Home /News /coronavirus-latest-news /

ਕਰੋਨਾਵਾਇਰਸ ਬਾਰੇ ਕੈਨੇਡਾ ਦੇ ਡਾਕਟਰ ਦੀ ਇਹ ਪੋਸਟ 20 ਲੱਖ ਵਾਰ ਕਿਉਂ ਸਾਂਝੀ ਕੀਤੀ ਜਾ ਚੁੱਕੀ ਹੈ ? ਜਾਣੋ

ਕਰੋਨਾਵਾਇਰਸ ਬਾਰੇ ਕੈਨੇਡਾ ਦੇ ਡਾਕਟਰ ਦੀ ਇਹ ਪੋਸਟ 20 ਲੱਖ ਵਾਰ ਕਿਉਂ ਸਾਂਝੀ ਕੀਤੀ ਜਾ ਚੁੱਕੀ ਹੈ ? ਜਾਣੋ

ਅਬਦੁ ਸ਼ਾਰਕਾਵੀ, ਕਨੇਡਾ ਵਿਚ ਟੋਰਾਂਟੋ ਯੂਨੀਵਰਸਿਟੀ ਵਿਚ ਇਕ ਡਾਕਟਰ ਅਤੇ ਮਾਹਰ( ਫੇਸਬੁਕ ਤੋਂ ਤਸਵੀਰ)

ਅਬਦੁ ਸ਼ਾਰਕਾਵੀ, ਕਨੇਡਾ ਵਿਚ ਟੋਰਾਂਟੋ ਯੂਨੀਵਰਸਿਟੀ ਵਿਚ ਇਕ ਡਾਕਟਰ ਅਤੇ ਮਾਹਰ( ਫੇਸਬੁਕ ਤੋਂ ਤਸਵੀਰ)

ਪੋਸਟ ਵਿੱਚ ਡਾਕਟਰ ਅਬਦੁ ਵੱਲੋਂ ਇਜ਼ਹਾਰ ਕੀਤੇ ਵਿਚਾਰ ਅੱਜ ਇੱਕ ਮਹੀਨੇ ਮਗਰੋਂ ਸੱਚ ਸਾਬਤ ਹੋ ਰਹੇ ਹਨ। ਇਹ ਪੋਸਟ ਐਨੀ ਕਿਉਂ ਸਾਂਝੀ ਕੀਤੀ ਗਈ ਤੇ ਇਸ ਡਾਕਟਰ ਦੇ ਕੀ ਵਿਚਾਰ ਹਨ ਤੁਸੀਂ ਖੁਦ ਜਾਣ ਲਵੋ -

 • Share this:
  ਟੋਰਾਂਟੋ ਦੇ ਇਸ ਡਾਕਟਰ ਅਬਦੁ ਸ਼ਰਕਾਵੀ ਵੱਲ਼ੋਂ ਇੱਕ ਮਹੀਨਾ ਪਹਿਲਾਂ, 6 ਮਾਰਚ ਨੂੰ ਆਪਣੀ ਫ਼ੇਸਬੁੱਕ ਕੰਧ 'ਤੇ ਪਾਈ ਇਹ ਪੋਸਟ ਹੁਣ ਤੱਕ ਵੀਹ ਲੱਖ ਤੋਂ ਜ਼ਿਆਦਾ ਵਾਰ ਸਾਂਝੀ ਕੀਤੀ ਜਾ ਚੁੱਕੀ ਹੈ। ਇਸ ਪੋਸਟ ਤੇ BUSINESS INSIDER ਨੇ ਡਿਟੇਲ ਸਟੋਰੀ ਬਣਾ ਕੇ ਦੁਨੀਆ ਸਾਹਮਣੇ ਰੱਖੀ। ਪੋਸਟ ਵਿੱਚ ਡਾਕਟਰ ਅਬਦੁ ਵੱਲੋਂ ਇਜ਼ਹਾਰ ਕੀਤੇ ਵਿਚਾਰ ਅੱਜ ਇੱਕ ਮਹੀਨੇ ਮਗਰੋਂ ਸੱਚ ਸਾਬਤ ਹੋ ਰਹੇ ਹਨ। ਇਹ ਪੋਸਟ ਐਨੀ ਕਿਉਂ ਸਾਂਝੀ ਕੀਤੀ ਗਈ ਤੇ ਇਸ ਡਾਕਟਰ ਦੇ ਕੀ ਵਿਚਾਰ ਹਨ ਤੁਸੀਂ ਖੁਦ ਜਾਣ ਲਵੋ -

