Corona Vaccine Dry Run: ਨਵਾਂਸ਼ਹਿਰ ਵਿਚ ਕੋਵਿਡ-19 ਟੀਕਾਕਰਨ ਲਈ ‘ਡਰਾਈ ਰਨ’ ਅਭਿਆਸ ਸਫਲ

News18 Punjabi | News18 Punjab
Updated: December 30, 2020, 3:45 PM IST
share image
Corona Vaccine Dry Run: ਨਵਾਂਸ਼ਹਿਰ ਵਿਚ ਕੋਵਿਡ-19 ਟੀਕਾਕਰਨ ਲਈ ‘ਡਰਾਈ ਰਨ’ ਅਭਿਆਸ ਸਫਲ
ਨਵਾਂਸ਼ਹਿਰ ਵਿਚ ਕੋਵਿਡ-19 ਟੀਕਾਕਰਨ ਲਈ ‘ਡਰਾਈ ਰਨ’ ਅਭਿਆਸ ਸਫਲ

  • Share this:
  • Facebook share img
  • Twitter share img
  • Linkedin share img
Shailesh Kumar

ਨਵਾਂਸ਼ਹਿਰ: ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਅੱਜ ਕੋਵਿਡ-19 ਵੈਕਸੀਨ ਲਈ ਦੋ ਦਿਨਾਂ ‘ਡਰਾਈ ਰਨ’ ਅਭਿਆਸ ਸਫਲਤਾਪੂਰਵਕ ਨੇਪਰੇ ਚਾੜਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੰਜ ਸੈਸ਼ਨ ਸਾਈਟਾਂ ਸਿਵਲ ਹਸਪਤਾਲ ਨਵਾਂਸ਼ਹਿਰ, ਸੀ.ਐਚ.ਸੀ. ਮੁਕੰਦਪੁਰ, ਮਿੰਨੀ ਪੀ.ਐਚ.ਸੀ. ਜਾਡਲਾ, ਸਬ ਸੈਂਟਰ ਉਸਮਾਨਪੁਰ ਅਤੇ ਆਈ.ਵੀ.ਵਾਈ ਹਸਪਤਾਲ, ਨਵਾਂਸ਼ਹਿਰ ਵਿਖੇ ਸਵੇਰੇ 9.00 ਵਜੇ ਡਰਾਈ ਰਨ ਅਭਿਆਸ ਸ਼ੁਰੂ ਹੋਇਆ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਟੀਕਾਕਰਨ ਲਈ ਤੈਅ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ‘ਡਮੀ ਟੀਕਾਕਰਨ’ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ।
ਡਰਾਈ ਰਨ ਅਭਿਆਸ ਦਾ ਮੁੱਖ ਉਦੇਸ਼ ਟੀਕਾਕਰਨ ਪ੍ਰਕਿਰਿਆ ਦੀ ਪਰਖ ਕਰਨਾ ਸੀ, ਜਿਸ ਵਿਚ ਯੋਜਨਾ ਤੇ ਤਿਆਰੀ, ਸੈਸ਼ਨ ਸਾਈਟਾਂ ਬਣਾਉਣੀਆਂ, ਕੋ-ਵਿਨ ਐਪ ਦੀ ਸਥਿਤੀ ਨੂੰ ਦੇਖਣਾ, ਸਾਈਟਾਂ ਦੀ ਮੈਪਿੰਗ, ਹੈਲਥ ਕੇਅਰ ਵਰਕਰ ਡਾਟਾ ਸਫਲਤਾਪੂਰਵਕ ਅਪਲੋਡ ਕਰਨਾ, ਵੈਕਸੀਨ ਲੈ ਕੇ ਜਾਣ, ਵੈਕਸੀਨ ਦੀ ਵੰਡ, ਸੈਸ਼ਨ ਪਲਾਨਿੰਗ, ਟੀਕਾਕਰਨ ਟੀਮਾਂ ਦੀ ਤਾਇਨਾਤੀ ਅਤੇ ਹੋਰ ਸਾਜੋ-ਸਮਾਨ ਸੈਸ਼ਨ ਸਾਈਟਾਂ ਤੱਕ ਪਹੁੰਚਾਉਣਾ ਆਦਿ ਸ਼ਾਮਲ ਸੀ।

