ਜਤਿਨ ਸ਼ਰਮਾ
ਗੁਰਦਾਸਪੁਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਚਾਈਨਾ ਡੋਰ ਦੀ ਵਰਤੋਂ 'ਤੇ ਵਿਕਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਨੂੰ ਪਲਾਸਟਿਕ ਡੋਰ ਦੀ ਥਾਂ ਸੂਤੀ ਧਾਗੇ ਦੀ ਡੋਰ ਨਾਲ ਪਤੰਗਾਂ ਉਡਾਉਣ ਦੀ ਕੀਤੀ ਅਪੀਲ ਤਹਿਤ ਬੱਚੇ ਧਾਗੇ ਦੀ ਡੋਰ ਦੀ ਵਰਤੋਂ ਕਰਨ ਲਈ ਅੱਗੇ ਆ ਰਹੇ ਹਨ। ਅੱਜ ਗੁਰਦਾਸਪੁਰ ਸ਼ਹਿਰ ਦੇ ਤਿੰਨ ਬੱਚੇ ਜਿਨ੍ਹਾਂ ਦਾ ਨਾਮ ਲੋਕੇਸ਼, ਸਿਮੋਹਨ ਅਤੇ ਦੀਪਕ ਹੈ, ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਲ ਭਵਨ ਗੁਰਦਾਸਪੁਰ ਵਿਖੇ ਪਲਾਸਟਿਕ ਡੋਰ ਨੂੰ ਧਾਗੇ ਦੀ ਡੋਰ ਨਾਲ ਵਟਾਉਣ ਲਈ ਪਹੁੰਚੇ।
ਇਨ੍ਹਾਂ ਬੱਚਿਆਂ ਨੇ ਚਾਈਨਾ ਡੋਰ ਦੇ ਤਿੰਨ ਗੱਟੂ ਬਾਲ ਭਵਨ ਵਿਖੇ ਬਣੇ ਵਿਸ਼ੇਸ਼ ਕਾਊਂਟਰ 'ਤੇ ਜਮ੍ਹਾਂ ਕਰਵਾ ਦਿੱਤੇ, ਜਿਥੇ ਬਦਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੱਚਿਆਂ ਨੂੰ ਧਾਗੇ ਦੀ ਡੋਰ ਅਤੇ ਨਾਲ ਪੰਜ-ਪੰਜ ਪਤੰਗਾਂ ਦਿੱਤੀਆਂ ਗਈਆਂ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਆਪਣੇ ਦਫ਼ਤਰ ਵਿਖੇ ਇਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਤੰਗਬਾਜ਼ੀ ਲਈ ਸਿਰਫ ਧਾਗੇ ਦੀ ਡੋਰ ਹੀ ਵਰਤੀ ਜਾਣੀ ਚਾਹੀਦੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ 'ਤੇ ਇਹ ਬੱਚੇ ਵੀ ਚਾਈਨਾ ਡੋਰ ਛੱਡ ਕੇ ਧਾਗੇ ਦੀ ਡੋਰ ਦੀ ਵਰਤੋਂ ਲਈ ਅੱਗੇ ਆਏ ਹਨ ਜੋ ਕਿ ਚੰਗੀ ਗੱਲ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਪਤੰਗਾਂ ਉਡਾਉਣ ਸਮੇਂ ਆਪਣੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਹੋਰ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਬੱਚੇ ਪਤੰਗਾਂ ਉਡਾਉਣਾ ਚਾਹੁੰਦੇ ਹਨ ਉਹ ਸਿਰਫ ਸੂਤੀ ਧਾਗੇ ਦੀ ਡੋਰ ਨਾਲ ਹੀ ਪਤੰਗਾਂ ਉਡਾਉਣ। ਉਨ੍ਹਾਂ ਕਿਹਾ ਕਿ ਬਾਲ ਭਵਨ ਗੁਰਦਾਸਪੁਰ ਅਤੇ ਨਗਰ ਨਿਗਮ ਦਫ਼ਤਰ ਬਟਾਲਾ ਵਿਖੇ ਬੱਚੇ ਆਪਣੇ ਘਰ ਪਈ ਪਲਾਸਟਿਕ ਡੋਰ ਨੂੰ ਵਟਾ ਕੇ ਬਦਲੇ ਵਿੱਚ ਸੂਤੀ ਧਾਗੇ ਦੀ ਡੋਰ 'ਤੇ ਪਤੰਗਾਂ ਮੁਫ਼ਤ ਵਿੱਚ ਲਿਜਾ ਸਕਦੇ ਹਨ। ਇਸ ਮੌਕੇ ਰਾਜੀਵ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਗੁਰਦਾਸਪੁਰ, ਬਾਲ ਭਵਨ ਤੋਂ ਰਾਜ ਬਖਸ਼ੀ ਵੀ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।