ਅੱਜ ਹਰ ਕੋਈ ਵਧੀਆ ਜੀਵਨ ਲਈ ਪੈਸਿਆਂ ਦੀ ਤੰਗੀ ਨੂੰ ਦੂਰ ਕਰਨਾ ਚਾਹੁੰਦਾ ਹੈ। ਇਸ ਲਈ ਉਹ ਨਿਵੇਸ਼ ਨੂੰ ਸਭ ਤੋਂ ਵਧੀਆ ਵਿਕਲਪ ਮੰਨਦਾ ਹੈ। ਪਰ ਅੱਜ ਲੋਕ ਰਿਵਾਇਤੀ ਨਿਵੇਸ਼ ਵਿਕਲਪਾਂ ਵਿੱਚ ਨਿਵੇਸ਼ ਕਰਨ ਦੀ ਬਜਾਏ ਸਟਾਕ ਮਾਰਕੀਟ ਅਤੇ ਮਿਉਚਲ ਫ਼ੰਡ ਵਿੱਚ ਨਿਵੇਸ਼ ਕਰ ਰਹੇ ਹਨ। ਅੱਜ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਹਨਾਂ ਨੂੰ ਇਹਨਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।
ਜੇਕਰ ਤੁਹਾਡਾ ਸੁਪਨਾ ਵੀ ਅਮੀਰ ਬਣਨ ਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕਿਆਂ ਬਾਰੇ ਦਸਾਂਗੇ ਜਿਸ ਨਾਲ ਤੁਸੀਂ ਜਲਦੀ ਕਰੋੜਪਤੀ ਬਣ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ ਜੋ ਤੁਹਾਨੂੰ ਇਕ ਮਹੀਨੇ ਵਿੱਚ ਕਰੋੜਪਤੀ ਬਣਾ ਦੇਵੇ, ਇਸ ਲਈ ਤੁਹਾਨੂੰ ਲੰਮੇ ਸਮੇਂ ਲਈ ਨਿਵੇਸ਼ ਕਰਨਾ ਹੋਵੇਗਾ।
ਸਟਾਕ ਮਾਰਕੀਟ: ਸਭ ਤੋਂ ਪਹਿਲਾ ਤਰੀਕਾ ਅਮੀਰ ਬਣਨ ਦਾ ਸਟਾਕ ਮਾਰਕੀਟ ਵਿੱਚ ਨਿਵੇਸ਼ ਹੈ। ਅਮਰੀਕਾ ਦੇ ਮੁਕਾਬਲੇ ਭਾਰਤੀ ਸਟਾਕ ਮਾਰਕੀਟ ਵਿੱਚ ਬਹੁਤ ਘੱਟ ਨਿਵੇਸ਼ ਕਰਦੇ ਹਨ। ਅਮਰੀਕਾ ਵਿੱਚ ਜਿੱਥੇ 50% ਲੋਕ ਸਟਾਕ ਮਾਰਕੀਟ ਵਿੱਚ ਪੈਸੇ ਲਗਾਉਂਦੇ ਹਨ, ਭਾਰਤੀ ਸਿਰਫ 3% ਤੱਕ ਹੀ ਇੱਥੇ ਨਿਵੇਸ਼ ਕਰਦੇ ਹਨ। ਜੇਕਰ ਪਿਛਲੇ 30 ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅਜਿਹੀਆਂ ਕਈ ਕੰਪਨੀਆਂ ਹਨ ਜਿਹਨਾਂ ਨੇ 10 ਸਾਲਾਂ ਵਿੱਚ ਹੀ 1 ਲੱਖ ਨੂੰ 1 ਕਰੋੜ ਰੁਪਏ ਵਿੱਚ ਬਦਲਿਆ ਹੈ। ਇੱਥੇ ਵਾਧੇ ਦੀ ਚੰਗੀ ਸੰਭਾਵਨਾ ਹੈ। ਤੁਸੀਂ ਮਾਹਿਰ ਨਾਲ ਸਲਾਹ ਕਰਕੇ ਸਟਾਕ ਵਿੱਚ ਨਿਵੇਸ਼ ਕਰ ਸਕਦੇ ਹੋ।
ਮਿਉਚੁਅਲ ਫੰਡ: ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਸਿੱਧਾ ਜੋਖਿਮ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਮਿਉਚੁਅਲ ਫੰਡ ਵਿੱਚ ਨਿਵੇਸ਼ ਕਰ ਸਕਦੇ ਹੋ। ਇੱਥੇ ਸਾਰੀ ਜ਼ਿੰਮੇਵਾਰੀ ਕੰਪਨੀ ਦੀ ਹੁੰਦੀ ਹੈ ਅਤੇ ਉਹ ਤੁਹਾਡੇ ਪੈਸੇ ਨੂੰ ਵਧੀਆ ਸਟਾਕਸ ਵਿੱਚ ਲਗਾਉਂਦੇ ਹਨ ਜਿਸ ਨਾਲ ਕੰਪਨੀ ਨੂੰ ਲਾਭ ਹੋਵੇ। ਇੱਥੇ ਤੁਸੀਂ 500 ਰੁਪਏ ਪ੍ਰਤੀ ਮਹੀਨਾ ਤੋਂ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਮਿਉਚੁਅਲ ਫੰਡ ਸਲਾਹਕਾਰ ਨਿਵੇਸ਼ਕ ਦੇ ਜੋਖਮ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਪੋਰਟਫੋਲੀਓ ਤਿਆਰ ਕਰਦੇ ਹਨ, ਜੇਕਰ ਕੋਈ ਨਿਵੇਸ਼ਕ ਲਗਾਤਾਰ 30 ਸਾਲਾਂ ਲਈ ਪ੍ਰਤੀ ਮਹੀਨਾ 5000 ਰੁਪਏ ਦੀ SIP ਕਰਦਾ ਹੈ, ਤਾਂ ਉਸਨੂੰ 12% ਵਿਆਜ 'ਤੇ ਕੁੱਲ 1.76 ਕਰੋੜ ਰੁਪਏ ਪ੍ਰਾਪਤ ਹੋਣਗੇ, ਜੇਕਰ ਉਸਨੂੰ 15% ਵਿਆਜ ਮਿਲਦਾ ਹੈ ਤਾਂ ਰਿਟਰਨ 30 ਸਾਲਾਂ ਵਿੱਚ ਵਧ ਕੇ 3.5 ਕਰੋੜ ਰੁਪਏ ਹੋ ਜਾਵੇਗੀ।
ਰੀਅਲ ਅਸਟੇਟ: ਜ਼ਮੀਨ-ਜਾਇਦਾਦ ਐਸਾ ਨਿਵੇਸ਼ ਹੈ ਜੋ ਹਮੇਸ਼ਾਂ ਵਧਦਾ ਹੀ ਹੈ। ਹੋਰ ਕਿਸੇ ਨਿਵੇਸ਼ ਵਿੱਚ ਖਤਰਾ ਹੋ ਸਕਦਾ ਹੈ ਪਰ ਰੀਅਲ ਅਸਟੇਟ ਵਿੱਚ ਤੁਹਾਨੂੰ ਫਾਇਦਾ ਹੀ ਹੋਵੇਗਾ। ਇਸ ਲਈ ਤੁਸੀਂ ਕਿਸੇ ਪਲਾਟ ਵਿੱਚ ਨਿਵੇਸ਼ ਕਰ ਸਕਦੇ ਹੋ ਪਰ ਇੱਥੇ ਧਿਆਨ ਰਹੇ ਕਿ ਜ਼ਮੀਨ ਦੀ ਰਜਿਸਟਰੀ ਹੋਣੀ ਚਾਹੀਦੀ ਹੈ, ਇਸ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ। ਅਕਸਰ ਲੋਕ ਸਸਤੇ ਦੇ ਨਾਂ 'ਤੇ ਗਲਤ ਜਗ੍ਹਾ 'ਤੇ ਜ਼ਮੀਨ ਖਰੀਦ ਲੈਂਦੇ ਹਨ ਅਤੇ ਫਿਰ ਬਾਅਦ 'ਚ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦੋ-ਤਿੰਨ ਦਹਾਕਿਆਂ ਵਿੱਚ ਜ਼ਮੀਨਾਂ ਦੇ ਭਾਅ ਸੱਚਮੁੱਚ ਜ਼ਮੀਨ ਤੋਂ ਅਸਮਾਨ ਤੱਕ ਪਹੁੰਚ ਗਏ ਹਨ। ਮਾਹਿਰ ਇਸ ਖੇਤਰ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੰਦੇ ਹਨ। ਹਮੇਸ਼ਾ ਜ਼ਮੀਨ ਉੱਥੇ ਖਰੀਦੋ ਜਿੱਥੇ ਵਿਕਾਸ ਦੀਆਂ ਸੰਭਾਵਨਾਵਾਂ ਜ਼ਿਆਦਾ ਅਤੇ ਜਲਦੀ ਹੋਣ।
PPF ਵਿੱਚ ਨਿਵੇਸ਼: ਜੇਕਰ ਤੁਸੀਂ ਬਿਲਕੁਲ ਵੀ ਜੋਖਿਮ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਸਰਕਾਰੀ ਸਮਾਲ ਸੇਵਿੰਗ ਸਕੀਮ ਪਬਲਿਕ ਪ੍ਰੋਵੀਡੈਂਟ ਫੰਡ ਭਾਵ ਪੀਪੀਐਫ ਵਿੱਚ ਨਿਵੇਸ਼ ਕਰ ਸਕਦੇ ਹੋ। PPF ਕੋਲ ਨਿਵੇਸ਼ਕਾਂ ਨੂੰ ਕਰੋੜਪਤੀ ਬਣਾਉਣ ਦੀ ਸ਼ਕਤੀ ਵੀ ਹੈ। ਇਸ 'ਚ ਨਿਵੇਸ਼ ਕਰਕੇ ਤੁਸੀਂ ਇਨਕਮ ਟੈਕਸ ਐਕਟ ਦੇ ਤਹਿਤ 1.5 ਲੱਖ ਰੁਪਏ ਦੀ ਟੈਕਸ ਛੋਟ ਵੀ ਲੈ ਸਕਦੇ ਹੋ। ਹਾਲਾਂਕਿ, ਕੋਈ ਵੀ PPF ਵਿੱਚ ਸਾਲਾਨਾ ਸਿਰਫ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦਾ ਹੈ ਅਤੇ ਇਸਨੂੰ 15 ਸਾਲਾਂ ਤੋਂ ਪਹਿਲਾਂ ਕਢਵਾ ਨਹੀਂ ਸਕਦਾ।
ਐਮਰਜੈਂਸੀ ਦੀ ਸਥਿਤੀ ਵਿੱਚ, ਤੁਸੀਂ ਜਮ੍ਹਾਂ ਰਕਮ ਦਾ 50% ਕਢਵਾ ਸਕਦੇ ਹੋ। ਇਸ ਦੇ ਲਈ ਸ਼ਰਤ ਇਹ ਹੈ ਕਿ ਖਾਤਾ ਖੋਲ੍ਹਣ ਦੇ 6 ਸਾਲ ਪੂਰੇ ਹੋਣੇ ਚਾਹੀਦੇ ਹਨ। ਮੌਜੂਦਾ ਸਮੇਂ 'ਚ ਸਰਕਾਰ PPF 'ਤੇ ਸਾਲਾਨਾ 7.1 ਫੀਸਦੀ ਵਿਆਜ ਦੇ ਰਹੀ ਹੈ। ਇਸ ਨਿਵੇਸ਼ 'ਤੇ ਮਿਸ਼ਰਿਤ ਵਿਆਜ ਕਮਾਇਆ ਜਾਂਦਾ ਹੈ। ਇੰਨਾ ਹੀ ਨਹੀਂ, PPF 'ਚ ਨਿਵੇਸ਼, ਇਸ 'ਤੇ ਮਿਲਣ ਵਾਲਾ ਵਿਆਜ ਅਤੇ ਮਿਆਦ ਪੂਰੀ ਹੋਣ 'ਤੇ ਮਿਲਣ ਵਾਲੀ ਰਕਮ, ਇਹ ਤਿੰਨੋਂ ਪੂਰੀ ਤਰ੍ਹਾਂ ਟੈਕਸ ਮੁਕਤ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।