Pregnancy and Obesity: ਗਰਭਵਤੀ ਔਰਤ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਦੀ ਚੰਗੀ ਸਿਹਤ ਲਈ ਉਹ ਜੋ ਵੀ ਖਾਵੇ ਉਹ ਦੋ ਲੋਕਾਂ ਦੇ ਬਰਾਬਰ ਖਾਵੇ। ਗਰਭਵਤੀ ਔਰਤਾਂ ਨੂੰ ਦਿੱਤੇ ਜਾਣ ਵਾਲੇ ਸੁਝਾਅ ਦਾ ਉਦੇਸ਼ ਗਰਭਵਤੀ ਔਰਤਾਂ ਨੂੰ ਸਹੀ ਤੇ ਸਿਹਤਮੰਦ ਭਾਰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਆਪਣੇ ਬੱਚੇ ਲਈ ਪੂਰੀ ਤੰਦਰੁਸਤੀ ਅਤੇ ਪੋਸ਼ਣ ਯਕੀਨੀ ਬਣਾਉਣਾ ਹੁੰਦਾ ਹੈ। ਹਾਲਾਂਕਿ ਦੋ ਦੇ ਬਰਾਬਰ ਖਾਣਾ ਖਾਣ ਕਰਕੇ ਗਰਭਵਤੀ ਔਰਤਾਂ ਵਿੱਚ ਮੋਟਾਪਾ ਆ ਸਕਦਾ ਹੈ, ਜਿਸ ਕਾਰਨ ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। ਇਸ ਬਾਰੇ ਐਸਟਰ ਸੀਐਮਆਈ ਹਸਪਤਾਲ, ਬੈਂਗਲੁਰੂ ਦੀ ਪ੍ਰਸੂਤੀ ਅਤੇ ਗਾਇਨਾਕੌਲੋਜੀ ਵਿਭਾਗ ਦੀ ਲੀਡ ਸਲਾਹਕਾਰ ਡਾ. ਐਨ ਸਪਨਾ ਲੂਲਾ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।
ਡਾ. ਐਨ ਸਪਨਾ ਨੇ ਦੱਸਿਆ ਕਿ ਮੋਟਾਪਾ ਇੱਕ ਗੁੰਝਲਦਾਰ ਬਿਮਾਰੀ ਹੈ ਜਿਸ ਵਿੱਚ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਚਰਬੀ ਦਾ ਵਿਕਾਸ ਹੋਣ ਲਗਦਾ ਹੈ। ਮੋਟਾਪਾ ਕਿਸੇ ਵੀ ਵਿਅਕਤੀ ਦੇ ਬਾਡੀ ਮਾਸ ਇੰਡੈਕਸ (BMI) ਦੇ ਆਧਾਰ 'ਤੇ ਮਾਪਿਆ ਜਾਂਦਾ ਹੈ। ਆਮ ਤੌਰ 'ਤੇ, 25 ਅਤੇ 29.8 ਦੇ ਵਿਚਕਾਰ BMI ਵਾਲੇ ਲੋਕਾਂ ਨੂੰ ਓਵਰ ਵੇਟ ਮੰਨਿਆ ਜਾਂਦਾ ਹੈ, ਜਦੋਂ ਕਿ BMI 30 ਜਾਂ ਇਸ ਤੋਂ ਵੱਧ ਵਾਲੇ ਲੋਕ ਮੋਟੇ ਮੰਨੇ ਜਾਂਦੇ ਹਨ।
ਮੋਟਾਪੇ ਨੂੰ ਤਿੰਨ ਪੱਧਰਾਂ ਦੇ ਤਹਿਤ ਸ਼੍ਰੇਣੀਬੱਧ ਕੀਤਾ ਗਿਆ ਹੈ, ਜੋ ਵਧ ਰਹੇ BMI ਅਤੇ ਸਿਹਤ ਜੋਖਮਾਂ ਨੂੰ ਦਰਸਾਉਂਦਾ ਹੈ। ਇਹਨਾਂ ਵਿੱਚ ਸ਼ਾਮਲ ਹਨ -
ਸ਼ਰੇਣੀ I ਮੋਟਾਪਾ: 30–34.9 ਦਾ BMI
ਸ਼ਰੇਣੀ II ਮੋਟਾਪਾ: 35–39.9 ਦਾ BMI
ਸ਼ਰੇਣੀ III ਮੋਟਾਪਾ: BMI 40 ਜਾਂ ਵੱਧ।
ਮੋਟਾਪਾ ਤੁਹਾਡੀ ਗਰਭ ਅਵਸਥਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?
ਡਾ. ਐਨ ਸਪਨਾ ਲੂਲਾ ਦੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਮੋਟਾਪਾ ਸਭ ਤੋਂ ਆਮ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ ਜਿਸ ਦਾ ਅਕਸਰ ਗਰਭਵਤੀ ਮਾਵਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਹ ਗਰਭ ਅਵਸਥਾ ਦੀਆਂ ਕਈ ਪੇਚੀਦਗੀਆਂ ਦੇ ਜੋਖ਼ਮ ਨੂੰ ਵਧਾਉਂਦਾ ਹੈ। ਆਮ ਤੌਰ 'ਤੇ, ਵਧੇ ਹੋਏ ਬਾਡੀ ਮਾਸ ਇੰਡੈਕਸ (BMI) ਵਾਲੀਆਂ ਔਰਤਾਂ ਨੂੰ ਮੋਟਾਪੇ ਦੇ ਕਾਰਨ ਹੇਠ ਲਿਖੀਆਂ ਸਿਹਤ ਸਮੱਸਿਆਵਾਂ ਦਾ ਅਨੁਭਵ ਕਰਨਾ ਪੈਂਦਾ ਹੈ...
ਗਰਭਕਾਲੀ ਹਾਈਪਰ ਟੈਨਸ਼ਨ: ਇਸ ਨੂੰ ਹਾਈ ਬਲੱਡ ਪ੍ਰੈਸ਼ਰ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਗਰਭ ਅਵਸਥਾ ਦੇ ਦੂਜੀ ਤਿਮਾਹੀ ਦੌਰਾਨ ਵਿਕਸਤ ਹੁੰਦਾ ਹੈ ਅਤੇ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰਦਾ ਹੈ
ਪ੍ਰੀ-ਐਕਲੈਂਪਸੀਆ: ਇਸ ਕਿਸਮ ਦੀ ਗੰਭੀਰ ਗਰਭਕਾਲੀ ਹਾਈਪਰ ਟੈਨਸ਼ਨ ਗਰਭ ਅਵਸਥਾ ਦੇ ਦੂਜੇ ਅੱਧ ਵਿੱਚ ਜਾਂ ਜਣੇਪੇ ਤੋਂ ਥੋੜ੍ਹੀ ਦੇਰ ਬਾਅਦ ਵਿਕਸਤ ਹੁੰਦੀ ਹੈ। ਇਸ ਸਥਿਤੀ ਦੇ ਕਾਰਨ, ਮੋਟੀਆਂ ਔਰਤਾਂ ਦੇ ਅਕਸਰ ਜਿਗਰ ਅਤੇ ਗੁਰਦੇ ਫ਼ੇਲ੍ਹ ਹੋ ਜਾਂਦੇ ਹਨ ਅਤੇ ਕਈ ਵਾਰ ਦੌਰੇ, ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਅਨੁਭਵ ਹੋ ਸਕਦਾ ਹੈ। ਹੋਰ ਜੋਖ਼ਮ ਦੇ ਮੁੱਦਿਆਂ ਵਿੱਚ ਗਰੱਭਸਥ ਸ਼ਿਸ਼ੂ ਦਾ ਵਿਕਾਸ ਅਤੇ ਪਲੈਸੈਂਟਾ ਨਾਲ ਸਬੰਧਿਤ ਸਮੱਸਿਆਵਾਂ ਸ਼ਾਮਲ ਹਨ।
