ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਇਕ ਹੋਰ ਗੁਗਲੀ ਸੁੱਟਦਿਆਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਤਜਵੀਜ਼ ਭਾਰਤ ਨੂੰ ਦਿੱਤੀ। ਕਰੋਨਾ ਵਾਇਰਸ ਨੂੰ ਰੋਕਣ ਲਈ ਮਾਰਚ 16 ਨੂੰ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਪਰ ਅੱਜ ਇਕ ਵਾਰੀ ਫਿਰ ਭਾਰਤ ਨਾਲ ਸਲਾਹ ਕੀਤੇ ਬਿਨਾਂ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਆਪਣੇ ਤੌਰ ਉਤੇ ਇੱਕ ਪਾਸੜ ਬਿਆਨ ਦਿੰਦਿਆਂ ਕਿਹਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ 'ਤੇ 29 ਜੂਨ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ, 2019 ਨੂੰ ਕੀਤਾ ਗਿਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਹੱਦ ਉਤੇ ਆ ਕੇ ਭਾਰਤ ਵਾਲੇ ਪਾਸੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਾਬਾ ਗੁਰੂ ਨਾਨਕ ਜੀ ਦੇ 550 ਜਨਮ ਦਿਹਾੜੇ ਦੇ ਮੌਕੇ ਤੇ ਲਾਂਘਾ ਖੋਲ੍ਹਣ ਲਈ ਪਹੁੰਚੇ ਸਨ।
ਭਾਰਤ -ਪਾਕਿਸਤਾਨ ਦੇ ਇਸ ਫੈਸਲੇ ਦਾ ਸਿੱਖ ਸ਼ਰਧਾਲੂਆਂ ਨੇ ਸਵਾਗਤ ਕੀਤਾ ਸੀ। ਕਰਤਾਰਪੁਰ ਲਾਂਘਾ ਖੋਲ੍ਹਣ ਦੇ ਇਸ ਮਹੱਤਵਪੂਰਨ ਪਹਿਲਕਦਮੀ ਤੇ ਭਾਰਤ ਸਮੇਤ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਗਈ ਸੀ। ਪਰ COVID-19 ਮਹਾਂਮਾਰੀ ਦੇ ਚਲਦਿਆਂ ਕੋਰੀਡੋਰ 16 ਮਾਰਚ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਪਾਕਿਸਤਾਨ ਨੇ ਅੱਜ ਅਚਾਨਕ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਲਈ ਲੋੜੀਂਦੇ ਪ੍ਰਬੰਧ ਕਰ ਲਏ ਹਨ, ਪਰ ਇਹ ਇੱਕ ਤਰਫਾ ਬਿਆਨ ਹੈ।ਅਜਿਹੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੁਰੈਸ਼ੀ ਦੇ ਕਹਿਣ ਉਤੇ ਕਿ ਪਾਕਿਸਤਾਨ COVID ਮੁਕਤ ਮੁਲਕ ਬਣ ਚੁੱਕਾ ਹੈ? ਜਦੋਂ ਕਿ ਪਾਕਿਸਤਾਨ ਦੇ ਅੰਦਰ 2 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ।
ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਸਿਹਤ ਸੇਵਾਵਾਂ ਦਾ ਕੀ ਹਾਲ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ ਹੈ। ਪਾਕਿਸਤਾਨ ਵਿਚ ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੈ ਅਜਿਹੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਅਜਿਹੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਵੀ ਹੈ ਕਿ ਦੋ ਮੁਲਕਾਂ ਦਰਮਿਆਨ ਗੱਲਬਾਤ ਰਾਹੀਂ ਹੀ ਸ਼ੁਰੂ ਹੋ ਸਕਦੀ ਹੈ। ਇਸ ਬਾਰੇ ਘੱਟੋ ਘੱਟ 7 ਦਿਨ ਪਹਿਲਾਂ ਭਾਰਤ ਦੁਆਰਾ ਪਾਕਿਸਤਾਨ ਨਾਲ ਲਿਸਟ ਸਾਂਝੀ ਕੀਤੀ ਜਾਂਦੀ, ਜਿਸਦਾ ਜਵਾਬ ਪਾਕਿਸਤਾਨ ਦਿੰਦਾ ਹੈ। ਉਨ੍ਹਾਂ ਲੋਕਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਜਿਹੜੇ ਕਰਤਾਰਪੁਰ ਕੋਰੀਡੋਰ ਲਈ ਸਫ਼ਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਘੱਟੋ ਘੱਟ 10 ਦਿਨ ਦਾ ਸਮਾਂ ਚਾਹੀਦਾ ਹੁੰਦਾ ਹੈ।
ਇੱਥੇ ਵੀ ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ 250 ਦੇ ਕਰੀਬ ਸ਼ਰਧਾਲੂਆਂ ਦਾ ਸਿੱਖ ਜੱਥਾ ਲਾਹੌਰ ਇਨ੍ਹਾਂ ਦਿਨਾਂ ਵਿੱਚ ਜਾਂਦਾ ਹੈ। ਜਿੱਥੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਲਾਹੌਰ ਵਿੱਚ ਇੱਕ ਸਥਾਨ ਬਣਿਆ ਹੋਇਆ ਹੈ ਜਿੱਥੇ ਅੱਜ ਸ੍ਰੀ ਅਖੰਡ ਪਾਠ ਸ਼ੁਰੂ ਹੋ ਚੁੱਕਿਆ ਹੈ। ਅਖੰਡ ਪਾਠ ਦੇ ਭੋਗ 29 ਜੂਨ ਨੂੰ ਸਵੇਰੇ ਪੈਣਗੇ। ਕੋਵਿਡ ਮਹਾਮਾਰੀ ਕਰਕੇ ਪਹਿਲਾਂ ਤੋਂ ਹੀ ਬਾਰਡਰ ਸੀਲ ਹੈ ਅਤੇ ਪਾਕਿਸਤਾਨ ਨੇ ਐਤਕੀਂ ਵੀਜ਼ਿਆਂ ਵਾਸਤੇ ਪਾਸਪੋਰਟ ਦੀ ਮੰਗ ਵੀ ਨਹੀਂ ਕੀਤੀ।
ਇਕ ਬੜੀ ਦਿਲਚਸਪ ਗੱਲ ਹੈ ਕਿ ਕਰਤਾਰਪੁਰ ਸਾਹਿਬ ਤੋਂ 100 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਸਥਾਨ ਹੈ ਪਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਸ ਤਰੀਕੇ ਉਸ ਸਥਾਨ ਨੂੰ ਕਰਤਾਰਪੁਰ ਸਾਹਿਬ ਨਾਲ ਜੋੜ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19, Gurdwara Kartarpur Sahib, Kartarpur Corridor, Kartarpur Langha