ਜਲਾਲਾਬਾਦ: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਅਬੋਹਰ ਸੈਕਟਰ 'ਚ ਪਾਕਿਸਤਾਨ ਦੀ ਨਾਪਾਕ ਹਰਕਤ ਦੇਖਣ ਨੂੰ ਮਿਲੀ ਹੈ। ਬੀਤੀ ਰਾਤ ਚੌਕੀ ਜਲਾਲਾਬਾਦ ਇਲਾਕੇ ਦੇ ਐਸ.ਐਸ. ਵਾਲਾ ਦੇ ਨੇੜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਡਰੋਨ 'ਤੇ ਗੋਲੀਬਾਰੀ ਕੀਤੀ ਗਈ। ਪਰ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ। ਕਰੀਬ 33 ਰਾਉਂਡ ਫਾਇਰ ਕੀਤੇ ਗਏ। ਸਰਹੱਦੀ ਖੇਤਰ 'ਚ ਪਾਕਿਸਤਾਨੀ ਪਾਸਿਓਂ ਡਰੋਨਾਂ ਦੀ ਆਵਾਜਾਈ ਤੇਜ਼ ਕਰ ਦਿੱਤੀ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਫਾਜ਼ਿਲਕਾ ਸਰਹੱਦੀ ਇਲਾਕੇ 'ਚ ਡਰੋਨ ਦੇਖੇ ਜਾ ਰਹੇ ਹਨ। ਜਿਸ ਸਬੰਧੀ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ। ਪਾਕਿਸਤਾਨ ਵੱਲੋਂ ਪਹਿਲਾਂ ਵੀ ਕਈ ਵਾਰ ਡਰੋਨ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕੀਤੀ ਜਾ ਚੁੱਕੀ ਹੈ।
ਡਰੋਨ ਤੋਂ ਬਾਅਦ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਪਰ ਕੋਈ ਬਰਾਮਦਗੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਖੇਤਰ 'ਚ ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਡਰੋਨ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਜਿਸ ਸਬੰਧੀ ਬੀ.ਐਸ.ਐਫ. ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਡੇਗਣ ਦੀ ਕੋਸ਼ਿਸ਼ ਵੀ ਕੀਤੀ। ਪਰ ਹਨੇਰੇ ਦਾ ਫਾਇਦਾ ਉਠਾ ਕੇ ਡਰੋਨ ਵਾਪਸ ਪਾਕਿਸਤਾਨ ਜਾਣ ਵਿੱਚ ਕਾਮਯਾਬ ਹੋ ਰਿਹਾ ਹੈ।
ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਲਾਲਾਬਾਦ ਦੇ ਇਲਾਕੇ ਵਿੱਚ ਡਰੋਨ ਦੀ ਹਰਕਤ ਦੇਖੀ ਗਈ। ਉਸ ਤੋਂ ਬਾਅਦ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਜਲਾਲਾਬਾਦ ਦੇ ਡੀ.ਐਸ.ਪੀ ਅਤੁਲ ਸੋਨੀ ਨੇ ਦੱਸਿਆ ਕਿ ਬੀਤੀ ਰਾਤ ਬਾਹਰਲੇ ਪਾਸੇ ਡਰੋਨ ਦੀ ਹਰਕਤ ਤੋਂ ਬਾਅਦ ਬੀਐਸਐਫ ਵੱਲੋਂ 33 ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ। ਉਨ੍ਹਾਂ ਨੇ ਦੱਸਿਆ ਕਿ ਡਰੋਨ ਦੀ ਹਰਕਤ ਨੂੰ ਦੋ ਵਾਰ ਦੇਖਿਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।