ਪ੍ਰਦੀਪ ਕੁਮਾਰ
ਅਬੋਹਰ: ਅਬੋਹਰ ਦੀ ਰਹਿਣ ਵਾਲੀ ਪਿੰਕੀ, ਜੋ ਅੱਜ ਮਰਦਾ ਦੇ ਪੇਸ਼ੇ ਡਰਾਇਵਰੀ ਵਿੱਚ ਪੈ ਕੇ ਛੋਟਾ ਹਾਥੀ ਚਲਾਉਂਦੀ ਹੈ। ਇਸਨੇ 4 ਛੋਟੇ ਹਾਥੀ ਲੈ ਕੇ, ਉਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਰੁਜਗਾਰ ਵੀ ਦਿੱਤਾ ਹੈ। ਛੋਟੇ ਹਾਥੀ ਦੀਆਂ ਉਹ ਕਿਸ਼ਤਾਂ ਭਰਦੀ ਹੈ। ਡਰਾਈਵਰ ਰੱਖੇ ਹੋਣ ਦੇ ਬਾਵਜੂਦ,ਉਹ ਸਮਾਨ ਦੀ ਢੋਆ-ਢੁਆਈ ਖੁਦ ਵੀ ਕਰਦੀ ਹੈ।
ਬੜੀ ਤੰਗਹਾਲੀ ਜ਼ਿੰਦਗੀ ਵਿੱਚੋਂ ਨਿਕਲ ਕੇ ਉਸਨੇ ਇਥੋਂ ਤੱਕ ਦਾ ਸਫ਼ਰ ਤੈਅ ਕੀਤਾ ਤੇ ਅੱਜ ਆਪਣੇ ਪਰਿਵਾਰ ਵਿੱਚ ਉਹ ਖੁਸ਼ ਹੈ। ਇਸਦੇ ਦੋ ਬੱਚੇ ਹਨ, ਜਿੰਨ੍ਹਾਂ ਵਿੱਚ ਲੜਕੀ ਵੱਡੀ ਹੈ ਤੇ ਬੇਟਾ ਕਰੀਬ 2 ਸਾਲ ਦਾ ਹੈ। ਪਹਿਲਾਂ ਪਤੀ ਦੀਆਂ ਮਾੜੀਆਂ ਕਰਤੂਤਾਂ ਤੇ ਨਸ਼ੇ ਦੇ ਆਦੀ ਹੋਣ ਕਰਕੇ ਉਸਨੇ ਉਸ ਤੋਂ ਤਲਾਕ ਲੈ ਲਿਆ ਸੀ।
ਪਿੰਕੀ ਦੱਸਦੀ ਹੈ ਕਿ ਉਹ ਆਪਣੇ ਭੈਣ-ਭਰਾਵਾਂ ਵਿੱਚੋਂ ਵੱਡੀ ਸੀ ਤੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਸਨੇ ਪੜ੍ਹਾਈ ਵਿੱਚੇ ਛੱਡ ਦਿੱਤੀ। ਘਰ ਦੀ ਜਿੰਮ੍ਹੇਵਾਰੀ ਚੁੱਕੀ ਤੇ ਆਪਣੇ ਭੈਣ-ਭਰਾਵਾਂ ਨੂੰ ਪੜ੍ਹਾਇਆ। ਦਿਹਾੜੀ-ਮਜ਼ਦੂਰੀ ਕਰਕੇ ਉਹ ਪਾਲਣ ਪੋਸ਼ਣ ਕਰਦੀ ਰਹੀ। ਜਦੋਂ ਉਸਤੇ ਮਾੜਾ ਸਮਾਂ ਆਇਆ ਤਾਂ ਕਿਸੇ ਨੇ ਸਾਥ ਨਹੀਂ ਦਿੱਤਾ।
ਇਸ ਦੌਰਾਨ ਉਸਨੇ ਦਿਹਾੜੀ ਦਾ ਪੈਸਾ ਬਚਾ-ਬਚਾ ਕੇ ਇੱਕ ਛੋਟਾ ਹਾਥੀ ਕਿਸ਼ਤਾਂ 'ਤੇ ਲਿਆ। ਡਰਾਈਵਰ ਰੱਖਿਆ ਪਰ ਡਰਾਈਵਰ ਨੇ ਕੁੱਝ ਨਹੀਂ ਬਚਾਇਆ। ਉਸਤੋਂ ਬਾਅਦ ਖੁਦ ਸਟੇਅਰਿੰਗ ਸੰਭਾਲਿਆ ਤੇ ਅੱਜ ਉਹ ਕਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀ ਹੈ। ਸਾਮਾਨ ਦੀ ਢੋਆ-ਢੁਆਈ ਕਰਕੇ ਜੁੜੇ ਗ੍ਰਾਹਕ ਉਸਤੋਂ ਖੁਸ਼ ਵੀ ਹਨ ਤੇ ਵਿਸ਼ਵਾਸ਼ ਵੀ ਕਰਦੇ ਹਨ ਕਿ ਉਨ੍ਹਾਂ ਦਾ ਸਮਾਨ ਸਹੀ ਟਿਕਾਣੇ ਪਹੁੰਚ ਜਾਵੇਗਾ।
ਪਿੰਕੀ ਨੇ ਦੱਸਿਆ ਕਿ ਬੇਸ਼ੱਕ ਕਈ ਵਾਰ ਅਜਿਹਾ ਮੌਕਾ ਆਇਆ ਕਿ ਲੋਕਾਂ ਨੇ ਉਸਦੇ ਬਾਰੇ ਬਹੁਤ ਕੁੱਝ ਬੋਲਿਆ, ਗੰਦੀ ਨਜ਼ਰ ਨਾਲ ਵੀ ਵੇਖਿਆ ਪਰ ਉਸਨੇ ਪਰਵਾਹ ਨਹੀਂ ਕੀਤੀ। ਜਿਸਦਾ ਸਬੂਤ ਹੈ ਕਿ ਅੱਜ ਉਸਦੇ ਕੋਲ 5 ਛੋਟੇ ਹਾਥੀ ਹਨ। ਉਸਦਾ ਕਹਿਣਾ ਹੈ ਕਿ ਕੰਮ ਕਦੀ ਛੋਟਾ ਵੱਡਾ ਨਹੀਂ ਹੁੰਦਾ, ਬਸ ਉਸਨੂੰ ਕਰਨ ਵਾਲੇ ਦੀ ਨੀਅਤ ਦਾ ਫ਼ਲ ਉਸਨੂੰ ਮਿਲਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Abohar, Motivational, Women