ਦਿੱਲੀ ਦੀਆਂ ਸੜਕਾਂ ‘ਤੇ ਘੁੰਮਣ ਵਾਲਾ ਇੱਕ ਆਮ ਜਿਹਾ ਲੜਕਾ, ਜਿਸ ਨੂੰ ਨਾ ਕੋਈ ਜਾਣਦਾ ਸੀ, ਨਾ ਹੀ ਕੋਈ ਪਛਾਣਦਾ ਸੀ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਕਿੰਗ ਸ਼ਾਹਰੁਖ਼ ਖ਼ਾਨ ਦੀ। ਦਿੱਲੀ ਦਾ ਇੱਕ ਆਮ ਲੜਕਾ ਸੀ ਸ਼ਾਹਰੁਖ਼। ਜਿਸ ਦੇ ਬਚਪਨ ‘ਚ ਹੀ ਮਾਤਾ ਪਿਤਾ ਗੁਜ਼ਰ ਗਏ ਸੀ, ਜਿਸ ਨੇ ਆਪਣੇ ਪਰਿਵਾਰ ਨੂੰ ਪਾਲਣ ਲਈ ਖ਼ੂਬ ਮੇਹਨਤ ਮਸ਼ੱਕਤ ਕੀਤੀ ਅਤੇ ਜ਼ਿੰਦਗੀ ਨਾਲ ਸ਼ਾਹਰੁਖ਼ ਦਾ ਸੰਘਰਸ਼ ਉਨ੍ਹਾਂ ਨੂੰ ਮੁੰਬਈ ਲੈ ਆਇਆ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਸ਼ਾਹਰੁਖ਼ ਖ਼ਾਨ ਨੇ ਗ਼ਰੀਬੀ ‘ਚੋਂ ਨਿੱਕਲੇ, ਕਿਸ ਤਰ੍ਹਾਂ ਸੰਘਰਸ਼ ਕਰਕੇ ਫ਼ਿਲਮ ਇੰਡਸਟਰੀ ‘ਚ ਨਾਂਅ ਕਮਾਇਆ। ਤਾਂ ਚੱਲੋ ਤੁਹਾਨੂੰ ਦੱਸਦੇ ਹਾਂ ਸ਼ਾਹਰੁਖ਼ ਖ਼ਾਨ ਦੀ ਸਫ਼ਲਤਾ ਦੀ ਕਹਾਣੀ, ਜੋ ਹਰ ਕਿਸੇ ਨੂੰ ਜ਼ਿੰਦਗੀ ‘ਚ ਕੁੱਝ ਹਾਸਲ ਕਰਨ ਲਈ ਜੀ-ਤੋੜ ਮੇਹਨਤ ਕਰਨ ਲਈ ਪ੍ਰੇਰਦੀ ਹੈ।
ਸ਼ਾਹਰੁਖ਼ ਖ਼ਾਨ ਜਿਨ੍ਹਾਂ ਨੂੰ ਪੂਰੀ ਦੁਨੀਆ ਕਿੰਗ ਖ਼ਾਨ ਦੇ ਨਾਂਅ ਨਾਲ ਜਾਣਦੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਸ਼ਾਹਰੁਖ਼ ਨੂੰ ਦੋ ਵਕਤ ਦੀ ਰੋਟੀ ਲਈ ਵੀ ਖ਼ੂਬ ਸੰਘਰਸ਼ ਕਰਨਾ ਪਿਆ। ਆਪਣੇ ਇੱਕ ਇੰਟਰਵਿਊ ‘ਚ ਸ਼ਾਹਰੁਖ਼ ਦੱਸਦੇ ਹਨ ਕਿ ਉਨ੍ਹਾਂ ਦੇ ਬਚਪਨ ‘ਚ ਹੀ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਬੰਦ ਹੋ ਗਿਆ ਸੀ ਅਤੇ ਉਸ ਝਟਕੇ ਨੇ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ।
ਸ਼ਾਹਰੁਖ਼ ਦਾ ਫ਼ੈਮਿਲੀ ਬਿਜ਼ਨਸ ਠੱਪ ਹੋਣ ਕਾਰਨ ਉਨ੍ਹਾਂ ਦੇ ਪਿਤਾ ਤਣਾਅ ‘ਚ ਰਹਿਣ ਲੱਗ ਪਏ ਸੀ। ਇਸੇ ਦੇ ਚੱਲਦੇ ਉਹ ਬੀਮਾਰ ਹੋ ਗਏ, ਜਿਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। ਸ਼ਾਹਰੁਖ਼ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮਾਂ ਦੀ ਵੀ ਕੁੱਝ ਸਾਲਾਂ ਵਿੱਚ ਮੌਤ ਹੋ ਗਈ। ਹੁਣ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਸ਼ਾਹਰੁਖ਼ ਦੇ ਮੋਢਿਆਂ ‘ਤੇ ਸੀ।
ਆਪਣੇ ਸੰਘਰਸ਼ ਦੇ ਦਿਨਾਂ ‘ਚ ਸ਼ਾਹਰੁਖ਼ ਨੇ ਕਈ ਨੌਕਰੀਆਂ ਕੀਤੀਆਂ। ਉਨ੍ਹਾਂ ਵਿੱਚੋਂ ਇੱਕ ਸੀ ਗ਼ਜ਼ਲ ਗਾਇਕ ਪੰਕਜ ਉਦਾਸ ਦੇ ਕੰਸਰਟ ਵਿੱਚ ਨੌਕਰੀ। ਸ਼ਾਹਰੁਖ਼ ਦੱਸਦੇ ਹਨ ਕਿ ਪੰਕਜ ਉਦਾਸ ਦੇ ਕਾਂਸਰਟ ਵਿੱਚ ਉਨ੍ਹਾਂ ਹੈਲਪਰ ਸਟਾਫ਼ ਦੀ ਨੌਕਰੀ ਕਰਦੇ ਸੀ। ਉਨ੍ਹਾਂ ਦੀ ਡਿਊਟੀ ਲੋਕਾਂ ਦੇ ਪਾਸ ਚੈੱਕ ਕਰਨਾ ਅਤੇ ਉਨ੍ਹਾਂ ਨੂੰ ਸੀਟ ‘ਤੇ ਬਿਠਾਉਣ ਦੀ ਹੁੰਦੀ ਸੀ। ਇਸ ਕੰਮ ਲਈ ਉਸ ਸਮੇਂ ਸ਼ਾਹਰੁਖ਼ ਨੂੰ 50 ਰੁਪਏ ਮੇਹਨਤਾਨਾ ਮਿਲਦਾ ਸੀ। ਇਹੀ ਸ਼ਾਹਰੁਖ਼ ਦੀ ਪਹਿਲੀ ਕਮਾਈ ਸੀ।
ਸ਼ਾਲ 1986 ‘ਚ ਆਪਣੇ ਗ੍ਰੈਜੂਏਸ਼ਨ ਦੌਰਾਨ ਸ਼ਾਹਰੁਖ਼ ਦੀ ਮੁਲਾਕਾਤ ਬੈਰੀ ਜੌਨ ਨਾਲ ਦਿੱਲੀ ‘ਚ ਹੋਈ।ਉਨ੍ਹਾਂ ਦਿਨਾਂ ਵਿੱਚ ਸ਼ਾਹਰੁਖ਼ ਦੇ ਦਿਲ ‘ਚ ਐਕਟਿੰਗ ਸਿੱਖਣ ਦੀ ਇੱਛਾ ਜਾਗੀ ਅਤੇ ਬੈਰੀ ਨੇ ਉਨ੍ਹਾਂ ਨੂੰ ਆਪਣੇ ਪਲੇਅ ਵਿੱਚ ਐਕਸਟ੍ਰਾ ਦਾ ਰੋਲ ਦਿੱਤਾ। ਸ਼ਾਹਰੁਖ਼ ਦੱਸਦੇ ਹਨ ਕਿ ਬੈਰੀ ਹੀ ਪਹਿਲੇ ਸ਼ਖ਼ਸ ਸੀ ਜਿਸ ਨੇ ਉਨ੍ਹਾਂ ਨੂੰ ਫ਼ਿਲਮਾਂ ‘ਚ ਕਿਸਮਤ ਅਜ਼ਮਾਉਣ ਲਈ ਪ੍ਰੇਰਨਾ ਦਿੱਤੀ।
