ਹਰਭਜਨ ਮਾਨ ਵੱਲੋਂ "ਸ਼੍ਰੋਮਣੀ ਗਾਇਕ" ਪੁਰਸਕਾਰ ਨਾ ਲੈਣ ਦਾ ਫੈਸਲਾ

ਦਿੱਲੀ ਮੋਰਚੇ ਵਿੱਚ ਸ਼ਾਮਲ ਹੋਈਆਂ ਬੀਬੀਆਂ ਨਾਲ ਹਰਭਜਨ ਮਾਨ ਦੀ ਤਸਵੀਰ
ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾਵਾਂ ਨੇ ਆਪਣਾ ਸਹਿਯੋਗ ਅਤੇ ਸਮਰਥਨ ਇਸ ਸੰਘਰਸ਼ ਨੂੰ ਦਿੰਦਿਆਂ ਆਪਣੇ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ।
- news18-Punjabi
- Last Updated: December 4, 2020, 11:15 AM IST
ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਭਾਸ਼ਾ ਵਿਭਾਗ ਵੱਲੋਂ ਉਸ ਲਈ ਐਲਾਨ 'ਸ਼੍ਰੋਮਣੀ ਗਾਇਕ' ਐਵਾਰਡ ਨਾ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਸ ਜਾਣਕਾਰੀ ਆਪਣੇ ਫੇਸਬੁੱਕ ਅਕਾਉਂਟ ਉੱਤੇ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਾਲਾਨਾ ਸ਼੍ਰੋਮਣੀ ਪੁਰਸਕਾਰਾਂ ਵਿੱਚ ਮੇਰੀ ਚੋਣ 'ਸ਼੍ਰੋਮਣੀ ਗਾਇਕ' ਐਵਾਰਡ ਲਈ ਹੋਈ ਹੈ। ਇਸ ਐਵਾਰਡ ਦੀ ਚੋਣ ਲਈ ਮੈਂ ਸਲਾਹਕਾਰ ਬੋਰਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵੱਲੋਂ ਅਪਲਾਈ ਕਿਤੇ ਬਿਨਾਂ ਮੈਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣਿਆ। ਅੱਜ ਮੈਂ ਜਿਸ ਵੀ ਮੁਕਾਮ 'ਤੇ ਪਹੁੰਚਿਆ ਹਾਂ, ਉਹ ਕਿਸਾਨਾਂ, ਮਾਂ ਬੋਲੀ ਪੰਜਾਬੀ ਅਤੇ ਸਮੂੰਹ ਪੰਜਾਬੀਆਂ ਦੀ ਬਦੌਲਤ ਹੀ ਹੈ। ਕਿਸਾਨੀ ਪਰਿਵਾਰ ਵਿੱਚ ਜਨਮ ਲੈਣ ਤੋਂ ਲੈ ਕੇ ਹੁਣ ਤੱਕ ਮੇਰੇ ਜੀਵਨ ਦਾ ਹਰ ਸਾਹ ਕਿਸਾਨਾਂ ਦਾ ਕਰਜ਼ਦਾਰ ਹੈ ਅਤੇ ਮੇਰਾ ਰੋਮ-ਰੋਮ ਕਿਸਾਨਾਂ ਦਾ ਕਰਜ਼ਈ ਹੈ। ਮੇਰੀ ਗਾਇਕੀ ਨੂੰ ਵੀ ਕਿਸਾਨਾਂ ਵੱਲੋਂ ਪਿਆਰ ਕੀਤਾ ਗਿਆ ਜਿਸ ਸਦਕਾ ਮੈਂ ਅੱਜ ਇਸ ਐਵਾਰਡ ਹਾਸਲ ਕਰਨ ਦੇ ਕਾਬਲ ਹੋਇਆ। ਅੱਜ ਜਦੋਂ ਪੰਜਾਬ ਸਣੇ ਸਾਰੇ ਮੁਲਕ ਦਾ "ਅੰਨਦਾਤਾ" ਸੜਕਾਂ ਉਤੇ ਹੈ ਅਤੇ ਕਿਸਾਨਾਂ ਦੇ ਹੱਕ ਖੋਹਣ ਵਾਲ਼ਿਆਂ ਤੋ ਇਨਸਾਫ ਮੰਗਦਾ ਹੋਇਆ ਰੁਲ਼ ਰਿਹਾ ਹੈ। ਉਨ੍ਹਾਂ ਦਾ ਭਵਿੱਖ ਅੰਧਕਾਰ ਵਿੱਚ ਹੈ ਤਾਂ ਇਸ ਮੌਕੇ ਮੈਂ 'ਸ਼੍ਰੋਮਣੀ ਐਵਾਰਡ' ਹਾਸਲ ਕਰਦਾ ਸ਼ੋਭਦਾ ਨਹੀਂ ਹਾਂ। ਕਿਸਾਨੀ ਲਈ ਇਸ ਔਖੇ ਚੱਲ ਰਹੇ ਸਮੇਂ ਦੌਰਾਨ ਮੈਂ ਅਤੇ ਮੇਰੇ ਪਰਿਵਾਰ ਨੇ ਨਿਮਰਤਾ ਤੇ ਆਦਰ ਸਹਿਤ ਇਹ ਪੁਰਸਕਾਰ ਨਾ ਲੈਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾਵਾਂ ਨੇ ਆਪਣਾ ਸਹਿਯੋਗ ਅਤੇ ਸਮਰਥਨ ਇਸ ਸੰਘਰਸ਼ ਨੂੰ ਦਿੰਦਿਆਂ ਆਪਣੇ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਪੁਰਸਕਾਰ ਵਾਪਸ ਕਰਨ ਵਾਲਿਆਂ ਵਿੱਚ ਸਿਰਮੌਰ ਸ਼ਾਇਰ ਡਾ. ਮੋਹਨਜੀਤ (ਦਿੱਲੀ), ਪ੍ਰਸਿੱਧ ਚਿੰਤਕ ਡਾ. ਜਸਵਿੰਦਰ ਸਿੰਘ (ਪਟਿਆਲਾ) ਅਤੇ ਪੰਜਾਬੀ ਨਾਟਕਕਾਰ ਅਤੇ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਡਾ. ਸਵਰਾਜਬੀਰ ਸ਼ਾਮਿਲ ਹਨ ।