ਡਾ. ਭਾਟੀਆ ਨੇ ਦੱਸਿਆ ਕਿ ਕੋਵਿਡ-19 ਦੇ ਲਾਭਪਾਤਰੀਆਂ ਨੂੰ ਇਕ ਦਿਨ ਪਹਿਲਾਂ ਹੀ ਕੋ-ਵਿਨ ਪੋਰਟਲ ਰਾਹੀਂ ਟੀਕਾਕਰਨ ਲਈ ਮੈਸੇਜ ਭੇਜ ਦਿੱਤੇ ਗਏ, ਜਿਨ੍ਹਾਂ ਨੇ ਅੱਜ ਆਪਣੇ ਨਿਰਧਾਰਿਤ ਸੈਸ਼ਨ ਸਥਾਨਾਂ ਉੱਤੇ ਪਹੁੰਚ ਕੇ ਟੀਕਾਕਰਨ ਦੇ ਅਭਿਆਸ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਹਰੇਕ ਸੈਸ਼ਨ ਸਾਈਟ ਉੱਤੇ ਵੇਟਿੰਗ ਰੂਮ, ਟੀਕਾਕਰਨ ਰੂਮ ਅਤੇ ਨਿਗਰਾਨੀ ਰੂਮ ਬਣਾਏ ਗਏ ਸਨ।  ਡਾ. ਭਾਟੀਆ ਨੇ ਅੱਗੇ ਦੱਸਿਆ ਕਿ ਇਸ ਮੋਕ ਡਰਿੱਲ ਵਿਚ ਹਰੇਕ ਸੈਸ਼ਨ ਸਾਈਟ ਉੱਤੇ ਪੰਜ-ਪੰਜ ਵੈਕਸੀਨੇਸ਼ਨ ਅਫਸਰ ਅਤੇ ਇਕ ਸੁਪਰਵਾਈਜਰ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਨੂੰ ਕੋਵਿਡ-19 ਟੀਕਾਕਰਨ ਦੀ ਪ੍ਰਕਿਰਿਆ ਸਬੰਧੀ ਅਲੱਗ-ਅਲੱਗ ਡਿਊਟੀਆਂ ਸੌਂਪੀਆਂ ਗਈਆਂ।

ਸਭ ਤੋਂ ਪਹਿਲਾਂ ਵੈਕਸੀਨੇਸ਼ਨ ਅਫਸਰ-1 ਵੱਲੋਂ ਕੋਵਿਡ-19 ਟੀਕੇ ਦੇ ਰਜਿਸਟਰਡ ਲਾਭਪਾਤਰੀਆਂ ਦੇ ਹੱਥ ਸੈਨੇਟਾਈਜ ਕਰਵਾਕੇ ਵੇਟਿੰਗ ਰੂਮ ਵਿਚ ਬਿਠਾਇਆ ਗਿਆ ਅਤੇ ਲਾਭਪਾਤਰੀ ਸੂਚੀ ਵਿਚ ਦਰਜ ਨਾਮ ਦੀ ਤਸਦੀਕ ਕੀਤੀ ਗਈ। ਇਸੇ ਦੌਰਾਨ ਵੈਕਸੀਨੇਸ਼ਨ ਅਫਸਰ-2 ਵੱਲੋਂ ਕੋ-ਵਿਨ ਪੋਰਟਲ ਉੱਤੇ ਲਾਭਪਾਤਰੀ ਦੀ ਰਜਿਸਟ੍ਰੇਸ਼ਨ ਚੈੱਕ ਕੀਤੀ ਗਈ ਅਤੇ ਇਸ ਤੋਂ ਬਾਅਦ ਉਸ ਨੂੰ ‘ਡਮੀ ਟੀਕਾਕਰਨ’ ਲਈ ਵੈਕਸੀਨੇਟਰ ਕੋਲ ਭੇਜਿਆ ਗਿਆ। ਕੋਵਿਡ-19 ਟੀਕਾਕਰਨ ਉਪਰੰਤ ਲਾਭਪਾਤਰੀ ਨੂੰ ਦੂਜਾ ਟੀਕਾ ਲਗਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ।