ਕਾਫ਼ੀ ਸੰਘਰਸ਼ ਤੋਂ ਬਾਅਦ ਸ਼ਾਹਰੁਖ਼ ਨੂੰ ਆਪਣਾ ਪਹਿਲਾ ਟੀਵੀ ਸੀਰੀਅਲ ਮਿਲਿਆ। ਇਹ ਸੀਰੀਅਲ ਸੀ ਫ਼ੌਜੀ, ਜੋ ਉਸ ਸਮੇਂ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤਾ ਜਾਂਦਾ ਸੀ। ਇਸ ਸੀਰੀਅਲ ਨੇ ਲੋਕਾਂ ਦਾ ਦਿਲ ਜਿੱਤ ਲਿਆ, ਨਾਲ ਹੀ ਸ਼ਾਹਰੁਖ਼ ਦੀ ਐਕਟਿੰਗ ਨੇ ਵੀ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਸ਼ਾਹਰੁਖ਼ ਦੇ ਕਈ ਸੀਰੀਅਲ ਟੀਵੀ ‘ਤੇ ਆਏ ਅਤੇ ਤਕਰੀਬਨ ਸਾਰੇ ਹੀ ਸੀਰੀਅਲਜ਼ ਹਿੱਟ ਸਾਬਿਤ ਹੋਏ ਅਤੇ ਲੋਕਾਂ ਨੂੰ ਖ਼ੂਬ ਪਸੰਦ ਆ ਰਹੇ ਸੀ।
ਸ਼ਾਹਰੁਖ਼ ਲਈ ਇਹ ਸਭ ਦਿਲਚਸਪ ਨਹੀਂ ਸੀ। ਸ਼ਾਹਰੁਖ਼ ਦੇ ਵੱਡੇ ਸੁਪਨੇ ਛੋਟੇ ਜਿਹੇ ਟੀਵੀ ‘ਚ ਨਹੀਂ ਸਮਾ ਸਕਦੇ ਸੀ। ਬੱਸ ਫ਼ਿਰ ਕੀ ਸੀ ਉਨ੍ਹਾਂ ਨੇ ਮੁੰਬਈ ਜਾ ਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ।
ਫ਼ਿਰ ਸ਼ਾਹਰੁਖ਼ ਮੁੰਬਈ ਆਏ ਅਤੇ ਇੱਕ ਦਿਨ ਉਹ ਆਪਣੇ ਦੋਸਤ ਨਾਲ ਸਮੁੰਦਰ ਕਿਨਾਰੇ ਬੈਠੇ ਸੀ। ਅਚਾਨਕ ਉਹ ਉੱਠ ਖੜੇ ਹੋਏ ਅਤੇ ਆਪਣੇ ਹੱਥ ਅਸਮਾਨ ਵੱਲ ਕਰਕੇ ਕਿਹਾ, “ਇੱਕ ਦਿਨ ਮੈਂ ਇਸ ਸ਼ਹਿਰ ‘ਤੇ ਰਾਜ ਕਰਾਂਗਾ।” ਸ਼ਾਇਦ ਸ਼ਾਹਰੁਖ਼ ਦਾ ਕਿੰਗ ਖ਼ਾਨ ਬਣਨਾ ਉੱਥੋਂ ਹੀ ਤੈਅ ਹੋ ਗਿਆ ਸੀ।
