ਟਵਿੱਟਰ ਤੋਂ ਬਾਅਦ ਹੁਣ ਐਮਾਜ਼ੋਨ ਨੇ ਵੀ ਨੌਕਰੀਆਂ ਵਿੱਚ ਕਟੌਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਐਮਾਜ਼ੋਨ ਹਾਰਡਵੇਅਰ ਦੇ ਮੁਖੀ ਡੇਵ ਲਿੰਪ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਇੱਕ ਮੀਮੋ ਵਿੱਚ ਲਿਖਿਆ ਕਿ ਲਗਾਤਾਰ ਸਮੀਖਿਆਵਾਂ ਤੋਂ ਬਾਅਦ ਅਸੀਂ ਹਾਲ ਹੀ ਵਿੱਚ ਕੁਝ ਟੀਮਾਂ ਅਤੇ ਪ੍ਰੋਗਰਾਮਾਂ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਮੁਤਾਬਕ ਕੁਝ ਟੀਮਾਂ ਨੂੰ ਆਪਸ ਵਿੱਚ ਮਿਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਕੁਝ ਲੋਕਾਂ ਦੇ ਰੋਲ ਦੀ ਲੋੜ ਨਹੀਂ ਰਹੇਗੀ।
ਐਮਾਜ਼ੋਨ ਹਾਰਡਵੇਅਰ ਦੇ ਮੁਖੀ ਡੇਵ ਲਿੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੰਪਨੀ ਨੇ ਪ੍ਰਭਾਵਿਤ ਕਰਮਚਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਕੰਪਨੀ ਆਪਣੇ ਕਰਮਚਾਰੀਆਂ ਲਈ ਨਵੀਆਂ ਭੂਮਿਕਾਵਾਂ ਲੱਭਣ ਵਿੱਚ ਉਨ੍ਹਾਂ ਦੀ ਸਹਾਇਤਾ ਕਰੇਗੀ। ਇਸ ਦੇ ਨਾਲ ਹੀ ਐਮਾਜ਼ੋਨ ਹਰ ਇੱਕ ਵਿਅਕਤੀ ਦੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।
ਕਿਉਂ ਕੀਤੀ ਜਾ ਰਹੀ ਹੈ ਐਮਾਜ਼ੋਨ ਵਿੱਚ ਛਾਂਟੀ?
ਅਮਰੀਕਾ ਦੇ ਮੀਡੀਆ ਦੀਆਂ ਰਿਪੋਰਟਾਂ 'ਚ ਬੁੱਧਵਾਰ ਨੂੰ ਕਿਹਾ ਗਿਆ ਕਿ ਇਸ ਖਬਰ ਨਾਲ ਐਮਾਜ਼ੋਨ ਦੇ ਲੱਖਾਂ ਕਰਮਚਾਰੀ ਡਰੇ ਹੋਏ ਹਨ। ਨਿਊਯਾਰਕ ਟਾਈਮਜ਼ ਨੇ ਇਸ ਹਫਤੇ ਰਿਪੋਰਟ ਕੀਤੀ ਕਿ ਐਮਾਜ਼ੋਨ ਕਾਰਪੋਰੇਟ ਅਤੇ ਤਕਨਾਲੋਜੀ ਭੂਮਿਕਾਵਾਂ ਵਿੱਚ ਲਗਪਗ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਕਟੌਤੀ ਕੰਪਨੀ ਦੇ ਇਤਿਹਾਸ 'ਚ ਸਭ ਤੋਂ ਵੱਡੀ ਕਟੌਤੀ ਹੋਵੇਗੀ। ਇਹ ਅੰਕੜਾ ਇਸ ਦੇ ਕਾਰਪੋਰੇਟ ਕਰਮਚਾਰੀਆਂ ਦਾ ਲਗਪਗ 3 ਫੀਸਦੀ ਦੱਸਿਆ ਜਾ ਰਿਹਾ ਹੈ।
ਕਰਮਚਾਰੀਆਂ ਦੀ ਛਾਂਟੀ ਦੇ ਨਾਲ ਇਹ ਵਿਭਾਗ ਹੋਣਗੇ ਪ੍ਰਭਾਵਿਤ
ਐਮਾਜ਼ੋਨ ਵਿੱਚ ਨਵੀਨਤਮ ਕਟੌਤੀ ਮੁੱਖ ਤੌਰ 'ਤੇ ਇਸ ਦੇ ਤਕਨੀਕੀ ਸਹਾਇਤਾ,ਪ੍ਰਚੂਨ ਵੰਡ ਅਤੇ ਮਨੁੱਖੀ ਸਰੋਤਾਂ ਨੂੰ ਪ੍ਰਭਾਵਤ ਕਰੇਗੀ। ਐਮਾਜ਼ੋਨ ਮੈਨੇਜਮੈਂਟ ਨੇ ਕਰਮਚਾਰੀਆਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਕੰਪਨੀ ਵਿੱਚ ਨਵੀਂ ਨੌਕਰੀ ਦੀ ਭਾਲ ਕਰਨ ਜਾਂ ਛੱਡਣ ਲਈ ਦੋ ਮਹੀਨੇ ਦਾ ਸਮਾਂ ਹੈ।ਇਸ ਤੋਂ ਇਲਾਵਾ ਐਮਾਜ਼ੋਨ ਦੇ ਬੁਲਾਰੇ ਕੈਲੀ ਨੈਂਟਲ ਨੇ ਇਹ ਵੀ ਕਿਹਾ ਕਿ ਕੁਝ ਲੋਕ ਹੁਣ ਕੰਪਨੀ ਲਈ ਜ਼ਰੂਰੀ ਨਹੀਂ ਹਨ। ਆਪਣੇ ਬਿਆਨ ਵਿੱਚ ਨੈਂਟਲ ਨੇ ਕਿਹਾ ਕਿ ਅਸੀਂ ਆਪਣੇ ਹਰ ਇੱਕ ਕਾਰੋਬਾਰ ਦੀ ਨੇੜਿਓਂ ਨਿਗਰਾਨੀ ਕਰਦੇ ਹਾਂ ਅਤੇ ਜਾਂਚ ਕਰਦੇ ਹਾਂ ਕਿ ਕੀ ਬਦਲਣ ਦੀ ਜ਼ਰੂਰਤ ਹੈ।
ਮੈਕਰੋ-ਆਰਥਿਕ ਮਾਹੌਲ ਦੇ ਮੱਦੇਨਜ਼ਰ ਕੁਝ ਟੀਮਾਂ ਨੂੰ ਕੀਤਾ 'ਅਡਜਸਟ'
ਮੌਜੂਦਾ ਮੈਕਰੋ-ਆਰਥਿਕ ਮਾਹੌਲ ਦੇ ਮੱਦੇਨਜ਼ਰ ਕੁਝ ਟੀਮਾਂ ਨੂੰ 'ਅਡਜਸਟ' ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਕੰਪਨੀ ਦੀ ਬਿਹਤਰੀ ਲਈ ਹੈ ਪਰ ਇਸ ਨਾਲ ਕੁਝ ਲੋਕਾਂ ਦੀਆਂ ਨੌਕਰੀਆਂ ਜਾਣ ਨਾਲ ਉਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਅਸੀਂ ਇਹਨਾਂ ਫੈਸਲਿਆਂ ਨੂੰ ਹਲਕੇ ਵਿੱਚ ਨਹੀਂ ਲੈਂਦੇ। ਅਸੀਂ ਪ੍ਰਭਾਵਿਤ ਹਰ ਇੱਕ ਕਰਮਚਾਰੀ ਦੀ ਸਹਾਇਤਾ ਲਈ ਲੋੜੀਂਦੇ ਕਦਮ ਚੁੱਕ ਰਹੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।