ਗੂਗਲ ਨੇ ਅੱਜ ਦਾ ਗੂਗਲ ਡੂਡਲ ਇਕ ਵਿਸ਼ੇਸ਼ ਭਾਰਤੀ ਔਰਤ ਨੂੰ ਸਮਰਪਿਤ ਕੀਤਾ ਹੈ। ਗੂਗਲ ਨੇ ਬਾਇਓਮੈਡੀਕਲ ਖੋਜਕਰਤਾ ਡਾਕਟਰ ਕਮਲ ਰਣਦੀਵੇ ਲਈ ਅੱਜ ਦਾ ਡੂਡਲ ਬਣਾਇਆ ਹੈ, ਜੋ ਕੈਂਸਰ 'ਤੇ ਆਪਣੀ ਵਿਸ਼ੇਸ਼ ਖੋਜ ਕਾਰਜ ਲਈ ਜਾਣੇ ਜਾਂਦੇ ਹਨ। ਇੰਨਾ ਹੀ ਨਹੀਂ, ਉਹ ਭਾਰਤੀ ਮਹਿਲਾ ਵਿਗਿਆਨੀ ਸੰਘ ਦੀ ਸੰਸਥਾਪਕ ਮੈਂਬਰ ਵੀ ਸਨ। ਉਹ ਵਿਗਿਆਨ ਅਤੇ ਸਿੱਖਿਆ ਵਿੱਚ ਸਮਾਨਤਾ ਲਿਆਉਣ ਦੇ ਆਪਣੇ ਯਤਨਾਂ ਲਈ ਵੀ ਜਾਣੇਜਾਂਦੇਹਨ। ਅੱਜ ਪਦਮ ਭੂਸ਼ਣ ਐਵਾਰਡੀ ਡਾ. ਰਣਦੀਵੇ ਦਾ 104ਵਾਂ ਜਨਮ ਦਿਨ ਹੈ।
ਗੂਗਲ ਕਈ ਵਾਰ ਕਿਸੇ ਵਿਅਕਤੀ ਵਿਸ਼ੇਸ਼, ਮੁੱਦਿਆਂ ਅਤੇ ਘਟਨਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਡੂਡਲ ਬਣਾਉਂਦਾ ਹੈ। ਇਸ ਵਿਸ਼ੇਸ਼ ਡੂਡਲ ਦੀ ਗੱਲ ਕਰੀਏ ਤਾਂ ਇਸ ਨੂੰ ਭਾਰਤੀ ਕਲਾਕਾਰ ਇਬਰਾਹਿਮ ਰਾਇਨਕਾਥ ਨੇ ਤਿਆਰ ਕੀਤਾ ਹੈ। ਇਸ ਡੂਡਲ ਵਿੱਚ ਡਾ.ਕਮਲ ਰਣਦੀਵੇ ਮਾਈਕ੍ਰੋਸਕੋਪ ਦੇਖ ਰਹੇ ਹਨ। ਰਣਦੀਵੇ ਦਾ ਜਨਮ ਸਾਲ 1917 ਵਿੱਚ ਪੁਣੇ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰੀ ਦੀ ਪੜ੍ਹਾਈ ਕਰੇ, ਪਰ ਰਣਦੀਵੇ ਆਪਣੀ ਸਿੱਖਿਆ ਜੀਵ ਵਿਗਿਆਨ ਵਿੱਚ ਪੂਰੀ ਕਰਨਾ ਚਾਹੁੰਦੀ ਸੀ।
ਰਣਦੀਵੇ ਨੇ ਸਾਲ 1949 ਵਿੱਚ ਭਾਰਤੀ ਕੈਂਸਰ ਖੋਜ ਕੇਂਦਰ (ICRC) ਵਿੱਚ ਇੱਕ ਖੋਜਕਾਰ ਵਜੋਂ ਕੰਮ ਕੀਤਾ। ਇੱਥੇ ਉਨ੍ਹਾਂ ਨੇ ਸਾਇਟੋਲੋਜੀ ਅਤੇ ਸੈੱਲਾਂ ਦੇ ਅਧਿਐਨ ਵਿੱਚ ਆਪਣੀ ਡਾਕਟਰੇਟ ਵੀ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਾ ਦੀ ਬਾਲਟੀਮੋਰ, ਮੈਰੀਲੈਂਡ ਅਤੇ ਜੌਨਸ ਹੌਪਕਿਨਜ਼ ਯੂਨੀਵਰਸਿਟੀ ਵਿੱਚ ਫੈਲੋਸ਼ਿਪ ਵੀ ਪੂਰੀ ਕੀਤੀ। ਇਸ ਤੋਂ ਬਾਅਦ, ਉਹ ਮੁੰਬਈ ਵਾਪਸ ਆ ਗਈ ਤੇ ਆਈਸੀਆਰਸੀ ਵਿੱਚ ਦੇਸ਼ ਦੀ ਪਹਿਲੀ ਟਿਸ਼ੂ ਕਲਚਰ ਲੈਬਾਰਟਰੀ ਦੀ ਸਥਾਪਨਾ ਕੀਤੀ।
ਰਣਦੀਵੇ ਨੇ ਮਾਈਕੋਬੈਕਟੀਰੀਅਮ ਲੇਪ੍ਰੇ 'ਤੇ ਅਧਿਐਨ ਕੀਤਾ। ਇਹ ਇੱਕ ਕਿਸਮ ਦਾ ਬੈਕਟੀਰੀਆ ਹੈ ਜੋ ਕੋੜ੍ਹ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕੋੜ੍ਹ ਤੋਂ ਰਾਹਤ ਦੇਣ ਲਈ ਇੱਕ ਟੀਕਾ ਬਣਾਉਣ ਵਿੱਚ ਵੀ ਮਦਦ ਕੀਤੀ। ਰਣਦੀਵੇ ਦੇਸ਼ ਵਿੱਚ ICRC ਦੀ ਡਾਇਰੈਕਟਰ ਸੀ ਅਤੇ ਜਾਨਵਰਾਂ ਵਿੱਚ ਕੈਂਸਰ ਬਾਰੇ ਖੋਜ ਕਰਨ ਵਾਲੀ ਪਹਿਲੀ ਮਹਿਲਾ ਖੋਜਕਰਤਾਵਾਂ ਵਿੱਚੋਂ ਇੱਕ ਬਣੀ। 1973 ਵਿੱਚ, ਡਾ. ਰਣਦੀਵੇ ਅਤੇ ਉਸਦੇ 11 ਸਾਥੀਆਂ ਨੇ ਮਿਲ ਕੇ ਵਿਗਿਆਨਕ ਖੇਤਰਾਂ ਵਿੱਚ ਔਰਤਾਂ ਦੀ ਸਹਾਇਤਾ ਕਰਨ ਲਈ ਇੰਡੀਅਨ ਐਸੋਸੀਏਸ਼ਨ ਆਫ਼ ਵੂਮੈਨ ਸਾਇੰਟਿਸਟ (IWSA) ਦੀ ਸਥਾਪਨਾ ਕੀਤੀ।
ਰਿਟਾਇਰਮੈਂਟ ਤੋਂ ਬਾਅਦ ਡਾਕਟਰ ਰਣਦੀਵੇ ਨੇ ਮਹਾਰਾਸ਼ਟਰ ਦੇ ਪੇਂਡੂ ਖੇਤਰਾਂ ਵਿੱਚ ਕੰਮ ਕੀਤਾ। ਇੱਥੇ ਉਨ੍ਹਾਂ ਨੇ ਮਹਿਲਾ ਸਿਹਤ ਕਰਮਚਾਰੀਆਂ ਨੂੰ ਸਿਹਤ, ਪੋਸ਼ਣ ਤੇ ਸਿੱਖਿਆ ਸਬੰਧੀ ਸਿਖਲਾਈ ਵੀ ਦਿੱਤੀ। ਆਈਡਬਲਯੂਐਸਏ ਦੇ ਅੱਜ ਦੇਸ਼ ਵਿੱਚ 11 ਵਿਭਾਗ ਹਨ ਅਤੇ ਵਿਗਿਆਨ ਦੇ ਖੇਤਰ ਵਿੱਚ ਔਰਤਾਂ ਨੂੰ ਸਕਾਲਰਸ਼ਿਪ ਵੀ ਪ੍ਰਦਾਨ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Google, India, Science, Scientists, World