ਇਸ ਤੋਂ ਬਾਅਦ ਸ਼ਾਹਰੁਖ਼ ਨੇ ਫ਼ਿਲਮਾਂ ‘ਚ ਕੰਮ ਕਰਨ ਲਈ ਸੰਘਰਸ਼ ਸ਼ੁਰੂ ਕੀਤਾ। ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਸ਼ਾਹਰੁਖ਼ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਸੀ। ਜਿਹੜੀ ਫ਼ਿਲਮਾਂ ਸ਼ਾਹਰੁਖ਼ ਨੂੰ ਆਫ਼ਰ ਹੁੰਦੀਆਂ ਸੀ, ਉਨ੍ਹਾਂ ਦੀ ਸਕ੍ਰਿਪਟ ਸ਼ਾਹਰੁਖ਼ ਨੂੰ ਪਸੰਦ ਨਹੀਂ ਆਉਂਦੀ ਸੀ। ਕਾਫ਼ੀ ਸਮੇਂ ਤੱਕ ਇਹੀ ਚੱਲਦਾ ਰਿਹਾ।
ਇੱਕ ਦਿਨ ਸ਼ਾਹਰੁਖ਼ ਨੂੰ ਇੱਕ ਬੇਹਤਰੀਨ ਸਕ੍ਰਿਪਟ ਆਫ਼ਰ ਹੋਈ, ਪਰ ਉਸ ਫ਼ਿਲਮ ‘ਚ ਸ਼ਾਹਰੁਖ਼ ਨੂੰ ਨੈਗਟਿਵ ਰੋਲ ਆਫ਼ਰ ਕੀਤਾ ਗਿਆ। ਇਸ ਰੋਲ ਨੂੰ ਕਈ ਵੱਡੇ ਕਲਾਕਾਰ ਮਨਾ ਕਰ ਚੁੱਕੇ ਸੀ, ਪਰ ਦਿੱਲੀ ਤੋਂ ਮੁੰਬਈ ਫ਼ਿਲਮ ਸਟਾਰ ਬਣਨ ਦਾ ਸੁਪਨਾ ਲੈਕੇ ਆਏ ਸ਼ਾਹਰੁਖ਼ ਲਈ ਇਹ ਆਫ਼ਰ ਕਿਸੇ ਵੱਡੇ ਮੌਕੇ ਤੋਂ ਘੱਟ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਇਸ ਨੈਗਟਿਵ ਰੋਲ ਲਈ ਹਾਂ ਕੀਤੀ। ਇਹ ਫ਼ਿਲਮ ਸੀ ‘ਦੀਵਾਨਾ’। ਫ਼ਿਲਮ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਅਤੇ ਲੋਕਾਂ ਦੇ ਦਿਲਾਂ ‘ਚ ਉੱਤਰ ਗਈ। ਇਸ ਫ਼ਿਲਮ ਸ਼ਾਹਰੁਖ਼ ਦੇ ਕਿਰਦਾਰ ਦੀ ਕਾਫ਼ੀ ਤਾਰੀਫ਼ ਹੋਈ।
ਇਸ ਤੋਂ ਬਾਅਦ ਸ਼ਾਹਰੁਖ਼ ਨੂੰ ਨੈਗਟਿਵ ਰੋਲਜ਼ ਲਈ ਹੀ ਆਫ਼ਰ ਆਉਂਦੇ ਸੀ। ਸਲਮਾਨ ਖ਼ਾਨ ਦੀ ਠੁਕਰਾਈ ਹੋਈ ਫ਼ਿਲਮ ‘ਬਾਜ਼ੀਗਰ’ ਅਤੇ ਆਮਿਰ ਖ਼ਾਨ ਦੀ ਨਾਂ ਕੀਤੀ ਹੋਈ ਫ਼ਿਲਮ ‘ਡਰ’ ਵੀ ਸ਼ਾਹਰੁਖ਼ ਖ਼ਾਨ ਨੇ ਕੀਤੀ। ਇਹ ਦੋਵੇਂ ਹੀ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕਮਾਲ ਕਰ ਗਈਆਂ। ਬਾਜ਼ੀਗਰ ਫ਼ਿਲਮ ‘ਚ ਸ਼ਾਹਰੁਖ਼ ਖ਼ਾਨ ਦੇ ਨੈਗਟਿਵ ਕਿਰਦਾਰ ਨੂੰ ਵੀ ਲੋਕਾਂ ਨੇ ਖ਼ੂਬ ਪਿਆਰ ਦਿੱਤਾ, ਸ਼ਾਹਰੁਖ਼ ਨੇ ਇਨ੍ਹਾਂ ਫ਼ਿਲਮਾਂ ‘ਚ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ, ਜਿਸ ਕਰਕੇ ਉਨ੍ਹਾਂ ਨੂੰ ਨੈਗਟਿਵ ਰੋਲ ਲਈ ਕਈ ਐਵਾਰਡ ਵੀ ਮਿਲੇ।ਪਰ ਹਾਲੇ ਵੀ ਸ਼ਾਹਰੁਖ਼ ਨੂੰ ਕੁੱਝ ਕਮੀ ਲੱਗ ਰਹੀ ਸੀ। ਹਾਲੇ ਤੱਕ ਸ਼ਾਹਰੁਖ਼ ਨੂੰ ਉਹ ਮੌਕਾ ਨਹੀਂ ਮਿਲਿਆ ਸੀ, ਜਿਸ ਦੀ ਉਨ੍ਹਾਂ ਨੂੰ ਤਲਾਸ਼ ਸੀ।
ਆਖ਼ਰ ਉਹ ਮੌਕਾ ਆਇਆ 1994 ‘ਚ ਜਦੋਂ ਉਨ੍ਹਾਂ ਫ਼ਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਆਫ਼ਰ ਹੋਈ। ਇਹ ਫ਼ਿਲਮ ਵੀ ਕਈ ਕਲਾਕਾਰਾਂ ਵੱਲੋਂ ਠੁਕਰਾਈ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਾਲੀਵੁੱਡ ਕਲਾਕਾਰ ਅਰਮਾਨ ਕੋਹਲੀ ਅਤੇ ਸੈਫ਼ ਅਲੀ ਖ਼ਾਨ ਵੀ ਇਸ ਫ਼ਿਲਮ ਲਈ ਨਿਰਮਾਤਾ-ਨਿਰਦੇਸ਼ਕਾਂ ਦੀ ਪਸੰਦ ਸੀ, ਪਰ ਕਿਸੇ ਕਾਰਨ ਉਹ ਇਸ ਫ਼ਿਲਮ ‘ਚ ਕੰਮ ਨਹੀਂ ਕਰ ਸਕੇ। ਇਸ ਤੋਂ ਬਾਅਦ ਇਹ ਫ਼ਿਲਮ ਆਫ਼ਰ ਹੋਈ ਸ਼ਾਹਰੁਖ਼ ਖ਼ਾਨ ਨੂੰ। ਸ਼ਾਹਰੁਖ਼ ਦੱਸਦੇ ਹਨ ਕਿ ਉਨ੍ਹਾਂ ਨੇ ਵੀ 4 ਵਾਰ ਇਸ ਫ਼ਿਲਮ ਨੂੰ ਰਿਜੈਕਟ ਕੀਤਾ। ਪਰ ਬਾਅਦ ਵਿੱਚ ਯਸ਼ ਚੋਪੜਾ ਦੇ ਕਹਿਣ ‘ਤੇ ਉਹ ਰਾਜ਼ੀ ਹੋਏ।
ਤੁਹਾਨੂੰ ਦੱਸ ਦਈਏ ਕਿ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਹੀ ਅਜਿਹੀ ਫ਼ਿਲਮ ਹੈ, ਜਿਸ ਨੇ ਸ਼ਾਹਰੁਖ਼ ਖ਼ਾਨ ਦੀ ਕਿਸਮਤ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ। ਇਸ ਫ਼ਿਲਮ ਨੇ ਸ਼ਾਹਰੁਖ਼ ਨੂੰ ਫ਼ਿਲਮ ਇੰਡਸਟਰੀ ‘ਚ ਰੋਮਾਂਸ ਦਾ ਬਾਦਸ਼ਾਹ ਬਣਾ ਦਿੱਤਾ। ਇਹ ਫ਼ਿਲਮ ਬਲਾਕਬਸਟਰ ਸਾਬਿਤ ਹੋਈ ਅਤੇ 26-27 ਸਾਲ ਬਾਅਦ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੀ ਹੈ।