ਔਬਸਟਰਕਟਿਵ ਸਲੀਪ ਐਪਨੀਆ: ਇਸ ਸਥਿਤੀ ਵਿੱਚ ਔਰਤ ਸੌਂਦੇ ਸਮੇਂ ਗਰਭ ਅਵਸਥਾ ਦੌਰਾਨ ਥੋੜ੍ਹੇ ਸਮੇਂ ਲਈ ਸਾਹ ਲੈਣਾ ਬੰਦ ਕਰ ਦਿੰਦੀ ਹੈ; ਸਲੀਪ ਐਪਨੀਆ ਔਰਤਾਂ ਨੂੰ ਵਧੇਰੇ ਥਕਾਵਟ ਮਹਿਸੂਸ ਕਰਾ ਸਕਦਾ ਹੈ ਅਤੇ ਉਨ੍ਹਾਂ ਦੇ ਪ੍ਰੀ-ਐਕਲੈਂਪਸੀਆ, ਹਾਈ ਬਲੱਡ ਪ੍ਰੈਸ਼ਰ, ਅਤੇ ਦਿਲ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਦੇ ਜੋਖ਼ਮ ਨੂੰ ਵਧਾ ਸਕਦੀ ਹੈ।
ਬੱਚੇ ਨੂੰ ਹੋਣ ਵਾਲੇ ਜਨਮ ਸੰਬੰਧੀ ਦੋਸ਼: ਮੋਟੀਆਂ ਗਰਭਵਤੀ ਔਰਤਾਂ ਤੋਂ ਪੈਦਾ ਹੋਏ ਬੱਚਿਆਂ ਨੂੰ ਜਨਮ ਸੰਬੰਧੀ ਨੁਕਸ ਜਿਵੇਂ ਕਿ ਨਿਊਰਲ ਟਿਊਬ ਦੇ ਨੁਕਸ ਅਤੇ ਦਿਲ ਦੇ ਨੁਕਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਮੈਕਰੋਸੋਮੀਆ: ਇਸ ਸਥਿਤੀ ਵਿੱਚ, ਗਰੱਭਸਥ ਸ਼ਿਸ਼ੂ ਆਮ ਨਾਲੋਂ ਵੱਡਾ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਜਣੇਪੇ ਦੌਰਾਨ ਇੰਜਰੀ ਹੋ ਸਕਦੀ ਹੈ।
ਗਰਭਕਾਲੀ ਸ਼ੂਗਰ: ਗਰਭ ਅਵਸਥਾ ਦੌਰਾਨ ਬਲੱਡ ਸ਼ੂਗਰ ਦੇ ਪੱਧਰ ਵਿੱਚ ਵਾਧੇ ਕਾਰਨ ਅਕਸਰ ਵੱਡੇ ਆਕਾਰ ਦੇ ਬੱਚੇ ਪੈਦਾ ਹੁੰਦੇ ਹਨ, ਜਿਸ ਕਾਰਨ ਬਹੁਤ ਸਾਰੀਆਂ ਮਾਵਾਂ ਨੂੰ ਸੀਜ਼ੇਰੀਅਨ ਡਿਲਿਵਰੀ ਵੀ ਕਰਵਾਉਣੀ ਪੈਂਦੀ ਹੈ। ਗਰਭਕਾਲੀ ਸ਼ੂਗਰ ਵਾਲੀਆਂ ਔਰਤਾਂ ਨੂੰ ਬਾਅਦ ਵਿੱਚ ਡਾਇਬੀਟੀਜ਼ ਮਲੇਟਸ ਹੋਣ ਦਾ ਖ਼ਤਰਾ ਹੁੰਦਾ ਹੈ, ਜੋ ਉਨ੍ਹਾਂ ਦੇ ਬੱਚਿਆਂ ਨੂੰ ਵੀ ਹੋ ਸਕਦਾ ਹੈ।
