ਜਤਿਨ ਸ਼ਰਮਾ
ਗੁਰਦਾਸਪੁਰ: ਕੇਵਲ 80 ਰੁਪਏ ਖ਼ਰਚ ਕਰ ਕੇ ਸਾਰਾ ਸਿਆਲ ਤਾਜ਼ੀਆਂ ਅਤੇ ਜ਼ਹਿਰ ਰਹਿਤ ਸਬਜ਼ੀਆਂ ਖਾਦੀਆਂ ਜਾ ਸਕਦੀਆਂ ਹਨ। 80 ਰੁਪਏ ਵਿੱਚ 10 ਵੱਖ-ਵੱਖ ਕਿਸਮਾਂ ਦੀਆਂ 5 ਕੁਇੰਟਲ ਤੋਂ ਵੱਧ ਦੀਆਂ ਸਬਜ਼ੀਆਂ ਪ੍ਰਾਪਤ ਕਰਨਾ ਕੋਈ ਸੁਪਨਾ ਨਹੀਂ ਬਲਕਿ ਪੂਰੀ ਤਰਾਂ ਹਕੀਕਤ ਹੈ। ਪੰਜਾਬ ਸਰਕਾਰ ਵੱਲੋਂ ਸੰਤੁਲਿਤ ਅਤੇ ਜ਼ਹਿਰ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੂਬੇ ਦੇ ਬਾਗ਼ਬਾਨੀ ਵਿਭਾਗ ਨੇ ਸਰਦ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਬੀਜਾਂ ਦੀ ਇੱਕ ਮਿੰਨੀ ਕਿੱਟ ਤਿਆਰ ਕੀਤੀ ਹੈ, ਜਿਸਦੀ ਕੀਮਤ 80 ਰੁਪਏ ਰੱਖੀ ਗਈ ਹੈ। ਇਸ ਬੀਜ ਕਿੱਟ ਵਿੱਚ ਸਰਦੀਆਂ ਦੀਆਂ ਸਬਜ਼ੀਆਂ ਦੇ 10 ਕਿਸਮਾਂ ਦੇ ਬੀਜ ਹਨ ਅਤੇ ਇਸ ਇੱਕ ਕਿੱਟ ਦੇ ਬੀਜ 6 ਮਰਲੇ ਰਕਬੇ ਵਿੱਚ ਬੀਜ ਕੇ ਸਾਰੇ ਸੀਜ਼ਨ ਦੌਰਾਨ ਤਾਜ਼ੀ ਤੇ ਘਰ ਦੀ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਰਦੀਆਂ ਦੀਆਂ ਸਬਜ਼ੀਆਂ ਲਈ ਘਰੇਲੂ ਬਗੀਚੀ ਲਈ ਸਬਜ਼ੀ ਬੀਜ ਕਿੱਟ ਬਾਗ਼ਬਾਨੀ ਵਿਭਾਗ ਦੇ ਦਫ਼ਤਰ ਤੋਂ 80 ਰੁਪਏ ਦੀ ਕੀਮਤ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬੀਜ ਕਿੱਟ ਵਿੱਚ ਗਾਜਰ, ਮੂਲ਼ੀ, ਸ਼ਲਗਮ, ਬਰੌਕਲੀ, ਮੇਥੀ, ਮਟਰ, ਧਨੀਆ ਅਤੇ ਹੋਰ ਸਿਆਲੀ ਸਬਜ਼ੀਆਂ ਦੇ ਬੀਜ ਹਨ। ਉਨ੍ਹਾਂ ਦੱਸਿਆ ਕਿ ਇਹ ਬੀਜ 6 ਮਰਲੇ ਰਕਬੇ ਵਿੱਚ ਬੀਜੇ ਜਾ ਸਕਦੇ ਹਨ ਅਤੇ ਸਾਰਾ ਸੀਜ਼ਨ 5 ਕੁਇੰਟਲ ਤੋਂ ਵੱਧ ਦੀ ਸਬਜ਼ੀ ਪੈਦਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਦੀਆਂ ਰੋਜ਼ਾਨਾ ਸਬਜ਼ੀਆਂ ਦੀਆਂ ਲੋੜਾਂ ਬੜੀ ਆਸਾਨੀ ਨਾਲ ਇਸ ਘਰੇਲੂ ਬਗੀਚੀ ਤੋਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਬਾਜ਼ਾਰ ਤੋਂ ਸਬਜ਼ੀਆਂ ਨਾ ਖਰੀਦ ਕੇ ਵੱਡੀ ਵਿੱਤੀ ਬੱਚਤ ਹੁੰਦੀ ਹੈ। ਬਾਜਵਾ ਨੇ ਦੱਸਿਆ ਕਿ ਘਰੇਲੂ ਬਗੀਚੀ ਨਾਲ ਜਿੱਥੇ ਧੰਨ ਦੀ ਬੱਚਤ ਹੁੰਦੀ ਹੈ ਉੱਥੇ ਨਾਲ ਹੀ ਇਹ ਸਬਜ਼ੀਆਂ ਜ਼ਹਿਰ ਰਹਿਤ ਹੁੰਦੀਆਂ ਹਨ ਅਤੇ ਰੋਜ਼ਾਨਾ ਤਾਜ਼ਾ ਤੋੜ ਕੇ ਬਣਾਈਆਂ ਇਹ ਸਬਜ਼ੀਆਂ ਸਿਹਤ ਲਈ ਬਹੁਤ ਵਧੀਆ ਹਨ।
ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਬੀਜ ਕਿੱਟ ਹਰ ਬਾਗ਼ਬਾਨੀ ਦਫ਼ਤਰ ਵਿੱਚ ਉਪਲਬਧ ਹੈ ਅਤੇ 80 ਰੁਪਏ ਦੀ ਕੀਮਤ ਵਿੱਚ ਇਹ ਇੱਕ ਕਿੱਟ ਖ਼ਰੀਦੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਸਮੇਤ ਸਮਾਜ ਦੇ ਹਰੇਕ ਵਰਗ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਵੀ ਥੋੜ੍ਹੀ ਬਹੁਤ ਥਾਂ ਉਪਲਬਧ ਹੈ ਉਹ ਆਪਣੀ ਘਰੇਲੂ ਬਗੀਚੀ ਜ਼ਰੂਰ ਬੀਜਣ ਅਤੇ ਤਾਜ਼ੀਆਂ ਅਤੇ ਜ਼ਹਿਰ ਰਹਿਤ ਸਬਜ਼ੀਆਂ ਖਾ ਕੇ ਨਿਰੋਗ ਅਤੇ ਤੰਦਰੁਸਤ ਜੀਵਨ ਬਸਰ ਕਰਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdaspur, Punjab, Vegetables