ਦੀਪ ਕੁਮਾਰ
ਫ਼ਾਜ਼ਿਲਕਾ ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਵਿੱਢਿਆ ਗਿਆ ਅਤੇ ਸ਼ਹਿਰ ਦੇ ਮੁੱਖ ਬਜ਼ਾਰ ਵਿੱਚ ਰੇਹੜੀ ਵਾਲਿਆਂ ਤੋਂ ਕਬਜ਼ੇ ਨੂੰ ਛੁਡਵਾਉਣ ਲਈ, ਉਨ੍ਹਾਂ ਦਾ ਸਮਾਨ ਜ਼ਬਤ ਕੀਤਾ ਗਿਆ। ਜਿਸ ਨੂੰ ਲੈ ਕੇ ਹੰਗਾਮਾਂ ਹੋ ਗਿਆ। ਰੇਹੜੀ ਵਾਲਿਆਂ ਨੇ ਸੜਕ 'ਤੇ ਰੇਹੜੀਆਂ ਖੜੀਆਂ ਕਰ ਕੇ ਧਰਨਾ ਦਿੱਤਾ ਅਤੇ ਰੋਸ ਪ੍ਰਦਰਸਨ ਕੀਤਾ। ਨਗਰ ਕੌਂਸਲ ਦੀ ਰੇਹੜੀ ਵਾਲਿਆਂ ਜੰਮ ਕੇ ਵਿਰੋਧ ਕੀਤਾ।
ਸ਼ਹਿਰ ਦੇ ਇਤਿਹਾਸਕ ਘੰਟਾ ਘਰ ਚੌਂਕ ’ਤੇ ਨਗਰ ਕੌਂਸਲ ਦਾ ਅਮਲਾ ਪੂਰੀ ਤਿਆਰੀ ਨਾਲ ਪਹੁੰਚਿਆ। ਸੈਨੇਟਰੀ ਸੁਪਰਡੈਂਟ ਨਰੇਸ਼ ਖੇੜਾ ਅਤੇ ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਦੀ ਅਗਵਾਈ ਹੇਠ ਨਗਰ ਕੌਂਸਲ ਕਰਮੀਆਂ ਨੇ ਘੰਟਾ ਘਰ ਚੌਂਕ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਵਾਏ ਅਤੇ ਉਨ੍ਹਾਂ ਦਾ ਸਮਾਨ ਜ਼ਬਤ ਕਰ ਲਿਆ। ਜਿਸ ਦਾ ਵਿਰੋਧ ਦੁਕਾਨਦਾਰਾਂ ਅਤੇ ਰੇਹੜੀ ਚਾਲਕਾਂ ਵਲੋਂ ਕੀਤਾ ਗਿਆ।
ਰੇਹੜੀ ਚਾਲਕਾਂ ਵੱਲੋਂ ਘੰਟਾ ਘਰ ਚੌਂਕ ’ਤੇ ਰੇਹੜੀਆਂ ਖੜੀਆਂ ਕਰ ਸੜਕ ਜਾਮ ਕੀਤੀ ਗਈ ਅਤੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਮਟਕਾ ਤੋੜ ਪ੍ਰਦਰਸ਼ਨ ਵੀ ਕੀਤਾ। ਰੇਹੜੀ ਚਾਲਕਾਂ ਦਾ ਕਹਿਣਾ ਸੀ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਰੇਹੜੀਆਂ ਲਾ ਕੇ ਚਲਾ ਰਹੇ ਹਨ, ਪਰ ਪ੍ਰਸ਼ਾਸਨ ਉਨ੍ਹਾਂ ਨੂੰ ਰੋਟੀ ਖਾਣ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਸ਼ਾ, ਚੋਰੀ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕ ਨਹੀਂ ਪਾ ਰਿਹਾ, ਜਦੋਂਕਿ ਰੇਹੜੀ ਚਾਲਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਆਏ ਦਿਨ ਨਗਰ ਕੌਂਸਲ ਮੁਲਾਜ਼ਮ, ਅਧਿਕਾਰੀਆਂ ਦੇ ਹੁਕਮਾਂ 'ਤੇ ਬਾਜ਼ਾਰਾਂ ਵਿੱਚ ਆਉਂਦੇ ਹਨ ਅਤੇ ਰੇਹੜੀ ਚਾਲਕਾਂ ਦਾ ਵੱਡਾ ਨੁਕਸਾਨ ਕਰ ਜਾਂਦੇ ਹਨ।
ਇਸ ਮਾਮਲੇ ਸੰਬੰਧੀ ਫ਼ਾਜ਼ਿਲਕਾ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਮੁਤਾਬਿਕ ਇਹ ਕਾਰਵਾਈ ਕੀਤੀ ਜਾ ਰਹੀ ਹੈ। ਕਿਉਂਕਿ ਸ਼ਹਿਰ ਅੰਦਰ ਟ੍ਰੈਫ਼ਿਕ ਵਿਵਸਥਾ, ਰੇਹੜੀ ਚਾਲਕਾਂ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਵਿਗੜਦੀ ਹੈ। ਉਨ੍ਹਾਂ ਕਿਹਾ ਕਿ ਰੇਹੜੀ ਚਾਲਕਾਂ ਨੂੰ ਜਗ੍ਹਾ ਦੀ ਅਲਾਟਮੈਂਟ ਕੀਤੀ ਜਾ ਚੁੱਕੀ ਹੈ, ਫਿਰ ਵੀ ਰੇਹੜੀ ਚਾਲਕ ਨਾਜਾਇਜ਼ ਕਬਜ਼ੇ ਕਰ ਰਹੇ ਹਨ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।