
ਅਮਰੀਕੀ ਅਦਾਕਾਰ ਐਲੇਕ ਬਾਲਡਵਿਨ ਤੋਂ ਫਿਲਮ ਸ਼ੂਟਿੰਗ ਦੌਰਾਨ ਚੱਲੀ ਗੋਲੀ, ਸਿਨੇਮੈਟੋਗ੍ਰਾਫਰ ਦੀ ਹੋਈ ਮੌਤ
ਅਮਰੀਕੀ ਅਦਾਕਾਰ ਐਲੇਕ ਬਾਲਡਵਿਨ ਨੇ ਸ਼ੁੱਕਰਵਾਰ ਨੂੰ ਨਿਊ ਮੈਕਸੀਕੋ ਵਿੱਚ ਇੱਕ ਫਿਲਮ ਦੇ ਸੈੱਟ ਉੱਤੇ ਇੱਕ ਮਹਿਲਾ ਸਿਨੇਮਾਟੋਗ੍ਰਾਫਰ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਫਿਲਮ ਨਿਰਦੇਸ਼ਕ ਵੀ ਇਸ ਘਟਨਾ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੈਂਟਾ ਫੇ-ਫਿਲਮ ਦੇ ਸੈੱਟ 'ਤੇ ਵਾਪਰੀ। ਬਾਲਡਵਿਨ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਸ਼ੂਟਿੰਗ ਦੇ ਦੌਰਾਨ, ਬਾਲਡਵਿਨ ਨੇ ਪ੍ਰੋਪ ਗਨ ਨਾਲ ਗੋਲੀ ਚਲਾਈ, ਜਿਸ ਨਾਲ ਮਹਿਲਾ ਸਿਨੇਮਾਟੋਗ੍ਰਾਫਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਮਰੀਕੀ ਅਭਿਨੇਤਾ ਐਲੇਕ ਬਾਲਡਵਿਨ ਦੱਖਣ-ਪੱਛਮੀ ਅਮਰੀਕੀ ਰਾਜ ਵਿੱਚ ਫਿਲਮ "ਰਸਟ" ਦੀ ਸ਼ੂਟਿੰਗ ਕਰ ਰਹੇ ਸਨ, ਇਸ ਫਿਲਮ ਵਿੱਚ ਬਾਲਡਵਿਨ 19ਵੀਂ ਸਦੀ ਦੇ ਇੱਕ ਪਾਤਰ ਦੀ ਮੁੱਖ ਭੂਮਿਕਾ ਨਿਭਾ ਰਹੇ ਸਨ। ਸੈਂਟਾ ਫੇ ਦੇ ਪੁਲਿਸ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ, "ਹੈਲੇਨਾ ਹਚਿੰਸ ਤੇ ਜੋਏਲ ਸੂਜ਼ਾ ਨੂੰ ਗੋਲੀ ਮਾਰੀ ਗਈ ਸੀ ਜਦੋਂਕਿ ਐਲਕ ਬਾਲਡਵਿਨ ਨੇ ਸ਼ਾਟਗਨ ਫੜੀ ਹੋਈ ਸੀ।"
ਦੁਰਘਟਨਾ ਤੋਂ ਬਾਅਦ, 42 ਸਾਲਾ ਹਚਿੰਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ ਬਚਾਇਆ ਨਹੀਂ ਜਾ ਸਕਿਆ, ਉਸ ਦੀ ਮੌਤ ਹੋ ਗਈ, ਜਦੋਂ ਕਿ 48 ਸਾਲਾ ਸੂਜ਼ਾ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਅਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਘਟਨਾ ਦੀ ਜਾਂਚ ਚੱਲ ਰਹੀ ਹੈ ਪਰ ਅਭਿਨੇਤਾ ਦੇ ਖਿਲਾਫ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ।
ਮੂਵੀ ਸੈੱਟ 'ਤੇ ਆਮ ਤੌਰ 'ਤੇ ਪ੍ਰੋਪ ਹਥਿਆਰਾਂ (ਨਕਲੀ ਹਥਿਆਰ) ਦੀ ਵਰਤੋਂ ਦੇ ਸਖਤ ਨਿਯਮ ਹੁੰਦੇ ਹਨ, ਫਿਰ ਵੀ ਇਹ ਹਾਦਸਾ ਵਾਪਰਿਆ ਹੈ। ਇਸ ਤੋਂ ਪਹਿਲਾਂ ਵੀ, ਮਾਰਸ਼ਲ ਆਰਟ ਦੇ ਸਭ ਤੋਂ ਮਸ਼ਹੂਰ ਅਦਾਕਾਰ ਬਰੂਸ ਲੀ ਦੇ ਬੇਟੇ ਬ੍ਰੈਂਡਨ ਲੀ ਦੀ ਫਿਲਮ "ਦਿ ਕਰੌ" ਦੀ ਸ਼ੂਟਿੰਗ ਦੌਰਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਕਾਰਨ ਮੌਤ ਹੋ ਗਈ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।