ਅਕਸਰ ਅਸੀਂ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਹਲਕੇ ਵਿੱਚ ਲੈ ਲੈਂਦੇ ਹਾਂ ਅਤੇ ਜ਼ਿਆਦਾ ਗੌਰ ਨਹੀਂ ਕਰਦੇ। ਵੈਸੇ ਤਾਂ ਸਿਆਣੇ ਆਖਦੇ ਹਨ ਕਿ ਕਦੇ ਵੀ ਕਰਜ਼ ਤੇ ਮਰਜ਼ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਹ ਗਲਤੀ ਬਾਅਦ ਵਿੱਚ ਬਹੁਤ ਭਾਰੀ ਪੈਂਦੀ ਹੈ। ਜਦੋਂ ਵੀ ਖੂਨ ਦੀ ਗੱਲ ਆਉਂਦੀ ਹੈ ਤਾਂ ਇਸ ਨਾਲ ਸਬੰਧਤ ਬਹੁਤ ਕੁੱਝ ਸਾਹਮਣੇ ਆਉਂਦਾ ਹੈ। ਜਿਵੇਂ ਸਭ ਤੋਂ ਪਹਿਲਾਂ ਬਲੱਡ ਗਰੁੱਪ, ਖੂਨ ਵਿੱਚ ਲਾਲ ਰਕਤਾਣੂਆਂ ਦੀ ਗਿਣਤੀ, ਖੂਨ ਵਿੱਚ ਸਫ਼ੈਦ ਜਾਂ ਚਿੱਟੇ ਰਕਤਾਣੂਆਂ ਦੀ ਗਿਣਤੀ ਅਤੇ ਪਲੇਟਲੈਟਸ ਦੀ ਗਿਣਤੀ ਆਦਿ।
ਆਮ ਤੌਰ 'ਤੇ ਪਲੇਟਲੈਟਸ ਬਾਰੇ ਘੱਟ ਹੀ ਚਰਚਾ ਹੁੰਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਜ਼ਰੂਰੀ ਤੱਤ ਹੈ ਇਸ ਦੀ ਕਮੀ ਨਾਲ ਵਿਅਕਤੀ ਦੀ ਮੌਤ ਨਿਸ਼ਚਿਤ ਹੋ ਸਕਦੀ ਹੈ। ਜਦੋਂ ਵੀ ਵਾਇਰਲ ਸੀਜ਼ਨ ਸ਼ੁਰੂ ਹੁੰਦਾ ਹੈ, ਉਸ ਸਮੇਂ ਪਲੇਟਲੈਟਸ ਦਾ ਜ਼ਿਕਰ ਆਮ ਹੋ ਜਾਂਦਾ ਹੈ ਕਿਉਂਕਿ ਵਾਇਰਲ ਬੁਖਾਰ ਆਦਿ ਕਰਕੇ ਪਲੇਟਲੈਟਸ ਦੀ ਗਿਣਤੀ ਘਟਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਲੇਟਲੈਟਸ ਦੀ ਕਮੀ ਨੂੰ ਥ੍ਰੋਮਬੋਸਾਈਟੋਪੇਨੀਆ ਕਿਹਾ ਜਾਂਦਾ ਹੈ।
ਕਿੰਨੀ ਹੋਣੀ ਚਾਹੀਦੀ ਹੈ ਪਲੇਟਲੈਟਸ ਦੀ ਗਿਣਤੀ:
ਤੰਦਰੁਸਤ ਰਹਿਣ ਲਈ ਸਾਡੇ ਸਰੀਰ ਵਿੱਚ ਸਾਰੇ ਤੱਤਾਂ ਦਾ ਸਹੀ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਤੰਦਰੁਸਤ ਵਿਅਕਤੀ ਲਈ ਸਰੀਰ ਵਿੱਚ ਪਲੇਟਲੈਟਸ ਦੀ ਗਿਣਤੀ 1.5 ਤੋਂ 4.5 ਲੱਖ ਪ੍ਰਤੀ ਮਾਈਕ੍ਰੋਲੀਟਰ ਹੋਣੀ ਚਾਹੀਦੀ ਹੈ। ਇਸ ਦੀ ਕਮੀ ਦੇ ਕਾਰਨ ਸੱਟ ਲੱਗਣ 'ਤੇ ਖੂਨ ਵਹਿਣਾ ਬੰਦ ਨਹੀਂ ਹੁੰਦਾ ਹੈ। ਇਸ ਦੀ ਕਮੀ ਕਰਕੇ ਖੂਨ ਦਾ ਥੱਕਾ ਨਹੀਂ ਬਣਦਾ। ਜੇਕਰ ਪਲੇਟਲੈਟਸ ਦੀ ਗਿਣਤੀ 20,000 ਤੋਂ ਹੇਠਾਂ ਆ ਜਾਂਦੀ ਹੈ, ਤਾਂ ਨਾੜੀਆਂ ਦੇ ਫਟਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਕਮੀ ਦੇ ਲੱਛਣ:
ਮੇਓ ਕਲੀਨਿਕ ਅਨੁਸਾਰ ਸਰੀਰ ਵਿੱਚ ਖੂਨ ਦੀ ਕਮੀ ਹੋਣ ਕਾਰਨ ਮਾਮੂਲੀ ਸੱਟ ਲੱਗਣ ’ਤੇ ਖੂਨ ਨਿਕਲਣ ਲੱਗਦਾ ਹੈ। ਇਸ ਨਾਲ ਸਰੀਰ ਦੀ ਚਮੜੀ 'ਤੇ ਦਾਗ ਬਣਦੇ ਹਨ ਜਿਹਨਾਂ ਨੂੰ ਦੇਖਣ 'ਤੇ ਲੱਗਦਾ ਹੈ ਕਿ ਇਹਨਾਂ ਵਿਚੋਂ ਖੂਨ ਰਿਸ ਰਿਹਾ ਹੈ।
ਕੀ ਹਨ ਕਮੀ ਦੇ ਕਾਰਨ:
ਜੇਕਰ ਅਸੀਂ ਪਲੇਟਲੈਟਸ ਦੀ ਕਮੀ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕੁਝ ਪੌਸ਼ਟਿਕ ਤੱਤਾਂ ਦੀ ਕਮੀ ਵੀ ਪਲੇਟਲੇਟਸ ਦੀ ਗਿਣਤੀ ਘਟਣ ਦੀ ਵਜ੍ਹਾ ਹੋ ਸਕਦੀ ਹੈ। ਬਲੱਡ ਕੈਂਸਰ, ਕੁਝ ਹੋਰ ਕੈਂਸਰ, ਅਨੀਮੀਆ, ਵਾਇਰਲ ਇਨਫੈਕਸ਼ਨ, ਹੈਪੇਟਾਈਟਸ ਸੀ, ਐੱਚਆਈਵੀ, ਡੇਂਗੂ, ਕੀਮੋਥੈਰੇਪੀ, ਜ਼ਿਆਦਾ ਸ਼ਰਾਬ ਪੀਣ ਨਾਲ ਵੀ ਖੂਨ ਵਿੱਚ ਪਲੇਟਲੈਟਸ ਦੀ ਕਮੀ ਹੋ ਸਕਦੀ ਹੈ।
ਕਿਵੇਂ ਵਧੇਗੀ ਪਲੇਟਲੈਟਸ ਦੀ ਗਿਣਤੀ:
ਹੈਲਥਲਾਈਨ ਮੁਤਾਬਿਕ ਪਲੇਟਲੈਟਸ ਦੀ ਗਿਣਤੀ ਨੂੰ ਵਧਾਉਣ ਲਈ ਅੰਡੇ, ਹਰੇ ਮਟਰ, ਕਿਡਨੀ ਬੀਨਜ਼, ਸੰਤਰਾ, ਸੰਤਰੇ ਦਾ ਰਸ, ਕੱਦੂ ਦੇ ਬੀਜ, ਦਾਲਾਂ, ਫਲੀਦਾਰ ਸਬਜ਼ੀਆਂ, ਆਂਵਲਾ, ਅੰਬ, ਅਨਾਨਾਸ, ਗੋਭੀ, ਟਮਾਟਰ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਅਨਾਰ ਅਤੇ ਚੁਕੰਦਰ ਦਾ ਜੂਸ ਪੀਣਾ ਬਿਹਤਰ ਹੋਵੇਗਾ। ਪਪੀਤੇ ਦੇ ਪੱਤਿਆਂ ਦਾ ਰਸ ਪਲੇਟਲੈਟਸ ਨੂੰ ਵਧਾਉਣ ਵਿੱਚ ਕਾਰਗਰ ਹੈ। ਇਹਨਾਂ ਤੋਂ ਇਲਾਵਾ ਕੀਵੀ, ਗਿਲੋਏ, ਪਾਲਕ ਵੀ ਪਲੇਟਲੈਟਸ ਦੀ ਗਿਣਤੀ ਵਧਾਉਣ ਵਿੱਚ ਕਾਰਗਰ ਮੰਨੇ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news