ਮੁੱਖ ਮੰਤਰੀ ਵੱਲੋਂ ਹਰੇਕ ਜ਼ਿਲ੍ਹੇ 'ਚ 514 ਰੁਪਏ 'ਚ ਆਕਸੀਮੀਟਰ ਮੁਹੱਈਆ ਕਰਵਾਉਣ ਦਾ ਐਲਾਨ

News18 Punjabi | News18 Punjab
Updated: September 12, 2020, 11:33 AM IST
share image
ਮੁੱਖ ਮੰਤਰੀ ਵੱਲੋਂ ਹਰੇਕ ਜ਼ਿਲ੍ਹੇ 'ਚ 514 ਰੁਪਏ 'ਚ ਆਕਸੀਮੀਟਰ ਮੁਹੱਈਆ ਕਰਵਾਉਣ ਦਾ ਐਲਾਨ
ਮੁੱਖ ਮੰਤਰੀ ਵੱਲੋਂ ਹਰੇਕ ਜ਼ਿਲ੍ਹੇ 'ਚ 514 ਰੁਪਏ 'ਚ ਆਕਸੀਮੀਟਰ ਮੁਹੱਈਆ ਕਰਵਾਉਣ ਦਾ ਐਲਾਨ

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਹਰੇਕ ਜ਼ਿਲ੍ਹੇ ਵਿੱਚ ਪ੍ਰਵਾਨਿਤ ਵਿਕਰੇਤਾਵਾਂ ਰਾਹੀਂ 514 ਰੁਪਏ ਦੀ ਵਾਜਬ ਕੀਮਤ 'ਤੇ ਆਕਸੀਮੀਟਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।

ਆਪਣੇ ਫੇਸਬੁੱਕ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੀ 17ਵੀਂ ਲੜੀ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ ਇਕ ਹਫ਼ਤੇ ਵਿੱਚ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਿਹਤ ਕਾਮਿਆਂ ਲਈ ਇਹ ਆਕਸੀਮੀਟਿਰ 514 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਰਿਹਾ ਹੈ ਅਤੇ ਇਨ੍ਹਾਂ ਆਕਸੀਮੀਟਰਾਂ ਨੂੰ ਹੁਣ 'ਕੋਈ ਲਾਭ ਨਹੀਂ, ਕੋਈ ਘਾਟਾ ਨਹੀਂ' ਦੇ ਆਧਾਰ 'ਤੇ ਆਮ ਲੋਕਾਂ ਲਈ ਵੀ ਅਧਿਕਾਰਤ ਵਿਕਰੇਤਾਵਾਂ ਰਾਹੀਂ ਮੁਹੱਈਆ ਕਰਵਾ ਦਿੱਤਾ ਜਾਵੇਗਾ।

ਰਾਏਕੋਟ ਦੇ ਇਕ ਵਸਨੀਕ ਨੇ ਸੁਝਾਅ ਦਿੱਤਾ ਸੀ ਕਿ ਸਰਕਾਰ ਵੱਲੋਂ ਹਰੇਕ ਘਰ ਵਿੱਚ ਸਸਤੀ ਕੀਮਤ 'ਤੇ ਆਕਸੀਮੀਟਿਰ ਅਤੇ ਥਰਮੋਮੀਟਰ ਦਿੱਤੇ ਜਾਣੇ ਚਾਹੀਦੇ ਹਨ ਜਿਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ 50,000 ਕੋਵਿਡ ਕੇਅਰ ਕਿੱਟਾਂ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਵਿੱਚ ਆਕਸੀਮੀਟਰ ਅਤੇ ਥਰਮੋਮੀਟਰ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਵੀ ਸ਼ਾਮਲ ਹਨ।
ਗੁਰਦਾਸਪੁਰ ਦੇ ਇਕ ਵਸਨੀਕ ਦੇ ਡਰ ਨੂੰ ਦੂਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹ ਕਰੋਨਾ ਪਾਜ਼ੇਟਿਵ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਨਹੀਂ ਰੱਖਿਆ ਜਾਵੇਗਾ ਪਰ ਘਰੇਲੂ ਏਕਾਂਤਵਾਸ ਵਿੱਚ ਰਹਿਣ ਅਤੇ ਆਪਣੀ ਸਿਹਤ 'ਤੇ ਨਿਰੰਤਰ ਨਜ਼ਰ ਰੱਖਦਿਆਂ ਦੇਖ-ਭਾਲ ਕਰਨ ਲਈ ਕਿਹਾ ਜਾਵੇਗਾ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਘਰੇਲੂ ਏਕਾਂਤਵਾਸ ਲਈ ਲੋੜ ਪੈਣ 'ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਘਰੇਲੂ ਏਕਾਂਤਵਾਸ ਦੀ ਨਿਗਰਾਨੀ ਕਰਨ ਵਾਲੀਆਂ ਟੀਮਾਂ ਪਾਜ਼ੇਟਿਵ ਮਰੀਜ਼ਾਂ ਦੇ ਘਰ 10 ਦਿਨਾਂ ਵਿੱਚ ਤਿੰਨ ਵਾਰ ਦੌਰਾ ਕਰਕੇ ਸਿਹਤ ਬਾਰੇ ਜਾਂਚ ਕਰਦੀਆਂ ਹਨ ਅਤੇ ਮਰੀਜ਼ ਦੀ ਦੇਖਭਾਲ ਕਰਨ ਵਾਲੇ ਨੂੰ ਲੋੜੀਂਦੀ ਸਲਾਹ ਵੀ ਦਿੰਦੀਆਂ ਹਨ। ਇਨ੍ਹਾਂ ਟੀਮਾਂ ਵੱਲੋਂ ਸਲਾਹ ਮੁਤਾਬਕ ਥਰਮੋਮੀਟਰ, ਪਲਸ ਆਕਸੀਮੀਟਰ, ਵਿਟਾਮਿਨ-ਸੀ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਉਪਲਬਧਤਾ ਵੀ ਪੁੱਛੀ ਜਾਂਦੀ ਹੈ। ਟੀਮ ਵੱਲੋਂ ਮਰੀਜ਼ ਦੇ ਦੇਖਭਾਲ ਕਰਨ ਵਾਲੇ ਨੂੰ ਫੋਨ ਕਰਕੇ ਵੀ ਪੁੱਛਿਆ ਜਾਂਦਾ ਹੈ।

