ਕਾਬੁਲ : ਅਫਗਾਨਿਸਤਾਨ (Afghanistan) ਵਿੱਚ ਤਾਲਿਬਾਨ (Taliban) ਇੱਕ ਤੋਂ ਬਾਅਦ ਇੱਕ ਖੇਤਰ ਉੱਤੇ ਕਬਜ਼ਾ ਕਰ ਰਿਹਾ ਹੈ। ਹੁਣ ਤਾਲਿਬਾਨ ਅਫਗਾਨ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਮਾਰ ਰਿਹਾ ਹੈ। ਸ਼ੁੱਕਰਵਾਰ ਨੂੰ ਤਾਲਿਬਾਨ ਲੜਾਕਿਆਂ ਨੇ ਅਫਗਾਨ ਸਰਕਾਰ ਦੇ ਮੀਡੀਆ ਅਤੇ ਸੂਚਨਾ ਕੇਂਦਰ ਦੇ ਮੁਖੀ ਦਾਵਾ ਖਾਨ ਮੇਨਪਾਲ (Dawa Khan Menapal) ਨੂੰ ਮਾਰ ਦਿੱਤਾ। ਟੋਲੋ ਨਿਊਜ਼ ਨੇ ਸੂਤਰਾਂ ਤੋਂ ਪੁਸ਼ਟੀ ਕੀਤੀ ਹੈ ਕਿ ਦਾਵਾ ਖਾਨ ਨੂੰ ਕਾਬੁਲ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ।
ਟੋਲੋ ਨਿਊਜ਼ ਦੇ ਅਨੁਸਾਰ, ਅਫਗਾਨਿਸਤਾਨ ਸਰਕਾਰ ਦੇ ਮੀਡੀਆ ਅਤੇ ਸੂਚਨਾ ਕੇਂਦਰ ਦੇ ਮੁਖੀ ਦਾਵਾ ਖਾਨ ਮੇਨਪਾਲ ਨੂੰ ਸ਼ੁੱਕਰਵਾਰ ਦੁਪਹਿਰ ਪੱਛਮੀ ਕਾਬੁਲ ਦੇ ਦਾਰੁਲ ਅਮਨ ਰੋਡ 'ਤੇ ਮਾਰ ਦਿੱਤਾ ਗਿਆ। ਅਜੇ ਤੱਕ ਅਫਗਾਨ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਦਾਵਾ ਖਾਨ ਦੀ ਮੌਤ ਬਾਰੇ ਕਿਹਾ ਹੈ ਕਿ ਦਾਵਾ ਨੂੰ ਉਸ ਦੇ ਕੰਮਾਂ ਦੀ ਸਜ਼ਾ ਦਿੱਤੀ ਗਈ ਹੈ।
ਅਫਗਾਨ ਸਰਕਾਰ ਵਿੱਚ ਮੀਡੀਆ ਵਿਭਾਗ ਦੇ ਮੁਖੀ ਤੋਂ ਪਹਿਲਾਂ, ਦਾਵਾ ਖਾਨ 2016 ਤੋਂ 2020 ਤੱਕ ਉਪ-ਰਾਸ਼ਟਰਪਤੀ ਦੇ ਬੁਲਾਰੇ ਸਨ। ਹਾਲ ਹੀ ਦੇ ਦਿਨਾਂ ਵਿੱਚ, ਉਹ ਪਾਕਿਸਤਾਨੀ ਪ੍ਰੌਕਸੀ ਯੁੱਧ (ਗੋਰਿਲਾ ਯੁੱਧ) ਦੇ ਵਿਰੁੱਧ ਬਿਆਨ ਦੇ ਰਿਹਾ ਸੀ।
ਦਾਵਾ ਖਾਨ ਮੇਨਪਾਲ ਦੱਖਣੀ ਅਫਗਾਨਿਸਤਾਨ ਦੇ ਜ਼ਾਬੁਲ ਪ੍ਰਾਂਤ ਦਾ ਵਸਨੀਕ ਸੀ। ਉਸਨੇ ਕਾਬੁਲ ਯੂਨੀਵਰਸਿਟੀ ਤੋਂ ਕਾਨੂੰਨ ਅਤੇ ਰਾਜਨੀਤੀ ਸ਼ਾਸਤਰ ਵਿੱਚ ਆਪਣੀ ਬੈਚਲਰ ਡਿਗਰੀ ਕੀਤੀ। ਸਰਕਾਰ ਲਈ ਕੰਮ ਕਰਨ ਤੋਂ ਪਹਿਲਾਂ, ਉਸਨੇ ਰੇਡੀਓ ਅਜ਼ਾਦੀ ਵਿੱਚ ਇੱਕ ਪੱਤਰਕਾਰ ਵਜੋਂ ਸੇਵਾ ਨਿਭਾਈ ਸੀ।
ਤਾਲਿਬਾਨ ਨੇ ਅਫਗਾਨ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਪਿਛਲੇ ਹਫਤੇ ਤਾਲਿਬਾਨ ਨੇ ਮਸ਼ਹੂਰ ਅਫਗਾਨ ਕਾਮੇਡੀਅਨ ਨਾਜ਼ਰ ਮੁਹੰਮਦ ਅਤੇ ਇਤਿਹਾਸਕਾਰ ਅਬਦੁੱਲਾ ਅਤਿਫੀ ਨੂੰ ਮਾਰ ਦਿੱਤਾ ਸੀ। ਦੋ ਦਿਨ ਪਹਿਲਾਂ ਤਾਲਿਬਾਨ ਨੇ ਬੁਰਕਾ ਨਾ ਪਹਿਨਣ ਕਾਰਨ ਇੱਕ ਬੱਚੀ ਦੀ ਹੱਤਿਆ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਤਾਲਿਬਾਨ ਨੇ ਇਤਿਹਾਸਕ ਗੁਰਦੁਆਰੇ ਤੋਂ ਜਬਰੀ ਹਟਾਇਆ ਨਿਸ਼ਾਨ ਸਾਹਿਬ
ਤਾਲਿਬਾਨ ਨੇ ਉੱਤਰ -ਪੂਰਬੀ ਸੂਬੇ ਤਖਰ ਸਮੇਤ ਕਈ ਜ਼ਿਲ੍ਹਿਆਂ 'ਤੇ ਕਬਜ਼ਾ ਕਰ ਲਿਆ ਹੈ। 100 ਤੋਂ ਜ਼ਿਆਦਾ ਜ਼ਿਲ੍ਹਾ ਕੇਂਦਰਾਂ 'ਤੇ ਤਾਲਿਬਾਨ ਦੇ ਝੰਡੇ ਲਹਿਰਾ ਰਹੇ ਹਨ। ਰਿਪੋਰਟਾਂ ਦੱਸਦੀਆਂ ਹਨ ਕਿ 34 ਵਿੱਚੋਂ 17 ਸੂਬਾਈ ਰਾਜਧਾਨੀਆਂ ਨੂੰ ਤਾਲਿਬਾਨ ਦੁਆਰਾ ਸਿੱਧਾ ਧਮਕੀ ਦਿੱਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।