ਡਾਇਗਨੌਸਟਿਕ ਪ੍ਰਕਿਰਿਆਵਾਂ ਵਿੱਚ ਆ ਸਕਦੀ ਹੈ ਦਿੱਕਤ: ਔਰਤ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਚਰਬੀ ਹੋਣ ਕਾਰਨ ਅਲਟਰਾਸਾਊਂਡ ਦੇ ਦੌਰਾਨ ਗਰੱਭਸਥ ਸ਼ਿਸ਼ੂ ਦੇ ਸਰੀਰ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਰੁਕਾਵਟ ਆ ਸਕਦੀ ਹੈ ਅਤੇ ਜਣੇਪੇ ਦੌਰਾਨ ਗਰੱਭਸਥ ਸ਼ਿਸ਼ੂ ਦੇ ਦਿਲ ਦੀ ਧੜਕਣ ਦੀ ਨਿਗਰਾਨੀ ਕਰਨਾ ਵਧੇਰੇ ਚੁਣੌਤੀਪੂਰਨ ਬਣ ਸਕਦਾ ਹੈ।
ਸਿਹਤਮੰਦ ਗਰਭ ਅਵਸਥਾ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ: ਜੋਖ਼ਮ ਦੇ ਬਾਵਜੂਦ ਮੋਟੀਆਂ ਔਰਤਾਂ ਇੱਕ ਸਿਹਤਮੰਦ ਗਰਭ ਧਾਰਨ ਕਰ ਸਕਦੀਆਂ ਹਨ। ਹੇਠਾਂ ਦਿੱਤੇ ਟਿਪਸ ਦੀ ਮਦਦ ਨਾਲ ਮੋਟੀਆਂ ਔਰਤਾਂ ਫਿੱਟ ਅਤੇ ਸਿਹਤਮੰਦ ਰਹਿ ਸਕਦੀਆਂ ਹਨ।
- ਘੱਟੋ-ਘੱਟ 30 ਮਿੰਟ ਤੈਰਾਕੀ ਅਤੇ ਸੈਰ ਕਰਨ ਵਰਗੀਆਂ ਕਸਰਤਾਂ ਅਪਣਾਓ।
-ਇੱਕ ਸਿਹਤਮੰਦ ਖ਼ੁਰਾਕ ਦਾ ਸੇਵਨ ਕਰੋ ਅਤੇ ਆਪਣੀ ਖ਼ੁਰਾਕ ਵਿੱਚ ਘੱਟ ਕਾਰਬੋਹਾਈਡਰੇਟ ਅਤੇ ਉੱਚ ਚਰਬੀ ਵਾਲੇ ਪ੍ਰੋਟੀਨ ਵਾਲੇ ਭੋਜਨ ਸ਼ਾਮਲ ਕਰੋ
-ਚੌਲਾਂ ਦਾ ਸੇਵਨ ਘੱਟ ਤੋਂ ਘੱਟ ਕਰੋ।
-ਖੰਡ ਖਾਣ ਤੋਂ ਪਰਹੇਜ਼ ਕਰੋ ਅਤੇ ਅਜਿਹੀਆਂ ਚੀਜ਼ਾਂ ਨੂੰ ਡਾਈਟ ਵਿੱਚ ਸ਼ਾਮਲ ਕਰੋ ਜਿਨ੍ਹਾਂ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ।
-ਆਪਣੀ ਪ੍ਰਸੂਤੀ ਡਾਕਟਰ ਤੋਂ ਨਿਯਮਤ ਜਾਂਚ ਕਰਵਾਉਂਦੇ ਰਹੋ ਇਸ ਨਾਲ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਤੋਂ ਬਚਿਆ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Baby Planning, Obesity, Pregnancy