ਸੂਬੇ ਵਿੱਚ ਮੌਤ ਦੀ ਵਧਦੀ ਦਰ, ਜਿਸ ਦਾ ਕਾਰਨ ਹਸਪਤਾਲਾਂ ਵਿਚ ਇਲਾਜ ਲਈ ਦੇਰੀ ਨਾਲ ਪਹੁੰਚਣਾ ਹੈ, ਵੱਲ ਇਸ਼ਾਰਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਕੇ ਇਸ ਬਿਮਾਰੀ ਦਾ ਮੂੰਹ ਮੋੜਨ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਦੀ ਮਦਦ ਕੀਤੀ ਜਾਵੇ ਅਤੇ ਸਮੇਂ ਸਿਰ ਆਪਣੀ ਜਾਂਚ ਅਤੇ ਹਸਪਤਾਲਾਂ ਵਿੱਚ ਭਰਤੀ ਹੋਇਆ ਜਾਵੇ ਕਿਉਂ ਜੋ ਜ਼ਿਆਦਾਤਰ ਮੌਤਾਂ ਲੈਵਲ-3 ਪੱਧਰ ਉੱਤੇ ਹੋ ਰਹੀਆਂ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਹਸਪਤਾਲਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਦੀ ਸਰਕਾਰ ਦੁਆਰਾ ਸਹੂਲਤਾਂ ਵਿਚ ਵਾਧਾ ਕਰਨ ਉੱਤੇ ਕਾਫੀ ਰਕਮ ਖਰਚ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਆਪਣੇ ਮੰਤਰੀਆਂ ਨੂੰ ਉਨ੍ਹਾਂ ਦੀ ਨਿਗਰਾਨੀ ਹੇਠਲੇ ਜ਼ਿਲਿਆਂ ਵਿਚ ਸਥਿਤੀ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈਣ ਹਿੱਤ ਦੌਰੇ ਕਰਨ ਲਈ ਵੀ ਕਿਹਾ ਗਿਆ ਹੈ।

ਮਾਈਕ ਰਾਹੀਂ ਬੋਲਦੇ ਸਮੇਂ ਸਮਾਗਮਾਂ ਅਤੇ ਇਕੱਠਾਂ ਦੌਰਾਨ ਕੀ ਮਾਸਕ ਹਟਾਏ ਜਾ ਸਕਦੇ ਹਨ, ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੇ ਸਮਾਜਿਕ ਇਕੱਠ ਵਿਚ ਉੱਕਾ ਹੀ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ ਗਈ ਹੈ ਪਰ ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਹਰ ਸਮੇਂ ਸਮੂਹ ਪ੍ਰੋਟੋਕਾਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਮੁੱਚੇ ਤੌਰ 'ਤੇ ਦੇਖਿਆ ਜਾਵੇ ਤਾਂ ਦੇਸ਼ ਅਤੇ ਵਿਸ਼ਵ ਵਿੱਚ ਸਥਿਤੀ ਚੰਗੀ ਨਹੀਂ ਹੈ ਅਤੇ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਹੈ ਪਰ ਹਰੇਕ ਪੰਜਾਬੀ ਦੀ ਜ਼ਿੰਦਗੀ ਉਨ੍ਹਾਂ ਲਈ ਬੇਹੱਦ ਮਹੱਤਵਪੂਰਨ ਹੈ।

ਖਡੂਰ ਸਾਹਿਬ ਦੇ ਇੱਕ ਵਸਨੀਕ ਵੱਲੋਂ ਦਿੱਤੇ ਗਏ ਸੁਝਾਅ ਕਿ ਪੰਜਾਬ ਸਰਕਾਰ ਵੱਲੋਂ ਆਂਧਰਾ ਪ੍ਰਦੇਸ਼ ਦੀ ਤਰਜ਼ 'ਤੇ ਪਲਾਜ਼ਮਾ ਦਾਨ ਕਰਨ ਵਾਲਿਆਂ ਨੂੰ ਵਿੱਤੀ ਲਾਭ ਦੇਣਾ ਚਾਹੀਦਾ ਹੈ, ਬਾਰੇ ਮੁੱਖ ਮੰਤਰੀ ਨੇ ਕਿਹਾ ਕਿ, ''ਅਸੀਂ ਪੰਜਾਬੀ ਬਹੁਤ ਹੀ ਖੁੱਲ੍ਹੇ ਦਿਲ ਵਾਲੇ ਹਾਂ ਅਤੇ ਕੋਈ ਪੰਜਾਬੀ ਪਲਾਜ਼ਮਾ ਅਤੇ ਖੂਨਦਾਨ ਕਰਨ ਦੇ ਇਵਜ਼ਾਨੇ ਵਜੋਂ ਪੈਸੇ ਕਿਉਂ ਲਵੇਗਾ, ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਨਹੀਂ ਹੈ।''

ਐਨ.ਐਚ.ਐਮ. ਵਰਕਰ, ਜੋ ਕਿ ਬੀਤੇ 10 ਸਾਲਾਂ ਤੋਂ ਨਿਗੂਣੀ ਜਿਹੀ ਤਨਖਾਹ 'ਤੇ ਗੁਜ਼ਾਰਾ ਕਰ ਰਹੇ ਹਨ, ਬਾਵਜੂਦ ਇਸ ਦੇ ਕਿ ਉਹ ਕੋਵਿਡ ਦੀ ਜੰਗ ਵਿਚ ਮੋਹਰੀ ਯੋਧੇ ਹਨ, ਕੀਤੀ ਇੱਕ ਬੇਨਤੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਸੂਬੇ ਵਿਚ ਠੇਕੇ ਉੱਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਸਲੇ ਉੱਤੇ ਵਿਚਾਰ ਕਰਨ ਲਈ ਇੱਕ ਕੈਬਨਿਟ ਸਬ ਕਮੇਟੀ ਗਠਿਤ ਕੀਤੀ ਹੋਈ ਹੈ।

ਫਰੀਦਕੋਟ ਦੇ ਇੱਕ ਨਿਵਾਸੀ ਨੂੰ ਅਜਿਹਾ ਹੀ ਯਕੀਨ ਦਿਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਹਤ ਵਰਕਰਾਂ ਖਾਸ ਕਰਕੇ ਜੋ ਕੋਵਿਡ ਦੀ ਡਿਊਟੀ ਨਿਭਾ ਰਹੇ ਹਨ, ਦੀ ਸੰਭਾਲ ਲਈ ਵਚਨਬੱਧ ਹੈ।
ਵਧੇ ਹੋਏ ਬਿਜਲੀ ਬਿਲਾਂ ਬਾਰੇ ਕਈ ਸ਼ਿਕਾਇਤਾਂ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਕਾਰਨ ਮੀਟਰ ਰੀਡਿੰਗ ਨਹੀਂ ਸੀ ਕੀਤੀ ਜਾ ਰਹੀ ਪਰ ਹੁਣ ਉਨ੍ਹਾਂ ਨੇ ਇਸ ਦੇ ਹੁਕਮ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਅਸਲ ਖਪਤ ਦੇ ਹਿਸਾਬ ਨਾਲ ਬਿਲ ਆ ਸਕਣ। ਜੇਕਰ ਵਧੀ ਹੋਈ ਰਕਮ ਪਹਿਲਾਂ ਹੀ ਅਦਾ ਕੀਤੀ ਜਾ ਚੁੱਕੀ ਹੈ ਤਾਂ ਇਸ ਨੂੰ ਇਕਸਾਰ ਕਰ ਲਿਆ ਜਾਵੇਗਾ।
Published by: Gurwinder Singh
First published: September 12, 2020, 11:33 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading