ਭਾਰਤ ਦੇ ਖਿਲਾਫ ਗੁਆਂਢੀ ਦੇਸ਼ ਚੀਨ ਅਤੇ ਪਾਕਿਸਤਾਨ ਦੀ ਨੇੜਤਾ ਵਧ ਰਹੀ ਹੈ ਇਹ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨ ਅਤੇ ਪਾਕਿਸਤਾਨ ਇੱਕ ਹੋਰ ਰੇਲਵੇ ਪ੍ਰੋਜੈਕਟ ਉੱਤੇ ਕੰਮ ਕਰਨ ਜਾ ਰਹੇ ਹਨ। ਹਾਲਾਂਕਿ ਚੀਨ ਵੱਲੋਂ ਪਾਕਿਸਤਾਨ ਵਿੱਚ ਸ਼ੁਰੂ ਕੀਤਾ ਗਿਆ ਆਪਣਾ ਸਭ ਤੋਂ ਵੱਡਾ ਪ੍ਰਾਜੈਕਟ 'ਚੀਨ-ਪਾਕਿਸਤਾਨ ਆਰਥਿਕ ਗਲਿਆਰਾ' ਅਜੇ ਵਿੱਚ-ਵਿਚਾਲੇ ਹੀ ਲਟਕ ਰਿਹਾ ਹੈ, ਪਰ ਚੀਨ ਪਾਕਿਸਤਾਨ ਵਿੱਚ ਇੱਕ ਹੋਰ ਪ੍ਰਾਜੈਕਟ 'ਤੇ ਕੰਮ ਕਰਨ ਲਈ ਰਜ਼ਾਮੰਦ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਅਤੇ ਚੀਨ 10 ਬਿਲੀਅਨ ਡਾਲਰ ਦੀ ਲਾਗਤ ਨਾਲ ਮੇਨਲਾਈਨ-1 ਰੇਲਵੇ ਪ੍ਰੋਜੈਕਟ ਨੂੰ ਚਲਾਉਣ ਲਈ ਰਾਜ਼ੀ ਹੋ ਗਏ ਹਨ। ਦਿ ਨਿਊਜ਼ੀ ਰਿਪੋਰਟ ਦੇ ਮੁਤਾਬਕ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਬਿਜ਼ਨਸ-ਟੂ-ਬਿਜ਼ਨਸ ਸੌਦੇ ਕਰਨ ਦਾ ਫੈਸਲਾ ਕੀਤਾ ਹੈ।ਜਿਸ ਨੂੰ ਲੈ ਕੇ ਇਹ ਚਰਚਾ ਹੈ ਕਿ ਚੀਨ ਅਤੇ ਪਾਕਿਸਤਾਨ ਮਿਲ ਕੇ ਰੇਲ ਪ੍ਰੋਜੈਕਟ 'ਤੇ ਕੰਮ ਕਰਨ ਜਾ ਰਹੇ ਹਨ।
ਪਾਕਿਸਤਾਨ ਨੇ ਚੀਨ ਦੇ ਨਾਗਰਿਕਾਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ
ਮਿਲੀ ਜਾਣਕਾਰੀ ਦੇ ਮੁਤਾਬਕ ਹਾਲ ਹੀ ਵਿੱਚ ਇਸਲਾਮਾਬਾਦ ਵਿੱਚ ਸੀਪੀਈਸੀ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਦੋਵਾਂ ਧਿਰਾਂ ਨੇ ਕਈ ਹੋਰ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਕੀਤੀ ।ਇਸ ਦੌਰਨ ਉਨ੍ਹਾਂ ਨੇ ਸੀਪੀਈਸੀ ਦੇ ਅਧੀਨ ਚੱਲ ਰਹੇ ਪ੍ਰੋਜੈਕਟਾਂ 'ਤੇ ਤਸੱਲੀ ਜ਼ਾਹਰ ਕੀਤੀ ਹੈ।