ਇਸ ਤੋਂ ਬਾਅਦ ਸ਼ਾਹਰੁਖ਼ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬੱਸ ਫ਼ਿਰ ਕੀ ਸੀ ਆਪਣੇ ਵੱਖੋ-ਵੱਖ ਕਿਰਦਾਰਾਂ ਨਾਲ ਸ਼ਾਹਰੁਖ਼ ਕਿੰਗ ਖ਼ਾਨ ਬਣ ਗਏ। ਕੁਛ ਕੁਛ ਹੋਤਾ ਹੈ, ਸਵਦੇਸ, ਪਰਦੇਸ, ਚੱਕ ਦੇ ਇੰਡੀਆ, ਮਾਈ ਨੇਮ ਇਜ਼ ਖ਼ਾਨ, ਰਾ-ਵੰਨ ਵਰਗੀਆਂ ਫ਼ਿਲਮਾਂ ਨਾਲ ਸ਼ਾਹਰੁਖ਼ ਨੇ ਸਾਬਿਤ ਕਰ ਦਿੱਤਾ ਕਿ ਉਹ ਸੱਚਮੁੱਚ ਬਾਲੀਵੁੱਡ ਦੇ ਕਿੰਗ ਖ਼ਾਨ ਹਨ।
ਅੱਜ ਸ਼ਾਹਰੁਖ਼ ਖ਼ਾਨ ਦਾ ਨਾਂਅ ਬਾਲੀਵੁੱਡ ਦੇ ਹੀ ਨਹੀਂ ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ ਦੀ ਸੂਚੀ ਵਿੱਚ ਸ਼ੁਮਾਰ ਹੈ। ਜਾਣਕਾਰੀ ਦੇ ਮੁਤਾਬਕ ਸ਼ਾਹਰੁਖ਼ ਖ਼ਾਨ ਦੀ ਸਾਲਾਨਾ ਕਮਾਈ 750 ਮਿਲੀਅਨ ਡਾਲਰ ਯਾਨਿ 5500 ਕਰੋੜ ਰੁਪਏ ਦੇ ਕਰੀਬ ਹੈ। ਉਨ੍ਹਾਂ ਦਾ ਮੰਨਤ ਨਾਂਅ ਦਾ ਬੰਗਲਾ ਕਿਸੇ ਮਹਿਲ ਤੋਂ ਘੱਟ ਨਹੀਂ ਹੈ, ਉਨ੍ਹਾਂ ਦੇ ਇਸ ਬੰਗਲੇ ਦੀ ਕੀਮਤ 200 ਕਰੋੜ ਰੁਪਏ ਹੇੈ।
ਸੱਚਮੁੱਚ ਸ਼ਾਹਰੁਖ਼ ਖ਼ਾਨ ਨੇ ਇਹ ਸਾਬਿਤ ਕੀਤਾ ਹੈ ਕਿ ਜੇ ਤੁਹਾਡੇ ਅੰਦਰ ਅੱਗੇ ਵਧਣ ਲਈ ਮੇਹਨਤ ਕਰਨ ਦੀ ਚਾਹ ਹੈ, ਤਾਂ ਕਿਸਮਤ ਵੀ ਤੁਹਾਡਾ ਪੂਰਾ ਸਾਥ ਦਿੰਦੀ ਹੈ। ਸ਼ਾਇਦ ਇਸੇ ਗੱਲ ਨੇ ਸ਼ਾਹਰੁਖ਼ ਨੂੰ ਕਿੰਗ ਖ਼ਾਨ ਬਣਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।