ਕੋਵਿਡ ਟੈਸਟਾਂ ਕਰਵਾਉਣ ਲਈ ਉਤਸ਼ਾਹਤ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਗਰੀਬਾਂ ਪਰਿਵਾਰਾਂ ਨੂੰ ਘਰੇਲੂ ਏਕਾਂਤਵਾਸ ਦੌਰਾਨ ਮੁਫਤ ਖਾਣੇ ਦੇ ਪੈਕੇਟ ਦੇਣ ਦਾ ਐਲਾਨ ਕੀਤਾ ਜਿਹੜੇ ਆਪਣੀ ਰੋਜ਼ਾਨਾ ਦੀ ਦਿਹਾੜੀ ਖੁੰਝ ਜਾਣ ਦੇ ਡਰੋਂ ਟੈਸਟ ਕਰਵਾਉਣ ਤੋਂ ਟਾਲਾ ਵੱਟ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੁਫਤ ਖਾਣੇ ਦੇ ਪੈਕੇਟਾਂ ਦੀ ਵੰਡ ਗਰੀਬਾਂ ਪਰਿਵਾਰਾਂ ਨੂੰ ਜਲਦੀ ਟੈਸਟ ਕਰਵਾਉਣ ਲਈ ਉਤਸ਼ਾਹਤ ਕਰੇਗੀ ਜਿਹੜੀ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਹੀ ਪੰਜਾਬ ਵਿੱਚ ਵਧਦੀ ਮੌਤ ਦਰ 'ਤੇ ਵੀ ਰੋਕ ਲੱਗੇਗੀ।ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ ਜਿਹੜਾ ਕਿ ਝੂਠੇ ਪ੍ਰਚਾਰ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿਆਂ ਵਿੱਚੋਂ ਇਕ ਹੈ। ਉਨ੍ਹਾਂ ਬਾਕੀ ਜ਼ਿਲਿਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਘਰੇਲੂ ਏਕਾਂਤਵਾਸ ਉਤੇ ਗਏ ਗਰੀਬ ਕੋਵਿਡ ਮਰੀਜ਼ਾਂ ਨੂੰ ਇਸੇ ਤਰ੍ਹਾਂ ਮੁਫਤ ਖਾਣੇ ਦੇ ਪੈਕੇਟ ਵੰਡਣ ਦਾ ਪ੍ਰਬੰਧ ਕਰਨ ਤਾਂ ਜੋ ਉਨ੍ਹਾਂ ਨੂੰ ਜਲਦੀ ਟੈਸਟ ਲਈ ਉਤਸ਼ਾਹਤ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਏਕਾਂਤਵਾਸ ਦੌਰਾਨ ਆਪਣੀ ਰੋਜ਼ੀ ਰੋਟੀ ਖੁੱਸਣ ਦਾ ਡਰ ਨਾ ਸਤਾਵੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਸੁਝਾਅ ਸਵਿਕਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲਾ ਕਾਂਗਰਸ ਕਮੇਟੀਆਂ ਤੇ ਸਥਾਨਕ ਵਿਧਾਇਕ ਇਹ ਪੈਕੇਟ ਵੰਡਣ ਵਿੱਚ ਜ਼ਿਲਾ ਪ੍ਰਸ਼ਾਸਨ ਦੀ ਮੱਦਦ ਕਰਨਗੇ। ਮੁੱਖ ਮੰਤਰੀ ਨੇ ਇਹ ਗੱਲ ਮੰਤਰੀਆਂ ਤੇ ਵਿਧਾਇਕਾਂ ਸਣੇ ਚੁਣੇ ਹੋਏ ਨੁਮਾਇੰਦਿਆਂ ਤੇ ਸੀਨੀਅਰ ਅਫਸਰਾਂ ਨਾਲ ਵਰਚੁਅਲ (ਵੀਡਿਓ ਕਾਨਫਰੰਸ) ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਪਿੰਡਾਂ ਵਿੱਚ ਕੋਵਿਡ ਬਾਰੇ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਨੂੰ ਨੱਥ ਪਾਉਣ ਲਈ ਯੋਜਨਾ ਬਣਾਉਣ ਵਾਸਤੇ ਇਹ ਆਪਣੀ ਕਿਸਮ ਦੀ ਪਹਿਲੀ ਮੀਟਿੰਗ ਸੀ। ਇਹ ਮਹਿਸੂਸ ਕਰਦਿਆਂ ਕਿ ਲੋਕ ਹਸਪਤਾਲਾਂ ਵਿੱਚ ਭਰਤੀ ਹੋਣ ਤੋਂ ਡਰਦੇ ਹਨ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਡਰ ਦਾ ਮੁਕਾਬਲਾ ਕਰਨ ਲਈ ਘਰੇਲੂ ਏਕਾਂਤਵਾਸ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਇਹ ਵੀ ਫੈਸਲਾ ਕੀਤਾ ਹੈ ਕਿ ਵਿਤਕਰੇਬਾਜ਼ੀ ਤੋਂ ਬਚਾਉਣ ਲਈ ਕੋਵਿਡ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਵੀ ਉਤਾਰਨ ਦਾ ਫੈਸਲਾ ਕੀਤਾ ਹੈ।ਮੁੱਖ ਮੰਤਰੀ ਨੇ ਮੰਤਰੀਆਂ ਨੂੰ ਆਪਣੇ ਸਬੰਧਤ ਜ਼ਿਲਿਆਂ ਦੇ ਹਸਪਤਾਲਾਂ ਦਾ ਦੌਰਾ ਕਰਨ ਲਈ ਕਿਹਾ ਅਤੇ ਇਹ ਵੀ ਅਪੀਲ ਕੀਤੀ ਕਿ ਉਹ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਮਹਾਂਮਾਰੀ ਨਾਲ ਲੜਨ ਲਈ ਵਧੇਰੇ ਸਰਗਰਮੀ ਨਾਲ ਯਤਨਸ਼ੀਲ ਹੋਣ ਲਈ ਉਤਸ਼ਾਹਤ ਕਰਨ।
ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਜਲਦੀ ਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਹਸਪਤਾਲ ਦਾ ਦੌਰਾ ਕਰਨ ਲਈ ਜਾਣਗੇ। ਉਨ੍ਹਾਂ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀਆਂ ਦਾ ਕੋਵਿਡ ਵਿਰੁੱਧ ਲੜਾਈ ਵਿੱਚ ਉਨ੍ਹਾਂ ਦੇ ਸਬੰਧਤ ਵਿਭਾਗਾਂ ਵੱਲੋਂ ਕੀਤੇ ਸ਼ਾਨਦਾਰ ਕੰਮ ਲਈ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਮੰਤਰੀਆਂ ਨੂੰ ਆਪੋ-ਆਪਣੇ ਵਿਭਾਗਾਂ ਦੀਆਂ ਟੀਮਾਂ ਅਤੇ ਸਟਾਫ ਮੈਂਬਰਾਂ ਨੂੰ ਉਨ੍ਹਾਂ (ਮੁੱਖ ਮੰਤਰੀ) ਦੀਆਂ ਸ਼ੁਭ ਇੱਛਾਵਾਂ ਭੇਜਣ ਲਈ ਕਿਹਾ।ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਨਹੀਂ ਜਾਣਦਾ ਕਿ ਮਹਾਂਮਾਰੀ ਕਦੋਂ ਖਤਮ ਹੋਵਗੀ ਅਤੇ ਕੋਵਿਡ ਵਿਰੁੱਧ ਮੁਸ਼ਕਲ ਤੇ ਲੰਬੀ ਲੜਾਈ ਲੜਨ ਲਈ ਤਿਆਰ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਵਿੱਤੀ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਵੱਲੋਂ ਰਾਜ ਵਿਚ ਕੋਵਿਡ ਮਹਾਂਮਾਰੀ ਨਾਲ ਲੜਨ ਲਈ ਸਾਰੇ ਲੋੜੀਂਦੇ ਫੰਡ ਉਪਲੱਬਧ ਕਰਵਾਏ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।