  ਮੈਂ ਇੱਕ ਡਾਕਟਰ ਤੇ ਲਾਗ ਰੋਗਾਂ ਦਾ ਮਾਹਰ ਹਾਂ। ਮੈਨੂੰ ਇਸ ਖੇਤਰ ਵਿੱਚ ਕੰਮ ਕਰਦੇ ਨੂੰ ਵੀਹ ਸਾਲ ਹੋ ਗਏ ਨੇ ਤੇ ਰੋਜ਼ਾਨਾ ਹੀ ਮੈਂ ਮਰੀਜ਼ਾਂ ਨੂੰ ਵੇਖਦਾ ਹਾਂ। ਮੈਂ ਆਪਣੇ ਸ਼ਹਿਰ ਦੇ ਹਸਪਤਾਲਾਂ ਤੋਂ ਲੈ ਕੇ ਅਫ਼ਰੀਕਾ ਦੀਆਂ ਸਭ ਤੋਂ ਗ਼ਰੀਬ ਝੁੱਗੀਆਂ ਵਿੱਚ ਵੀ ਕੰਮ ਕੀਤਾ ਹੈ। ਏਡਜ਼, ਹੈਪੇਟਾਈਟਸ, ਟੀਬੀ, ਸਾਰਸ, ਖ਼ਸਰਾ, ਸ਼ਿੰਗਲ, ਕਾਲੀ ਖੰਘ, ਗਲਘੋਟੂ...ਸ਼ਾਇਦ ਹੀ ਕੋਈ ਬਿਮਾਰੀ ਹੋਵੇਗੀ ਜਿਸ ਨਾਲ਼ ਮੇਰਾ ਵਾਹ ਨਾ ਪਿਆ ਹੋਵੇ। ਸਾਰਸ ਤੋਂ ਛੁੱਟ, ਸ਼ਾਇਦ ਹੀ ਮੈਨੂੰ ਕਿਸੇ ਹੋਰ ਬਿਮਾਰੀ ਨੇ ਬਿਹਬਲ ਕੀਤਾ ਹੋਵੇ ਜਾਂ ਡਰਾਇਆ ਹੋਵੇ।

  ਮੈਨੂੰ ਕਰੋਨਾਵਾਇਰਸ ਤੋਂ ਡਰ ਨਹੀਂ ਲਗਦਾ ਸਗੋਂ ਇਸ ਲਾਗ ਰੋਗ ਦੇ ਸੰਸਾਰ ਭਰ ਵਿੱਚ ਪੈਂਦੇ ਸਿੱਟਿਆਂ ਤੋਂ ਚਿੰਤਾ ਹੈ। ਮੈਨੂੰ ਜਾਇਜ਼ ਹੀ ਉਹਨਾਂ ਬਜ਼ੁਰਗਾਂ, ਮਾੜੀ ਸਿਹਤ ਵਾਲ਼ੇ ਲੋਕਾਂ ਤੇ ਉਹਨਾਂ ਸਭ ਹੱਕੋਂ ਵਾਂਝੇ ਕੀਤੇ ਲੋਕਾਂ ਦੀ ਚਿੰਤਾ ਹੈ ਜਿਹੜੇ ਇਸ ਨਵੀਂ ਬਿਮਾਰੀ ਦੇ ਸਭ ਤੋਂ ਵੱਧ ਸ਼ਿਕਾਰ ਹੋਣਗੇ। ਪਰ ਮੈਨੂੰ ਕਰੋਨਾਵਾਇਰਸ ਤੋਂ ਡਰ ਨਹੀਂ ਲਗਦਾ।

  ਮੈਨੂੰ ਇਸ ਚੀਜ਼ ਤੋਂ ਡਰ ਲਗਦਾ ਹੈ ਉਹ ਹੈ ਇਸ ਮਾਹੌਲ ਵਿੱਚ ਤਰਕ ਦਾ ਗੁਆਚ ਜਾਣਾ ਤੇ ਡਰ ਦੀ ਇੱਕ ਪੂਰੀ ਵਾ ਦਾ ਵਗਣਾ ਜਿਸ ਨੇ ਸਮੁੱਚੇ ਸਮਾਜ ਨੂੰ ਅਤਿਅੰਤ ਭੈਅ ਦੇ ਵਰੋਲ਼ੇ ਵਿੱਚ ਧੱਸ ਦਿੱਤਾ ਹੈ ਤੇ ਇਸ ਦੇ ਸ਼ਿਕਾਰ ਲੋਕਾਂ ਵੱਲ਼ੋਂ ਹਰ ਚੀਜ਼ ਦੀ ਅਸ਼ਲੀਲ ਢੰਗ ਨਾਲ਼ ਜਮ੍ਹਾਂਖ਼ੋਰੀ ਕੀਤੀ ਜਾ ਰਹੀ ਹੈ। ਮੈਨੂੰ ਹਸਪਤਾਲਾਂ ਵਿੱਚੋਂ ਚੋਰੀ ਹੋ ਰਹੇ 95 ਨਕਾਬਾਂ ਦੀ ਚਿੰਤਾ ਹੈ ਜਿਹਨਾਂ ਦੀ ਲੋੜ੍ਹ ਕੰਮ ਕਰ ਰਹੇ ਸਿਹਤਕਾਮਿਆਂ ਨੂੰ ਸਭ ਤੋਂ ਜ਼ਿਆਦਾ ਹੈ। ਪਰ ਹਸਪਤਾਲਾਂ ਦੀ ਥਾਂਵੇਂ ਇਹਨਾਂ ਨੂੰ ਹਵਾਈ-ਅੱਡਿਆਂ, ਮਾਲਾਂ, ਕਾਫ਼ੀ ਦੀਆਂ ਦੁਕਾਨਾਂ ਆਦਿ ਹਰ ਜਗ੍ਹਾ 'ਤੇ ਪਾਇਆ ਜਾ ਰਿਹਾ ਹੈ ਜਿਸ ਸਦਕਾ ਡਰ, ਭੈਅ ਦਾ ਮਾਹੌਲ ਹੋਰ ਵਧ ਰਿਹਾ ਹੈ। ਮੈਨੂੰ ਡਰ ਹੈ ਕਿ ਸਾਡੇ ਹਸਪਤਾਲ ਅਜਿਹੇ ਲੋਕਾਂ ਨਾਲ਼ ਭਰ ਜਾਣਗੇ ਜਿਹੜੇ ਸੋਚਦੇ ਹਨ ਕਿ "ਉਹਨਾਂ ਨੂੰ ਉਂਜ ਤਾਂ ਇਹ ਬਿਮਾਰੀ ਹੈ ਨਹੀਂ, ਪਰ ਫੇਰ ਵੀ ਜਾਂਚ ਤਾਂ ਕਰਾ ਹੀ ਲਈਏ, ਖੌਰੇ..." ਤੇ ਇਸ ਦਾ ਮਾੜਾ ਅਸਰ ਉਹਨਾਂ 'ਤੇ ਹੋਵੇਗਾ ਜਿਹੜੇ ਪਹਿਲੋਂ ਹੀ ਦਿਲ ਦੀਆਂ ਬਿਮਾਰੀਆਂ, ਨਮੋਨੀਆ, ਸਾਹ ਦੀਆਂ ਬਿਮਾਰੀਆਂ ਦੇ ਮਰੀਜ਼ ਹਨ ਕਿਉਂਕਿ ਡਾਕਟਰਾਂ, ਨਰਸਾਂ ਦੀ ਗਿਣਤੀ ਸੀਮਤ ਹੋਣ ਕਰਕੇ ਇਹਨਾਂ ਗੰਭੀਰ ਮਰੀਜ਼ਾਂ ਨੂੰ ਉਡੀਕਣਾ ਪਵੇਗਾ।


  ਮੈਨੂੰ ਡਰ ਲਗਦਾ ਹੈ ਕਿ ਯਾਤਰਾਵਾਂ 'ਤੇ ਐਨੀਆਂ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ ਕਿ ਸਭ ਵਿਆਹ, ਪਰਿਵਾਰਕ ਪ੍ਰੋਗਰਾਮ, ਯੂਨੀਵਰਸਿਟੀਆਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਣਗੇ। ਤੇ ਸਗੋਂ ਸਭ ਤੋਂ ਵੱਡੀ ਪਾਰਟੀ - ਓਲੰਪਿਕ ਖੇਡਾਂ - ਵੀ ਰੱਦ ਕੀਤੀਆਂ ਜਾ ਸਕਦੀਆਂ ਹਨ। ਕੀ ਅਜਿਹਾ ਕਲਪਿਆ ਵੀ ਜਾ ਸਕਦਾ ਹੈ ?

  ਮੈਨੂੰ ਡਰ ਹੈ ਕਿ ਮਹਾਂਮਾਰੀ ਦਾ ਇਹ ਡਰ ਵਪਾਰ ਨੂੰ ਠੱਪ ਕਰ ਦੇਵੇਗਾ ਜਿਸ ਦਾ ਸਿੱਟਾ ਸੰਸਾਰ ਵਿਆਪੀ ਮੰਦੀ ਵਿੱਚ ਨਿੱਕਲੇਗਾ।

  ਪਰ ਸਭ ਤੋਂ ਵਧਕੇ ਮੈਨੂੰ ਇਸ ਗੱਲ ਦਾ ਡਰ ਹੈ ਕਿ ਅਸੀਂ ਸੰਕਟ ਸਮੇਂ ਆਪਣੇ ਬੱਚਿਆਂ ਨੂੰ ਕੀ ਸੁਨੇਹਾ ਦੇ ਰਹੇ ਹਾਂ ? ਤਰਕ, ਖੁੱਲ੍ਹੇ ਦਿਮਾਗ ਤੇ ਨਿਸਵਾਰਥ ਹੋ ਕੇ ਸੋਚਣ ਦੀ ਥਾਂਵੇਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਘਬਰਾਓ, ਡਰੋ, ਸ਼ੱਕੀ ਤੇ ਮਤਲਬੀ ਬਣ ਜਾਓ!

  ਕਰੋਨਾਵਾਇਰਸ ਅਜੇ ਖ਼ਤਮ ਨਹੀਂ ਹੋਣ ਜਾ ਰਿਹਾ। ਇਹ ਤੁਹਾਡੇ ਸ਼ਹਿਰ, ਨੇੜਲੇ ਹਸਪਤਾਲ ਵੀ ਆਵੇਗਾ ਤੇ ਤੁਹਾਡੇ ਦੋਸਤ ਜਾਂ ਕਿਸੇ ਪਰਿਵਾਰ ਦੇ ਮੈਂਬਰ ਕੋਲ਼ ਵੀ ਕਿਸੇ ਵੇਲ਼ੇ ਆ ਸਕਦਾ ਹੈ। ਅਜਿਹੀ ਸੰਭਾਵਨਾ ਰੱਖੋ। ਪਰ ਇਸ ਵਾਇਰਸ 'ਤੇ ਹੋਰ ਅਚਰਜ਼ ਕਰਨਾ ਛੱਡ ਦਿਓ। ਸੱਚਾਈ ਇਹ ਕਿ ਹੋ ਸਕਦਾ ਹੈ ਵਾਇਰਸ ਤੁਹਾਨੂੰ ਨੁਕਸਾਨ ਪਹੁੰਚਾਵੇ ਤੇ ਹੋ ਸਕਦਾ ਮਹਿਸੂਸ ਵੀ ਨਾ ਹੋਵੇ ਪਰ ਸਾਡਾ ਅਜੋਕਾ ਵਤੀਰਾ ਤੇ ਇਹ ਨਿੱਜਵਾਦ ਸਾਡੇ ਲਈ ਪੱਕਾ ਬਹੁਤ ਭਿਆਨਕ ਸਾਬਤ ਹੋਣ ਵਾਲ਼ਾ ਹੈ।

  ਮੈਂ ਤੁਹਾਡੇ ਸਭ ਅੱਗੇ ਬੇਨਤੀ ਕਰਦਾ ਹਾਂ। ਡਰ ਦਾ ਮੁਕਾਬਲਾ ਤਰਕ ਨਾਲ਼, ਹਾਹਾਕਾਰ ਦਾ ਮੁਕਾਬਲੇ ਠਰ੍ਹੰਮੇ ਨਾਲ਼ ਤੇ ਬੇਯਕੀਨੀ ਦਾ ਮੁਕਾਬਲਾ ਗਿਆਨ ਨਾਲ਼ ਕਰੋ। ਇਹ ਅਜੋਕਾ ਸਮਾਂ ਸਾਡੇ ਕੋਲ਼ ਸਿਹਤ ਤੇ ਸਾਫ਼-ਸਫ਼ਾਈ ਬਾਰੇ ਸਿੱਖਣ ਦਾ ਇੱਕ ਮੌਕਾ ਹੈ ਜਿਸ ਰਾਹੀਂ ਅਸੀਂ ਅਣਗਿਣਤ ਹੋਰ ਲਾਗ ਦੀਆਂ ਬਿਮਾਰੀਆਂ 'ਤੇ ਕਾਬੂ ਕਰ ਸਕਦੇ ਹਾਂ। ਆਓ ਇਸ ਚੁਣੌਤੀ ਦਾ ਇਕੱਠੇ ਹੋ ਕੇ, ਦੂਸਰਿਆਂ ਲਈ ਮਿਲਵਰਤਨ ਦੀ ਭਾਵਨਾ ਨਾਲ਼ ਤੇ ਠਰ੍ਹੰਮੇ ਨਾਲ਼ ਸਾਹਮਣਾ ਕਰੀਏ ਤੇ ਸਭ ਤੋਂ ਵਧਕੇ - ਸੱਚਾਈ, ਤੱਥ ਤੇ ਜਾਣਕਾਰੀ ਹਾਸਲ ਕਰਨ ਦੇ ਅਣਥੱਕ ਜਤਨ ਕਰੀਏ ਬਜਾਏ ਕਿਆਸਾਂ ਤੇ ਚੀਜ਼ਾਂ ਨੂੰ ਵਧਾ-ਚੜ੍ਹਾਕੇ ਪੇਸ਼ ਕਰਨ ਦੇ।

  ਡਰੋ ਨਹੀਂ, ਸੱਚ ਦੀ ਭਾਲ ਕਰੋ।
  ਸਫ਼ਾਈ ਰੱਖੋ।
  ਦਿਲ ਖੁੱਲ੍ਹੇ ਰੱਖੋ।
  Published by:Sukhwinder Singh
  First published:

  Tags: Canada, Coronavirus, COVID-19, Doctor, Health, Lockdown

  ਅਗਲੀ ਖਬਰ