ਮੁੱਖ ਮੰਤਰੀ ਜਾਣਕਾਰੀ ਹੋਣ ਦੇ ਬਾਵਜੂਦ ਨਕਲੀ ਸ਼ਰਾਬ ਵੇਚਣ ਵਾਲੇ ਕਾਂਗਰਸੀਆਂ ਖ਼ਿਲਾਫ ਕਾਰਵਾਈ ਕਰਨ ਦਾ ਸੰਵਿਧਾਨਕ ਫਰਜ਼ ਨਿਭਾਉਣ ਵਿਚ ਨਾਕਾਮ ਹੋਇਆ: ਅਕਾਲੀ ਦਲ

News18 Punjabi | News18 Punjab
Updated: May 21, 2020, 6:51 PM IST
share image
ਮੁੱਖ ਮੰਤਰੀ ਜਾਣਕਾਰੀ ਹੋਣ ਦੇ ਬਾਵਜੂਦ ਨਕਲੀ ਸ਼ਰਾਬ ਵੇਚਣ ਵਾਲੇ ਕਾਂਗਰਸੀਆਂ ਖ਼ਿਲਾਫ ਕਾਰਵਾਈ ਕਰਨ ਦਾ ਸੰਵਿਧਾਨਕ ਫਰਜ਼ ਨਿਭਾਉਣ ਵਿਚ ਨਾਕਾਮ ਹੋਇਆ: ਅਕਾਲੀ ਦਲ
ਡਾਕਟਰ ਦਲਜੀਤ ਸਿੰਘ ਚੀਮਾ ਨੇ ਈਐਨਏ ਘੁਟਾਲੇ ਦੀ ਹਾਈਕੋਰਟ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤਸਕਰੀ ਕਰ ਰਹੀਆਂ ਸ਼ਰਾਬ ਫੈਕਟਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਬਜਾਇ ਅਧਿਆਪਕਾਂ ਨੂੰ ਸ਼ਰਾਬ ਮਾਫੀਆ ਨਾਲ ਭਿੜਾਉਣ ਲਈ ਸਰਕਾਰ ਦੀ ਨਿਖੇਧੀ ਕੀਤੀ

ਡਾਕਟਰ ਦਲਜੀਤ ਸਿੰਘ ਚੀਮਾ ਨੇ ਈਐਨਏ ਘੁਟਾਲੇ ਦੀ ਹਾਈਕੋਰਟ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤਸਕਰੀ ਕਰ ਰਹੀਆਂ ਸ਼ਰਾਬ ਫੈਕਟਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਬਜਾਇ ਅਧਿਆਪਕਾਂ ਨੂੰ ਸ਼ਰਾਬ ਮਾਫੀਆ ਨਾਲ ਭਿੜਾਉਣ ਲਈ ਸਰਕਾਰ ਦੀ ਨਿਖੇਧੀ ਕੀਤੀ

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਮਾਮਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਸ਼ਰਾਬ ਦੀ ਤਸਕਰੀ ਕਰਨ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ ਕਾਰਵਾਈ ਕਰਨ ਦਾ ਆਪਣਾ ਸੰਵਿਧਾਨਿਕ ਫਰਜ਼ ਨਿਭਾਉਣ ਵਿਚ ਨਾਕਾਮ ਸਾਬਿਤ ਹੋਇਆ ਹੈ। ਪਾਰਟੀ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਮੁੱਖ ਮੰਤਰੀ ਨੂੰ ਇਹਨਾਂ ਤਸਕਰਾਂ ਦੇ ਨਾਵਾਂ ਦਾ ਜਨਤਕ ਤੌਰ ਤੇ ਖੁਲਾਸਾ ਕਰਨ ਦਾ ਨਿਰਦੇਸ਼ ਦੇਣ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਪਾਰਟੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਡੀਆਂ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਨੇ ਪ੍ਰਦੇਸ਼ ਕਾਂਗਰਸ ਮੁਖੀ ਸਮੇਤ ਕਾਂਗਰਸੀ ਆਗੂਆਂ ਨਾਲ ਕੀਤੀ ਇੱਕ ਮੀਟਿੰਗ ਦੌਰਾਨ ਸਵੀਕਾਰ ਕੀਤਾ ਸੀ ਕਿ ਉਸ ਨੂੰ ਕਾਂਗਰਸੀ ਆਗੂਆਂ ਦੇ ਸ਼ਰਾਬ ਤਸਕਰੀ ਦੇ ਧੰਦੇ ਵਿਚ ਸ਼ਾਮਿਲ ਹੋਣ ਸੰਬੰਧੀ ਪੂਰੀ ਜਾਣਕਾਰੀ ਸੀ। ਉਹਨਾਂ ਕਿਹਾ ਕਿ ਇਸ ਤੱਥ ਦੀ ਪੁਸ਼ਟੀ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੀਤੀ ਸੀ, ਜਿਸ ਨੇ ਕਿਹਾ ਸੀ ਕਿ ਉਸ ਨੇ ਮੁੱਖ ਮੰਤਰੀ ਨੂੰ ਕਾਲੀਆਂ ਭੇਡਾਂ ਖ਼ਿਲਾਫ ਕਾਰਵਾਈ ਕਰਨ ਲਈ ਆਖਿਆ ਸੀ।
ਇਹ ਟਿੱਪਣੀ ਕਰਦਿਆਂ ਕਿ ਕੋਈ ਵੀ ਮੁੱਖ ਮੰਤਰੀ ਸੂਬੇ ਦੇ ਹਿੱਤਾਂ ਨਾਲ ਧਰੋਹ ਨਹੀ ਕਰ ਸਕਦਾ, ਅਕਾਲੀ ਆਗੂ ਨੇ ਕਿਹਾ ਕਿ ਸੂਬੇ ਦੇ ਸਰੋਤਾਂ ਦੀ ਰਾਖੀ ਕਰਨਾ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਲਿਆਂ ਖ਼ਿਲਾਫ ਕਾਰਵਾਈ ਕਰਨਾ ਕੈਪਟਨ ਅਮਰਿੰਦਰ ਸਿੰਘ ਦਾ ਫਰਜ਼ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਅਜੇ ਤੀਕ ਇਸ ਮਾਮਲੇ ਵਿਚ ਕਾਰਵਾਈ ਕਿਉਂ ਨਹੀਂ ਕੀਤੀ ਹੈ ਜਦਕਿ ਸੀਨੀਅਰ ਕਾਂਗਰਸੀ ਆਗੂ ਸ਼ਰਾਬ ਮਾਫੀਆ ਨਾਲ ਮਿਲ ਕੇ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰੀ ਖਜ਼ਾਨੇ ਨੂੰੂ 5600 ਕਰੋੜ ਰੁਪਏ ਦਾ ਚੂਨਾ ਲਾ ਚੁੱਕੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨਂੂੰ ਦੱਸਣਾ ਚਾਹੀਦਾ ਹੈ ਕਿ ਉਸ ਨੂੰ ਕਿਹੜੀ ਗੱਲ ਇਸ ਕੇਸ ਵਿਚ ਕਾਰਵਾਈ ਕਰਨ ਤੋਂ ਰੋਕ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਸ ਨੇ ਸਿਰਫ ਆਪਣੀ ਸਰਕਾਰ ਨੂੰ ਡਿੱਗਣ ਤੋਂ ਬਚਾਉਣ ਲਈ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ ਕਾਰਵਾਈ ਨੂੰ ਰੋਕਿਆ ਹੈ?
ਇੱਕ ਹੋਰ ਖੁਲਾਸਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸੀਆਂ ਅਤੇ ਉਹਨਾਂ ਦੇ ਨਜ਼ਦੀਕੀਆਂ ਦੀ ਸ਼ਰਾਬ ਦੀਆਂ ਫੈਕਟਰੀਆਂ ਵਿੱਚੋਂ ਹਜ਼ਾਰਾਂ ਲੀਟਰ ਈਐਨਏ ਗੈਰਕਾਨੂੰਨੀ ਢੰਗ ਨਾਲ ਕੱਢ ਕੇ ਕਾਂਗਰਸੀਆਂ ਦੁਆਰਾ ਲਾਈਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਵਿਚ ਭੇਜਿਆ ਗਿਆ ਸੀ। ਇਹ ਗੱਲ ਖੰਨਾ, ਰਾਜਪੁਰਾ ਅਤੇ ਲੁਧਿਆਣਾ 'ਚ ਫੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਬਾਰੇ ਹੋਈ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਈ ਹੈ। ਅਕਾਲੀ ਆਗੂਆਂ ਨੇ ਅਜਿਹਾ ਗੈਰਕਾਨੂੰਨੀ ਧੰਦਾ ਕਰਨ ਵਾਲੀਆਂ ਸ਼ਰਾਬ ਦੀਆਂ ਫੈਕਟਰੀਆਂ ਦਾ ਖੁਲਾਸਾ ਕਰਨ ਅਤੇ ਉਹਂਨਾਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਹਨਾਂ ਪੰਜਾਬ ਵਿਚ ਸਾਰੀਆਂ ਸ਼ਰਾਬ ਦੀਆਂ ਫੈਕਟਰੀਆਂ ਦੇ ਈਐਨਏ ਭੰਡਾਰ ਦਾ ਆਡਿਟ ਕਰਨ ਲਈ ਵੀ ਆਖਿਆ। ਉਹਨਾਂ ਇਹ ਵੀ ਦੱਸਿਆ ਕਿ ਸ਼ਰਾਬ ਦੀਆਂ ਫੈਕਟਰੀਆਂ ਨੇ ਸੰਘੀ ਖੇਤਰ ਅੰਦਰ ਬੋਤਲਾਂ ਅੰਦਰ ਸ਼ਰਾਬ ਭਰਨ ਵਾਲੇ 8 ਪਲਾਂਟ ਲਗਾਏ ਹੋਏ ਸਨ ਅਤੇ ਇਹ ਸਭ ਆਬਕਾਰੀ ਟੈਕਸ ਤੋਂ ਬਚਣ ਅਤੇ ਤਸਕਰੀ ਕਰਨ ਲਈ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਿਰਫ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੁਆਰਾ ਹੀ ਇਸ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲ ਦੀ ਜਾਂਚ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੌਜੂਦਾ ਸਮੇਂ ਇਸ ਘੁਟਾਲੇ ਉੱਤੇ ਪਰਦਾ ਪਾਉਣ ਵਿਚ ਰੁੱਝੀ ਹੈ, ਜਿਸ ਕਰਕੇ ਮਾਮੂਲੀ ਮੋਹਰਿਆਂ ਖ਼ਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀ ਇਸ ਘੁਟਾਲੇ ਦੇ ਮੁੱਖ ਸਰਗਨੇ ਦੀ ਤੁਰੰਤ ਗਿਰਫ਼ਤਾਰੀ ਚਾਹੁੰਦੇ ਹਨ ਅਤੇ ਮੁੱਖ ਮੰਤਰੀ, ਜਿਹਨਾਂ ਕੋਲ ਆਬਕਾਰੀ ਮਹਿਕਮਾ ਵੀ ਹੈ, ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਅਧਿਆਪਕਾਂ ਨੂੰ ਜ਼ਿਲ੍ਹੇ ਅੰਦਰ ਸ਼ਰਾਬ ਦੀਆਂ ਫੈਕਟਰੀਆਂ ਉੱਤੇ ਨਜ਼ਰ ਰੱਖਣ ਲਈ ਦਿੱਤੇ ਹੁਕਮ ਅਤੇ ਇਸ ਖ਼ਿਲਾਫ ਲੋਕਾਂ ਅੰਦਰ ਉਮੜੇ ਗੁੱਸੇ ਬਾਰੇ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਪ੍ਰਸਾਸ਼ਨ ਨੂੰ ਆਬਕਾਰੀ ਵਿਭਾਗ ਉੱਤੇ ਬਿਲਕੁੱਲ ਵੀ ਭਰੋਸਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਇਸ ਅਪਰਾਧ ਨੂੰ ਵੀ ਕਬੂਲ ਕਰਨਾ ਹੈ ਕਿ ਸ਼ਰਾਬ ਦੀਆਂ ਫੈਕਟਰੀਆਂ ਵਿਚੋਂ ਵੱਡੇ ਪੱਧਰ Aੁੱਤੇ ਸ਼ਰਾਬ ਦੀ ਤਸਕਰੀ ਹੋ ਰਹੀ ਹੈ। ਅਕਾਲੀ ਆਗੂ ਨੇ ਸ਼ਰਾਬ ਦੀ ਫੈਕਟਰੀਆਂ ਦੀ ਨਿਗਰਾਨੀ ਦਾ ਕੰਮ ਇੱਕ ਪਵਿੱਤਰ ਪੇਸ਼ੇ ਨਾਲ ਜੁੜੇ ਅਧਿਆਪਕਾਂ ਤੋਂ ਕਰਵਾਉਣ ਲਈ ਸਰਕਾਰ ਦੀ ਨਿਖੇਧੀ ਕੀਤੀ ਅਤੇ ਇਸ ਕੁਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ। ਅਕਾਲੀ ਆਗੂ ਨੇ ਡਿਪਟੀ ਕਮਿਸ਼ਨਰਾਂ ਨੂੰ ਵੀ ਕਿਹਾ ਕਿ ਉਹ ਇਸ ਤਰ੍ਹਾਂ ਦੇ ਬੇਤੁਕੇ ਹੁਕਮ ਜਾਰੀ ਕਰਨ ਤੋਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਮੁਕਤਸਰ ਦੇ ਡਿਪਟੀ ਕਮਿਸ਼ਨਰ ਨੇ ਧਾਰਮਿਕ ਅਸਥਾਨਾਂ ਨੂੰ ਸ਼ਰਾਬ ਦੀ ਹੋਮ ਡਿਲੀਵਰੀ ਦਾ ਐਲਾਨ ਕਰਨ ਬਾਰੇ ਆਖਿਆ ਸੀ।
First published: May 21, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading