Healthy Black Long Hair Tips: ਵਾਲ ਸਾਡੀ ਦਿੱਖ ਨੂੰ ਪ੍ਰਭਾਵਿਤ ਕਰਦੇ ਹਨ। ਭਾਰਤ ਦੀਆਂ ਬਹੁਗਿਣਤੀ ਔਰਤਾਂ ਲੰਮੇ, ਕਾਲੇ ਤੇ ਸੱਘਣੇ ਵਾਲ ਰੱਖਣ ਦੀਆਂ ਸ਼ੌਕੀਨ ਹਨ। ਦੂਜੇ ਪਾਸੇ ਜੇਕਰ ਵਾਲ ਛੋਟੇ ਵੀ ਹੋਣ ਤਾਂ ਵੀ ਇਹ ਕਾਲੇ ਤੇ ਸੰਘਣੇ ਹੋਣੇ ਜ਼ਰੂਰੀ ਹਨ। ਕਾਲੇ ਤੇ ਸੱਘਣੇ ਵਾਲ ਸਾਡੀ ਦਿੱਖ ਦੇ ਪ੍ਰਭਾਵ ਨੂੰ ਵਧਾਉਂਦੇ ਹਨ। ਇਸੇ ਕਾਰਨ ਸਫੇਦ ਵਾਲਾਂ ਨੂੰ ਕਾਲੇ ਕਰਨ ਲਈ ਬਾਜ਼ਾਰ ਵਿਚ ਵੰਨ ਸੁਵੰਨੇ ਪ੍ਰੌਡਕਟ ਵਿਕ ਰਹੇ ਹਨ, ਕਈ ਵਾਰ ਤਾਂ ਇਹ ਪ੍ਰੌਡਕਟ ਵੀ ਵਾਲਾਂ ਦੀ ਕਮਜ਼ੋਰੀ ਦਾ ਕਾਰਨ ਬਣ ਜਾਂਦੇ ਹਨ। ਅਜਿਹੇ ਵਿਚ ਸਭ ਤੋਂ ਚੰਗਾ ਇਹੀ ਹੈ ਕਿ ਵਾਲਾਂ ਦੀ ਕੁਦਰਤੀ ਤਰੀਕਿਆਂ ਨਾਲ ਸੰਭਾਲ ਕੀਤੀ ਜਾਵੇ। ਇਹਨਾਂ ਕੁਦਰਤੀ ਢੰਗਾ ਵਿਚ ਵਰਤੇ ਜਾਣ ਵਾਲੀਆਂ ਚੀਜ਼ਾਂ ਸਾਡੇ ਘਰ ਵਿਚ ਹੀ ਮੌਜੂਦ ਹੁੰਦੀਆਂ ਹਨ, ਇਸ ਲਈ ਕੋਈ ਬਹੁਤਾ ਖਰਚ ਵੀ ਨਹੀਂ ਹੁੰਦਾ। ਸੋ ਆਓ ਤੁਹਾਨੂੰ ਦੱਸਦੇ ਹਾਂ ਉਹ ਕੁਦਰਤੀ ਤਰੀਕੇ ਜਿਹਨਾਂ ਦੀ ਮੱਦਦ ਨਾਲ ਤੁਸੀਂ ਲੰਮੇ, ਸੰਘਣੇ ਤੇ ਕਾਲੇ ਵਾਲ ਪਾ ਸਕਦੇ ਹੋ –
ਕੜੀ ਪੱਤਾ –ਕੜੀ ਪੱਤੇ ਦੀ ਵਰਤੋਂ ਕਰਕੇ ਵਾਲਾਂ ਦੀ ਕੁਦਰਤੀ ਤਰੀਕੇ ਨਾਲ ਸੰਭਾਲ ਕੀਤੀ ਜਾ ਸਕਦੀ ਹੈ। ਇਸ ਲਈ ਕੜੀ ਪੱਤਿਆਂ ਨੂੰ ਮਿਕਸਰ ਜਾਂ ਕੂੰਡੇ ਘੋਟੇ ਦੀ ਮੱਦਦ ਨਾਲ ਬਾਰੀਕ ਪੀਸ ਲਵੋ। ਇਸ ਕੜੀ ਪੱਤੇ ਦੇ ਪਾਊਡਰ ਵਿਚ ਦੋ ਚਮਚ ਆਂਵਲਾ ਪਾਊਡਰ ਅਤੇ ਦੋ ਚਮਚ ਬ੍ਰਹਮੀ ਪਾਊਡਰ ਸ਼ਾਮਿਲ ਕਰੋ। ਹੁਣ ਇਸ ਮਿਸ਼ਰਣ ਵਿਚ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ ਤੇ ਇਸਨੂੰ ਵਾਲਾਂ ਉੱਤੇ ਲਗਾ ਲਵੋ। ਫਿਰ ਇਕ ਘੰਟੇ ਬਾਦ ਕੋਸੇ ਪਾਣੀ ਨਾਲ ਵਾਲ ਧੋ ਲਵੋ।
ਆਂਵਲਾ –ਆਯੂਰਵੈਦਿਕ ਦਵਾ ਪ੍ਰਣਾਲੀ ਵਿਚ ਆਂਵਲੇ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ, ਇਸਦਾ ਕਾਰਨ ਹੈ ਕਿ ਆਂਵਲਾ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸੇ ਕਾਰਨ ਵਾਲਾਂ ਨੂੰ ਮਜ਼ਬੂਤ ਤੇ ਕਾਲੇ ਕਰਨ ਲਈ ਵੀ ਆਂਵਲੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਤਿੰਨ ਚਾਰ ਆਂਵਲਿਆਂ ਨੂੰ ਟੁਕੜਿਆਂ ਵਿਚ ਕੱਟਕੇ ਇਕ ਗਿਲਾਸ ਪਾਣੀ ਵਿਚ ਉਬਾਲ ਲਵੋ। ਇਸ ਪਾਣੀ ਨੂੰ ਠੰਡਾ ਕਰਕੇ ਵਾਲਾਂ ਤੇ ਲਗਾਓ ਤੇ ਇਕ ਘੰਟੇ ਬਾਅਦ ਵਾਲ ਧੋ ਲਵੋ। ਇਸਦੇ ਨਾਲ ਹੀ ਹਰ ਰੋਜ਼ ਸਵੇਰੇ ਇਕ ਆਂਵਲੇ ਦਾ ਸੇਵਨ ਕਰਨ ਨਾਲ ਵੀ ਵਾਲਾਂ ਦੀ ਮਜ਼ਬੂਤੀ ਸਮੇਤ ਸਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ।
ਐਲੋਵੇਰਾ –ਐਲੋਵੇਰਾ ਵੀ ਆਂਵਲੇ ਵਾਂਗ ਹੀ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਸਾਰੇ ਢੰਗਾਂ ਨਾਲ ਕੰਮ ਆਉਂਦਾ ਹੈ। ਸਫੇਦ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਵਾਲ ਕਾਲੇ ਤੇ ਸੰਘਣੇ ਹੋ ਜਾਂਦੇ ਹਨ।
ਨਾਰੀਅਲ ਦਾ ਤੇਲ –ਨਾਰੀਅਲ ਤੇਲ ਵੀ ਵਾਲਾਂ ਨੂੰ ਨਰਿਸ਼ਮੈਂਟ ਦੇਣ ਲਈ ਬਹੁਤ ਉਪਯੋਗੀ ਹੈ। ਇਸ ਲਈ ਆਪਣੇ ਵਾਲਾਂ ਦੇ ਹਿਸਾਬ ਨਾਲ ਨਾਰੀਅਲ ਤੇਲ ਨੂੰ ਇਕ ਛੋਟੀ ਕੌਲੀ ਵਿਚ ਪਾਓ ਤੇ ਇਸ ਵਿਚ ਨਿੰਬੂ ਦਾ ਰਸ ਨਿਚੋੜ ਲਵੋ। ਇਸ ਮਿਸ਼ਰਣ ਨਾਲ ਸਿਰ ਦੇ ਵਾਲਾ ਦੀ ਮਾਲਿਸ਼ ਕਰੋ। ਇਕ ਤੋਂ ਦੋ ਘੰਟੇ ਇਸ ਤੇਲ ਨੂੰ ਵਾਲਾਂ ਉੱਤੇ ਰੱਖਣ ਤੋਂ ਬਾਅਦ ਸਾਦੇ ਪਾਣੀ ਨਾਲ ਵਾਲ ਧੋ ਲਵੋ।
ਕਾਲੀ ਚਾਹ –ਕਾਲੀ ਚਾਹ ਬਿਨਾਂ ਦੁੱਧ ਤੋਂ ਚਾਹ ਪੱਤੀ ਉਬਾਲ ਕੇ ਬਣਦੀ ਹੈ। ਇਕ ਗਿਲਾਸ ਪਾਣੀ ਵਿਚ ਦੋ ਚਮਚ ਚਾਹ ਪਾ ਕੇ ਉਬਾਲ ਲਵੋ। ਇਸ ਨੂੰ ਛਾਣ ਕੇ ਠੰਡਾ ਹੋਣ ਲਈ ਰੱਖੋ। ਜਦ ਕਾਲੀ ਚਾਹ ਠੰਡੀ ਹੋ ਜਾਵੇ ਤਾਂ ਇਸਨੂੰ ਵਾਲਾਂ ਉੱਤੇ ਲਗਾ ਲਵੋ ਤੇ ਦੋ ਘੰਟਿਆਂ ਬਾਅਦ ਵਾਲ ਧੋ ਲਵੋ। ਹਫ਼ਤੇ ਵਿਚ ਇਕ ਵਾਰ ਇਸ ਢੰਗ ਨਾਲ ਵਾਲ ਜ਼ਰੂਰ ਧੋਵੋ। ਤੁਹਾਡੇ ਵਾਲੇ ਕਾਲੇ ਹੋਣ ਲੱਗ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ayurveda health tips, Hair Care Tips, Health care tips, Healthy lifestyle