ਚੰਡੀਗੜ੍ਹ, 17 ਮਈ- ਹਾੱਕੀ ਉੱਤੇ ਪਹਿਲਾਂ ਖਿੱਦੋ-ਖੂੰਡੀ ਫ਼ਿਲਮ ਬੇਸ਼ੱਕ ਬਣ ਚੁੱਕੀ ਹੋਵੇ ਪਰ ਹਰਜੀਤਾ ਫ਼ਿਲਮ ਹਾੱਕੀ ਖੇਡ ਦੀ ਇੱਕ ਨਵੀਂ ਤਸਵੀਰ ਪੇਸ਼ ਕਰੇਗੀ। ਹਰਜੀਤਾ ਫ਼ਿਲਮ ਇੱਕ ਆਮ ਜਿਹੇ ਮੁੰਡੇ ਹਰਜੀਤ ਸਿੰਘ ਉੱਤੇ ਬਣੀ ਹੈ ਜਿਸਨੇ ਸਾਲ 2016 ਵਿੱਚ ਭਾਰਤੀ ਹਾੱਕੀ ਟੀਮ ਦੇ ਕਪਤਾਨ ਵਜੋਂ ਹਾੱਕੀ ਵਿਸ਼ਵ ਕੱਪ ਨੂੰ ਭਾਰਤ ਦੇ ਨਾਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅੱਜ ਚੰਡੀਗੜ੍ਹ ਵਿਖੇ ਹਰਜੀਤਾ ਦੀ ਪ੍ਰਮੋਸ਼ਨ ਲ਼ਈ ਪੁੱਜੇ ਅੈਮੀ ਵਿਰਕ ਜੋ ਕਿ ਫ਼ਿਲਮ ਵਿੱਚ ਹਰਜੀਤ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ, ਕਾਫ਼ੀ ਉਤਸ਼ਾਹ ਵਿੱਚ ਨਜ਼ਰ ਆਏ, ਇਸ ਦੌਰਾਨ ਉਨ੍ਹਾਂ ਨਾਲ ਖ਼ੁਦ ਹਰਜੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਐਮੀ ਵਿਰਕ ਨੇ ਦੱਸਿਆ ਕਿ ਬੇਸ਼ੱਕ ਅਸੀਂ ਖਿਡਾਰੀਆਂ ਦੀ ਸਫਲਤਾ ਦੀਆਂ ਅਨੇਕਾਂ ਕਹਾਣੀਆਂ ਦੇਖੀਆਂ ਸੁਣੀਆਂ ਹਨ, ਜਿਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪਰ ਇਹ ਕਹਾਣੀ ਉਸ ਮਹਾਨ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਹੈ ਜਿਸਨੇ ਵਿਸ਼ਵ ਹਾਕੀ ਕੱਪ 2016 ਦੌਰਾਨ ਸਫ਼ਲਤਾ ਦੇ ਨਵੇਂ ਝੰਡੇ ਗੱਡੇ ਸਨ। ਉਨ੍ਹਾਂ ਕਿਹਾ ਕਿ ਇਹ ਫਿਲਮ ਨੌਜਵਾਨ ਵਰਗ ਲਈ ਨਵੀਂ ਸੇਧ ਅਤੇ ਸਿੱਖਿਆ ਦੇਣ ਵਾਲੀ ਫਿਲਮ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਜਗਤ ਦੇ ਤਜ਼ਰਬੇ ਨੇ ਇਹ ਗੱਲ ਸਾਬਿਤ ਕੀਤੀ ਹੈ ਕਿ ਨਿਵੇਕਲੇ ਵਿਸ਼ੇ ਵਾਲੀ ਫਿਲਮ ਨੂੰ ਦਰਸ਼ਕ ਖੁੱਲ੍ਹ ਕੇ ਪਿਆਰ ਦਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਐਮੀ ਵਿਰਕ ਨੇ ਕਿਹਾ ਕਿ ਉਨ੍ਹਾਂ ਹਰਜੀਤਾ ਦੀ ਭੂਮਿਕਾ ਨਿਭਾਉਣ ਲਈ ਖੁਦ ਨੂੰ ਹਰਜੀਤ ਸਿੰਘ ਤੁਲੀ ਵਰਗਾ ਦਿਖਾਉਣ ਲਈ ਬਹੁਤ ਮਿਹਨਤ ਕੀਤੀ ਹੈ। ਇਸ ਤੋਂ ਇਲਾਵਾ ਹਾਕੀ ਦਾ ਚੰਗਾ ਖਿਡਾਰੀ ਦਿਖਣ ਲਈ ਖਿਡਾਰੀਆਂ ਅਤੇ ਖੇਡ ਦੇ ਮੈਦਾਨ ਤੋਂ ਵੀ ਬਹੁਤ ਕੁੱਝ ਸਿੱਖਿਆ ਹੈ।
ਇਸ ਫ਼ਿਲਮ ਵਿੱਚ ਸਾਵਨ ਰੂਪੋਵਾਲੀ, ਸਮੀਪ ਸਿੰਘ, ਪੰਕਜ ਤਿਰਪਾਠੀ, ਰਾਜ ਝਿੰਝਰ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗੰਡੂ, ਸੁਖੀ ਚਹਿਲ ਅਤੇ ਜਰਨੈਲ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰਜੀਤ ਸਿੰਘ ਦੇ ਉੱਤੇ ਬਣੀ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਹੋਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Hockey Team, Punjabi Films, Punjabi movie, Punjabi singer