ਦੂਜੇ ਟੀਕੇ ਲਈ ਵੀ ਲਾਭਪਾਤਰੀਆਂ ਨੂੰ ਮੈਸੇਜ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ਉੱਤੇ ਹੀ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਦੇ ਟੀਕਾ ਲਾਉਣ ਉਪਰੰਤ ਉਸ ਨੂੰ ਅੱਧੇ ਘੰਟੇ ਲਈ ਵੈਕਸੀਨੇਸ਼ਨ ਅਫਸਰ-4 ਅਤੇ ਵੈਕਸੀਨੇਸ਼ਨ ਅਫਸਰ-5 ਦੀ ਨਿਗਰਾਨੀ ਵਿਚ ਰੱਖਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਡਰਾਈ ਰਨ ਅਭਿਆਸ ਦਾ ਮੁੱਖ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਟੀਕਾਕਰਨ ਵਿਚ ਨਿਰਧਾਰਿਤ ਮਾਪਦੰਡਾਂ ਦੀ ਜਾਂਚ ਕਰਨਾ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਅੰਦਰੂਨੀ ਘਾਟਾਂ ਦਾ ਸਮਾਂ ਰਹਿੰਦਿਆ ਪਤਾ  ਲਗਾ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ।

ਡਾ. ਢਾਂਡਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਸਥਾਨਾਂ ਉੱਤੇ ਡਰਾਈ ਰਨ ਅਭਿਆਸ ਪੂਰੀ ਤਰ੍ਹਾਂ ਨਾਲ ਸਫਲ ਰਹੇ। ਉਨ੍ਹਾਂ ਦੱਸਿਆ ਕਿ ਹਰ ਸੈਸ਼ਨ ਸਾਈਟ ਉੱਤੇ 25-25 ਲਾਭਪਾਤਰੀਆਂ ਨੂੰ ‘ਡਮੀ ਟੀਕੇ’ ਲਾਉਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਗਿਆ। ਇਸ ਦੌਰਾਨ ਸਾਰੇ ਕੋਵਿਡ-19 ਟੀਕਾਕਰਨ ਦੀ ਪ੍ਰਕਿਰਿਆ ਨਾਲ ਸਬੰਧਤ ਸਾਰੇ ਮਾਪਦੰਡਾਂ ਨੂੰ ਬਾਰੀਕੀ ਨਾਲ ਜਾਂਚਿਆ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ-19 ਟੀਕਾਕਰਨ ਦੀ ਪ੍ਰਕਿਰਿਆ ਵਿਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਇਆ। ਉਨ੍ਹਾਂ ਦੱਸਿਆ ਕਿ ਇਹ ਇਕ ਅਭਿਆਸ ਸੀ ਜੋ ਦੋ ਦਿਨ ਤੱਕ ਚੱਲਦਾ ਰਿਹਾ।

ਉਨ੍ਹਾਂ ਦੱਸਿਆ ਕਿ ਜਦੋਂ ਕੋਵਿਡ-19 ਦਾ ਟੀਕਾਕਰਨ ਸ਼ੁਰੂ ਹੋਵੇਗਾ, ਤਾਂ ਇਹ ਅਭਿਆਸ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਸਿਹਤ ਵਿਭਾਗ ਕੋਵਿਡ-19 ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਵਿੱਖ ਵਿਚ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ  ਸਕੇਗਾ।
Published by: Gurwinder Singh
First published: December 29, 2020, 5:51 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading