਦਿੱਤਾ। ਫਿਰ ਅਜਿਹੇ ਵਿਧਾਇਕਾਂ ਨੇ ਕਿਹਾ ਕਿ ਉਹ ਦਸਣਗੇ ਕਿ ਨਗਰ ਨਿਗਮ ਦਾ ਮੇਅਰ ਕੌਣ ਹੋਵੇਗਾ ਅਤੇ ਚੇਅਰਮੈਨ ਕੌਣ ਹੋਣਗੇ।
ਰਾਜਾ ਵੜਿੰਗ ਨੇ ਬਿਨਾਂ ਨਾਂਅ ਲਏ ਮਨਪ੍ਰੀਤ ਬਾਦਲ ਨੂੰ ਲਿਆ ਲੰਮੇ ਹੱਥੀ
ਉਨ੍ਹਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਲਏ ਬਿਨਾਂ ਕਿਹਾ ਕਿ ਜੇਕਰ ਬਠਿੰਡਾ ਨਗਰ ਨਿਗਮ ਦਾ ਮੇਅਰ ਕੱਟੜ ਕਾਂਰਗਸੀ ਲਾਇਆ ਹੁੰਦਾ ਤਾਂ ਕਾਂਗਰਸ ਨੂੰ ਅਜਿਹੇ ਮਾੜੇ ਦਿਨ ਨਾਂ ਦੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਅਜਿਹੇ ਲੋਕਾਂ ਨੂੰ ਅਹੁਦੇ ਦਿੱਤੇ ਗਏ, ਜਿਨ੍ਹਾਂ ਦੀ ਕੋਈ ਹੋਂਦ ਨਹੀਂ ਸੀ ਅਤੇ ਉਨ੍ਹਾਂ ਕਾਂਗਰਸ ਪਾਰਟੀ ਲਈ ਅਜੇ ਤਕ ਕੁਝ ਨਹੀਂ ਕੀਤਾ ਸੀ। ਉਨ੍ਹਾਂ ਬਿਨਾਂ ਨਾ ਲਏ ਕਿਹਾ ਕਿ ਕੁਝ ਲੋਕਾਂ ਨੂੰ ਵਹਿਮ ਹੈ ਕਿ ਕਾਂਗਰਸ ਪਾਰਟੀ ਉਨ੍ਹਾਂ ਕਰਕੇ ਚਲਦੀ ਹੈ।
ਤਾਜਪੋਸ਼ੀ ਸਮਾਗਮ ਵਿਚੋਂ ਮਨਪ੍ਰੀਤ ਬਾਦਲ ਦੇ ਨਾਂਅ ਤੋਂ ਕਤਰਾਏ ਕਾਂਗਰਸੀ
ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਹਰਾ ਦੇਣਾ ਸੀ ਪਰ ਕੁਝ ਆਪਣਿਆਂ ਦੀ ਮਿਹਰਬਾਨੀ ਸਦਕਾ ਉਹ ਹਾਰ ਗਏ। ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਨਾਲ ਉਸਨੇ ਕਦੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਅਨੁਸ਼ਾਸ਼ਨ ਅਤੇ ਵਰਕਰਾਂ ਦੀ ਅਣਦੇਖੀ ਕਾਰਨ ਕਾਂਗਰਸ ਵਿਧਾਨ ਸਭਾ ਚੋਣਾਂ ਹਾਰੀ ਹੈ। ਕਾਂਗਰਸ ਦੇ ਤਾਜ਼ਪੋਸ਼ੀ ਸਮਾਗਮ ਵਿਚ ਇਹ ਗੱਲ ਵਿਸ਼ੇਸ਼ ਰਹੀ ਕਿ ਕਿਸੇ ਵੀ ਆਗੂ ਨੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਟੇਜ ਤੋਂ ਨਾਮ ਤਕ ਨਹੀਂ ਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amarinder Raja Warring, Congress, Manpreet Badal, Punjab congess