Home /News /coronavirus-latest-news /

ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੀ ਕੋਰੋਨਾ ਨਾਲ ਮੌਤ

ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੀ ਕੋਰੋਨਾ ਨਾਲ ਮੌਤ

  • Share this:

ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਸਨ। ਉਹ 85 ਸਾਲਾਂ ਦੇ ਸਨ। ਅੱਜ ਸ਼ਾਮ 4 ਵਜੇ ਉਨ੍ਹਾਂ ਨੇ ਆਖਰੀ ਸਾਲ ਲਿਆ।

ਕੋਰੋਨਾ ਪਾਜੀਟਿਵ ਆਉਣ ਪਿੱਛੋਂ ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਨਿਰਮਲ ਮਿਲਖਾ ਸਿੰਘ ਚੰਡੀਗੜ੍ਹ ਵਿਖੇ ਫਾਰਮਰ ਡਾਇਰੈਕਟਰ ਆਫ ਸਪੋਰਟਸ ਸਨ ਅਤੇ ਇੰਡੀਅਨ ਵੁਮੈਨ ਨੈਸ਼ਨਲ ਵਾਲੀਬਾਲ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ।

ਦੱਸ ਦਈਏ ਕਿ ਉਨ੍ਹਾਂ ਦੇ ਪਤੀ ਮਿਲਖਾ ਸਿੰਘ ਵੀ ਕੋਰੋਨਾ ਦੀ ਲਪੇਟ ਵਿਚ ਆਉਣ ਕਾਰਨ ਚੰਡੀਗੜ੍ਹ ਪੀਜੀਆਈ ਵਿੱਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਮਿਲਖਾ ਸਿੰਘ ਆਪਣੀ ਪਤਨੀ ਦੇ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਉਹ ਖੁਦ ਹਸਪਤਾਲ ਵਿਖੇ ਜੇਰੇ ਇਲਾਜ ਹਨ।

ਮਿਲਖਾ ਸਿੰਘ ਦੇ ਨਾਲ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਵੀ ਕੋਵਿਡ ਟੈਸਟ ਕਰਵਾਇਆ ਗਿਆ ਸੀ। ਜਿਸ ਵਿਚ ਉਨ੍ਹਾਂ ਦੇ ਦੋ ਨੌਕਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਏਸ਼ੀਅਨ ਖੇਡਾਂ ਵਿਚ 4 ਗੋਲਡ ਮੈਡਲ, ਕਾਮਨਵੈਲਥ ਗੇਮਸ ‘ਚ ਗੋਲਡ ਮੈਡਲ ਜਿੱਤਣ ਵਾਲੇ ਮਿਲਖਾ ਸਿੰਘ ਦੀ ਦੁਨੀਆ ਦੀਵਾਨੀ ਹੈ।

ਫਲਾਇੰਗ ਸਿੱਖ’ ਦੇ ਨਾਮ ਨਾਲ ਮਸ਼ੂਹਰ ਇਸ ਦਿੱਗਜ਼ ਨੂੰ ਭਾਰਤੀ ਹੀ ਨਹੀਂ ਬਲਕਿ ਗੁਆਂਢੀ ਪਾਕਸਿਤਾਨ ਸਮੇਤ ਦੁਨੀਆਂ ਦੇ ਹਰ ਕੋਨੇ ਤੋਂ ਪਿਆਰ ਮਿਲਿਆ। ਮਿਲਖਾ ਸਿੰਘ ਦੀ ਸਿਹਤ ਵਿਚ ਕੁਝ ਸੁਧਾਰ ਦੱਸਿਆ ਜਾ ਰਿਹਾ ਹੈ। ਪਰ ਪਤਾ ਲੱਗਾ ਹੈ ਕਿ ਉਹ ਪਤਨੀ ਦੇ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ।


ਮੁੱਖ ਮੰਤਰੀ ਵੱਲੋਂ ਨਿਰਮਲ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਅਤੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਅੱਜ ਸ਼ਾਮ ਕੋਰੋਨਾ ਮਹਾਂਮਾਰੀ ਨਾਲ ਜੂਝਣ ਉਪਰੰਤ ਚੱਲ ਵੱਸੇ। ਉਹ ਆਪਣੇ ਪਿੱਛੇ ਪਤੀ, ਇਕ ਬੇਟਾ ਤੇ ਤਿੰਨ ਬੇਟੀਆਂ ਛੱਡ ਗਏ।ਉਨ੍ਹਾਂ ਦਾ ਬੇਟਾ ਜੀਵ ਮਿਲ਼ਖਾ ਸਿੰਘ ਚੋਟੀ ਦਾ ਗੌਲਫਰ ਹੈ।

ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਿਰਮਲ ਮਿਲਖਾ ਸਿੰਘ ਦੇ ਤੁਰ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਪੰਜਾਬ ਵਿੱਚ ਔਰਤਾਂ ਲਈ ਖੇਡ ਵਿਭਾਗ ਦੇ ਡਾਇਰੈਕਟਰ ਵੀ ਰਹੇ ਹਨ।

ਦੁਖੀ ਪਰਿਵਾਰ, ਸਾਕ-ਸਨੇਹੀਆਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਇਸ ਦੁੱਖ ਦੀ ਘੜੀ ਵਿਚ ਪਿੱਛੇ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੂੰ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਡਣੇ ਸਿੱਖ ਮਿਲਖਾ ਸਿੰਘ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਾਲੀਬਾਲ ਦੀ ਖਿਡਾਰੀ ਰਹੀ ਨਿਰਮਲਾ ਮਿਲਖਾ ਸਿੰਘ ਕੋਰੋਨਾ ਪੀੜਤ ਹੋਣ ਤੋਂ ਬਾਅਦ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦਾਖਲ ਸੀ, ਜਿਥੇ ਅੱਜ ਸ਼ਾਮ ਉਨ੍ਹਾਂ ਦੀ ਮੌਤ ਹੋ ਗਈ। ਮਿਲਖਾ ਸਿੰਘ ਵੀ ਕੋਰੋਨਾ ਤੋਂ ਪੀੜਤ ਪਾਏ ਜਾਣ 'ਤੇ ਪੀ.ਜੀ.ਆਈ. ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹਨ।

ਆਪਣੇ ਸੋਗ ਸੰਦੇਸ਼ ਵਿੱਚ ਖੇਡ ਮੰਤਰੀ ਨੇ ਕਿਹਾ ਕਿ ਨਿਰਮਲਾ ਮਿਲਖਾ ਸਿੰਘ ਦੀ ਮੌਤ ਦੀ ਮੰਦਭਾਗੀ ਖਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ।

ਦੁਖੀ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਰਾਣਾ ਸੋਢੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿਚ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਲਈ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੂੰ ਬਲ ਅਤੇ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

Published by:Anuradha Shukla
First published:

Tags: Corona, Death, Milkha singh, Wife