
ਗ੍ਰਿਫਤਾਰ ਹੋ ਸਕਦੀ ਹੈ 'ਤਾਰਕ ਮਹਿਤਾ' ਫੇਮ 'ਬਬੀਤਾ ਜੀ', ਕੋਰਟ ਨੇ ਖਾਰਜ ਕੀਤੀ ਪਟੀਸ਼ਨ (ਫਾਇਲ ਫੋਟੋ, ਕੈ. ਟਵਿੱਟਰ)
ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨਾਲ ਮਸ਼ਹੂਰ ਟੀਵੀ ਕਲਾਕਾਰ ਮੁਨਮੁਨ ਦੱਤਾ ਉਰਫ਼ ਬਬੀਤਾ ਜੀ (Munmun Dutta-Babita Ji) ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਹਿਸਾਰ ਦੀ ਐਸਸੀ-ਐਸਟੀ ਐਕਟ ਤਹਿਤ ਸਥਾਪਤ ਵਿਸ਼ੇਸ਼ ਅਦਾਲਤ ਦੇ ਜੱਜ ਅਜੈ ਤੇਵਤੀਆ (Ajay tevtiya) ਨੇ ਖਾਰਜ ਕਰ ਦਿੱਤੀ ਹੈ, ਜਿਸ ਕਾਰਨ ਬਬੀਤਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਅਤੇ ਉਨ੍ਹਾਂ ਉਤੇ ਗ੍ਰਿਫਤਾਰੀ ਦਾ ਖਤਰਾ ਮਡਰਾਉਣ ਲੱਗਾ ਹੈ।
ਮੁਨਮੁਨ ਦੱਤਾ ਉਰਫ਼ ਬਬੀਤਾ ਜੀ ਨੇ ਪਿਛਲੇ ਸਾਲ 9 ਮਈ ਨੂੰ ਆਪਣੇ ਯੂ-ਟਿਊਬ ਚੈਨਲ 'ਤੇ ਇੱਕ ਵੀਡੀਓ ਜਾਰੀ ਕਰਕੇ ਅਨੁਸੂਚਿਤ ਜਾਤੀ ਸਮਾਜ ਬਾਰੇ ਕਥਿਤ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਬਾਰੇ ਥਾਣਾ ਸਿਟੀ ਹਾਂਸੀ (ਹਰਿਆਣਾ) 'ਚ ਦਲਿਤ ਅਧਿਕਾਰ ਕਾਰਕੁਨ ਅਤੇ ਵਕੀਲ ਰਜਤ ਕਲਸਨ ਨੇ 13 ਮਈ ਨੂੰ ਮਾਮਲਾ ਦਰਜ ਕਰਵਾਇਆ ਸੀ।
ਹਰਿਆਣਾ ਦੇ ਹਾਂਸੀ ਤੋਂ ਇਲਾਵਾ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਮੁਨਮੁਨ ਦੱਤਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
ਇਨ੍ਹਾਂ ਮਾਮਲਿਆਂ ਨੂੰ ਲੈ ਕੇ ਮੁਨਮੁਨ ਦੱਤਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸਾਰੇ ਕੇਸਾਂ ਦੀ ਜਾਂਚ ਹਰਿਆਣਾ ਦੇ ਹਾਂਸੀ 'ਚ ਇਕ ਥਾਂ 'ਤੇ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਮੁਨਮੁਨ ਦੱਤਾ ਨੇ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਮੰਗ ਕੀਤੀ ਸੀ ਕਿ ਉਸ 'ਤੇ ਦਰਜ ਸਾਰੇ ਮਾਮਲੇ ਰੱਦ ਕੀਤੇ ਜਾਣ, ਜਿਸ ਨੂੰ ਸੁਪਰੀਮ ਕੋਰਟ ਨੇ ਠੁਕਰਾ ਦਿੱਤਾ ਸੀ।
ਇਸ ਤੋਂ ਬਾਅਦ ਮੁਨਮੁਨ ਦੱਤਾ ਨੇ ਫਿਰ ਹਾਈਕੋਰਟ ਦਾ ਰੁਖ ਕੀਤਾ ਅਤੇ ਗ੍ਰਿਫਤਾਰੀ 'ਤੇ ਰੋਕ ਦੀ ਮੰਗ ਕੀਤੀ ਪਰ ਬਾਅਦ 'ਚ ਉਨ੍ਹਾਂ ਦੇ ਵਕੀਲ ਨੇ ਹਾਈਕੋਰਟ ਤੋਂ ਪਟੀਸ਼ਨ ਵਾਪਸ ਲੈ ਲਈ।
ਹੁਣ ਉਨ੍ਹਾਂ ਨੇ ਹਿਸਾਰ ਦੀ ਐਸਸੀ-ਐਸਟੀ ਐਕਟ ਤਹਿਤ ਸਥਾਪਿਤ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਤੇ 25 ਜਨਵਰੀ ਨੂੰ ਦੋਵਾਂ ਧਿਰਾਂ ਦੀ ਬਹਿਸ ਹੋਈ ਸੀ। ਕੱਲ੍ਹ ਅਦਾਲਤ ਨੇ ਮੁਨਮੁਨ ਦੱਤਾ ਉਰਫ਼ ਬਬੀਤਾ ਜੀ ਦੀ ਪਟੀਸ਼ਨ ਖਾਰਜ ਕਰ ਦਿੱਤੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਲਿਤ ਅਧਿਕਾਰ ਕਾਰਕੁਨ ਰਜਤ ਕਲਸਨ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਖਿਲਾਫ ਦਲਿਤ ਸਮਾਜ ਬਾਰੇ ਅਪਮਾਨਜਨਕ ਭਾਸ਼ਾ ਵਰਤਣ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਵੀ ਲੈਣੀ ਪਈ ਸੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।