ਬਟਾਲਾ ਵਿੱਚ ਦੇਰ ਰਾਤ ਦੋ ਧਿਰਾਂ ਦਰਮਿਆਨ ਚੱਲੀਆਂ ਅੰਨ੍ਹੇਵਾਹ ਗੋਲੀਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਾਮਲਾ ਪਿੰਡ ਦਹੀਆ ਦਾ ਹੈ, ਜਿਥੇ ਗੋਲੀਬਾਰੀ ਦੀ ਘਟਨਾ ਵਿੱਚ ਸਾਬਕਾ ਸਰਪੰਚ ਦੀ ਮੌਤ ਹੋ ਗਈ। ਗੋਲੀ ਲੱਗਣ ਕਾਰਨ ਸਰਵਣ ਸਿੰਘ ਉਮਰ 65 ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਵਿੱਚ 6 ਵਿਅਕਤੀ ਕਾਰ 'ਤੇ ਸਵਾਰ ਹੋ ਕੇ ਆਏ ਸਨ ਅਤੇ ਸਾਬਕਾ ਸਰਪੰਚ ਦੇ ਘਰ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਸਰਵਣ ਸਿੰਘ ਨੇ ਵੀ ਲਾਇਸੰਸੀ ਪਿਸਤੌਲ ਨਾਲ ਜਵਾਬੀ ਕਾਰਵਾਈ ਕੀਤੀ, ਪਰੰਤੂ ਇਸ ਦੌਰਾਨ ਉਸ ਦੀ ਛਾਤੀ ਵਿੱਚ ਇੱਕ ਗੋਲੀ ਵੱਜ ਗਈ। ਸਰਵਣ ਸਿੰਘ ਦੀ ਜਵਾਬੀ ਕਾਰਵਾਈ ਵਿੱਚ ਵੀ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਜ਼ਖ਼ਮੀ ਸਰਵਣ ਸਿੰਘ ਨੂੰ ਰਿਸ਼ਤੇਦਾਰਾਂ ਨੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਦੂਜੀ ਧਿਰ ਵੀ ਆਪਣੇ ਦੋ ਜ਼ਖਮੀਆਂ ਨੂੰ ਸਿਵਲ ਹਸਪਤਾਲ ਲੈ ਗਈ, ਇਸ ਦੌਰਾਨ ਵੀ ਦੋਵਾਂ ਧਿਰਾਂ ਵਿੱਚ ਝੜਪ ਹੋ ਗਈ। ਹਸਪਤਾਲ 'ਚ ਸਥਿਤੀ ਤਣਾਅਪੂਰਨ ਹੋ ਗਈ ਸੀ। ਪਰੰਤੂ ਮੌਕੇ 'ਤੇ ਮੌਜੁਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਕਾਬੂ ਕਰ ਲਿਆ।
ਡਾਕਟਰਾਂ ਨੇ ਦੂਜੀ ਧਿਰ ਦੇ 2 ਜ਼ਖ਼ਮੀਆਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Batala, Firing, Gurdaspur, Punjab Police