Benefits of Cinnamon: ਦੁੱਧ ਦਾ ਸੇਵਨ ਕਰਨਾ ਸਾਡੀ ਚੰਗੀ ਸਿਹਤ ਲਈ ਜ਼ਰੂਰੀ ਭੋਜਨ ਪਦਾਰਥਾਂ ਵਿਚੋਂ ਇਕ ਹੈ। ਇਹ ਪ੍ਰੋਟੀਨ ਦੇ ਨਾਲੋ ਨਾਲ ਹੋਰਨਾਂ ਕਈ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਡਾਕਟਰਾਂ ਤੋਂ ਲੈ ਕੇ ਡਾਈਟੀਸ਼ੀਅਨਾਂ ਤੱਕ ਸਭ ਹੀ ਦੁੱਧ ਦਾ ਸੇਵਨ ਕਰਨ ਲਈ ਕਹਿੰਦੇ ਹਨ। ਇਨਸਾਨ ਦੇ ਜਨਮ ਤੋਂ ਬਾਅਦ ਉਸਦਾ ਪਹਿਲਾਂ ਭੋਜਨ ਮਾਂ ਦਾ ਦੁੱਧ ਹੀ ਹੁੰਦਾ ਹੈ। ਇਸ ਤੋਂ ਵੀ ਤੁਸੀਂ ਦੁੱਧ ਦੇ ਫਾਇਦਿਆਂ ਦਾ ਅੰਦਾਜ਼ਾ ਲਗਾ ਸਕਦੇ ਹੋ। ਦੁੱਧ ਵਿਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਆਦਿ ਮੌਜੂਦ ਹੁੰਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਵਿਚ ਸ਼ਹਿਦ ਅਤੇ ਦਾਲਚੀਨੀ ਮਿਲਾ ਕੇ ਪੀਣ ਨਾਲ ਇਸਦੇ ਗੁਣਾਂ ਵਿਚ ਹੋਰ ਵੀ ਵਾਧਾ ਹੋ ਜਾਂਦਾ ਹੈ। ਇਸਦਾ ਕਾਰਨ ਹੈ ਕਿ ਸ਼ਹਿਦ ਤੇ ਦਾਲਚੀਨੀ ਵੀ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਮਾਹਿਰਾਂ ਦੇ ਦੱਸੇ ਮੁਤਾਬਿਕ ਦਾਲਚੀਨੀ ਵਿਚ ਆਇਰਨ, ਵਿਟਾਮਿਨ ਏ, ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ।
ਜੇਕਰ ਗੱਲ ਸ਼ਹਿਦ ਦੀ ਕਰੀਏ ਤਾਂ ਇਸ ਵਿਚ ਵਿਟਾਮਿਨ, ਮਿਨਰਲਸ, ਐਂਟੀਆਕਸੀਡੇਂਟ, ਐਂਟੀਬੈਕਟੀਰੀਆ ਤੇ ਐਂਟੀਇਨਫਲੈਮੇਟਰੀ ਗੁਣ ਮੌਜੂਦ ਹੁੰਦੇ ਹਨ। ਇਹਨਾਂ ਕਾਰਨਾਂ ਕਰਕੇ ਦੁੱਧ ਵਿਚ ਸ਼ਹਿਦ ਤੇ ਦਾਲਚੀਨੀ ਮਿਲਾ ਕੇ ਪੀਣ ਦੇ ਬਹੁਤ ਫਾਇਦੇ ਹਨ। ਆਓ ਤੁਹਾਡੇ ਨਾਲ ਇਹ ਫਾਈਦੇ ਸਾਂਝੇ ਕਰਦੇ ਹਾਂ –
ਪਾਚਣ ਕਿਰਿਆ ਵਿਚ ਸੁਧਾਰ
ਸਾਡਾ ਪਾਚਣ ਤੰਤਰ ਜਿੰਨਾਂ ਚੰਗਾ ਹੋਵੇਗਾ, ਸਾਡੀ ਸਿਹਤ ਵੀ ਓਨੀ ਹੀ ਚੰਗੀ ਹੋਵੇਗੀ। ਇਸਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਕੋਈ ਵੀ ਭੋਜਨ ਖਾਂਦੇ ਹਾਂ ਤਾਂ ਚੰਗਾ ਪਾਚਣ ਤੰਤਰ ਹੋਣ ਦੀ ਸੂਰਤ ਵਿਚ ਇਸ ਭੋਜਨ ਵਿਚ ਮੌਜੂਦ ਸਾਰੇ ਤੱਤ ਸਾਡੇ ਸਰੀਰ ਨੂੰ ਮਿਲਦੇ ਹਨ। ਇਸ ਲਈ ਜਿਹੜੇ ਭੋਜਨ ਪਦਾਰਥ ਸਾਡੀ ਪਾਚਣ ਕਿਰਿਆ ਵਿਚ ਸੁਧਾਰ ਕਰਦੇ ਹਨ, ਡਾਕਟਰ ਅਕਸਰ ਹੀ ਉਹਨਾਂ ਨੂੰ ਸਾਡੀ ਡਾਇਟ ਦਾ ਹਿੱਸਾ ਬਣਾਉਂਦੇ ਹਨ। ਦੁੱਧ ਵਿਚ ਸ਼ਹਿਦ ਤੇ ਦਾਲਚੀਨੀ ਮਿਲਾ ਕੇ ਪੀਣ ਨਾਲ ਵੀ ਪਾਚਣ ਤੰਤਰ ਵਿਚ ਸੁਧਾਰ ਹੁੰਦਾ ਹੈ।
ਇਮਊਨਿਟੀ ਬੂਸਟਰ
ਸਾਡਾ ਇਮਊਨ ਸਿਸਟਮ ਜਿਨ੍ਹਾਂ ਜ਼ਿਆਦਾ ਮਜ਼ਬੂਤ ਹੋਵੇਗਾ ਸਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਓਨੀ ਹੀ ਜ਼ਿਆਦਾ ਹੋਵੇਗੀ। ਹੁਣ ਸਰਦੀਆਂ ਦਾ ਮੌਸਮ ਹੈ ਤੇ ਇਸ ਮੌਸਮ ਵਿਚ ਠੰਡ ਜ਼ੁਕਾਮ ਤੋਂ ਵਧਕੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਦੁੱਧ ਵਿਚ ਦਾਲਚੀਨੀ ਤੇ ਸ਼ਹਿਦ ਮਿਲਾ ਕੇ ਪੀਂਦੇ ਹੋ ਤਾਂ ਇਸ ਵਿਚ ਮੌਜੂਦ ਐਂਟੀਬੈਕਟੀਰੀਆ ਆਦਿ ਗੁਣ ਤੁਹਾਡੇ ਇਮਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ।
ਕੋਲੇਸਟ੍ਰੋਲ ਤੇ ਕੰਟਰੋਲ
ਕੋਲੇਸਟ੍ਰੋਲ ਦੇ ਵਧਣ ਦਾ ਮਤਲਬ ਹੈ ਕਿ ਸਾਡੇ ਖੂਨ ਦੀਆਂ ਨਾੜਾਂ ਵਿਚ ਫੈਟ ਦਾ ਜਮਾ ਹੋ ਜਾਣਾ, ਇਸ ਨਾਲ ਸਾਡੇ ਖੂਨ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਹਾਰਟ ਅਟੈਕ ਤੇ ਬ੍ਰੇਨ ਸਟਰੌਕ ਜਿਹੀਆਂ ਜਾਨਲੇਵਾ ਘਟਨਾਵਾਂ ਵਾਪਰ ਜਾਂਦੀਆਂ ਹਨ। ਦੁੱਧ ਵਿਚ ਦਾਲਚੀਨੀ ਤੇ ਸ਼ਹਿਦ ਮਿਲਾਕੇ ਪੀਣ ਨਾਲ ਕੋਲੇਸਟ੍ਰੋਲ ਦੇ ਵਧਣ ਤੇ ਕੰਟਰੋਲ ਕੀਤਾ ਜਾ ਸਕਦਾ ਹੈ।
ਹੱਡੀਆਂ ਦੀ ਮਜ਼ਬੂਤੀ
ਅਸੀਂ ਦੱਸਿਆ ਹੈ ਕਿ ਦੁੱਧ, ਦਾਲਚੀਨੀ ਤੇ ਸ਼ਹਿਦ ਵਿਚ ਕੈਲਸ਼ੀਅਮ ਤੇ ਐਂਟੀ ਇੰਨਫਲੇਮੇਟਰੀ ਗੁਣ ਮੌਜੂਦ ਹੁੰਦੇ ਹਨ। ਇਸ ਲਈ ਜਦੋਂ ਇਹਨਾਂ ਨੂੰ ਮਿਲਾਕੇ ਪੀ ਲਿਆ ਜਾਵੇ ਤਾਂ ਸਾਡੀਆਂ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਇਸ ਸਦਕਾ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।