ਸੀਪੀਈਸੀ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਅਤੇ ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ ਦੇ ਉਪ ਚੇਅਰਮੈਨ ਲਿਨ ਨਿਆਂਸੀਯੂ ਨੇ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿੱਚ ਸੀਪੀਈਸੀ ਇੱਕ ਪ੍ਰਮੁੱਖ ਰਾਸ਼ਟਰੀ ਤਰਜੀਹ ਵਜੋਂ ਉੱਭਰਿਆ ਹੈ। ਇਸ ਰਿਪੋਰਟ ਦੀ ਮੰਨੀਏ ਤਾਂ ਹੁਣ ਪਾਕਿਸਤਾਨ ਆਪਣੇ 27 ਬਿਲੀਅਨ ਡਾਲਰ ਦੇ ਕਰਜ਼ੇ ਨੂੰ ਰੀ-ਸ਼ਡਿਊਲ ਕਰਨ ਅਤੇ ਡਿਪਾਜ਼ਿਟ ਦੇ ਰੋਲਓਵਰ ਲਈ ਵੀ ਗੁਜ਼ਾਰਿਸ਼ ਕਰੇਗਾ।ਸੀਪੀਈਸੀ ਦੀ ਮੀਟਿੰਗ 'ਚ ਇਹ ਵੀ ਦੱਸਿਆ ਗਿਆ ਕਿ ਇੱਕ ਹੋਰ 3,100 ਮੈਗਾਵਾਟ ਪਾਵਰ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਆਖਰੀ ਰੂਪ ਦਿੱਤਾ ਜਾਵੇਗਾ ਤਾਂ ਜੋ ਇਹ 1,7000 ਮੈਗਾਵਾਟ ਦੇ ਮਿੱਥੇ ਟੀਚੇ ਦੇ ਨਜ਼ਦੀਕ ਜਾ ਸਕੇ।
ਆਈਟੀ ਸੈਕਟਰ 'ਚ ਸਹਿਯੋਗ 'ਤੇ ਬਣੀ ਸਹਿਮਤੀ
ਸੀਪੀਈਸੀ ਦੀ ਮੀਟਿੰਗ 'ਚ ਦੋਵਾਂ ਧਿਰਾਂ ਨੇ ਸੂਚਨਾ ਤਕਨਾਲੋਜੀ 'ਚ ਸਹਿਯੋਗ ਵਧਾਉਣ ਲਈ ਵੀ ਸਹਿਮਤੀ ਜਤਾਈ ਹੈ। ਦੋਵਾਂ ਦੇਸ਼ਾਂ ਨੇ ਫੈਸਲਾ ਕੀਤਾ ਹੈ ਕਿ ਚੀਨ ਦੀਆਂ ਕੰਪਨੀਆਂ ਇਸ ਖੇਤਰ 'ਚ ਨਵੇਂ ਰਾਹ ਲੱਭਣ ਲਈ ਪਾਕਿਸਤਾਨ 'ਚ ਖੋਜ ਕੇਂਦਰ ਸਥਾਪਤ ਕਰਨਗੀਆਂ। ਜੇਸੀਸੀ ਦੀ ਇਸ 11ਵੀਂ ਮੀਟਿੰਗ 'ਚ ਪਾਕਿਸਤਾਨ ਅਤੇ ਚੀਨ ਨੇ ਹੋਰ ਵੀ ਕਈ ਮਸਲਿਆਂ 'ਤੇ ਚਰਚਾ ਕੀਤੀ ਪਰ ਦੋਵੇਂ ਧਿਰਾਂ ਮੀਟਿੰਗ ਦੇ ਮਿੰਟਾਂ 'ਤੇ ਦਸਤਖ਼ਤ ਨਹੀਂ ਕਰ ਸਕੀਆਂ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਲੀ ਯਾਤਰਾ ਦੌਰਾਨ ਇਸ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ । ਇਹ ਯਾਤਰਾ 1 ਨਵੰਬਰ ਤੋਂ ਸ਼ੁਰੂ ਹੋਵੇਗੀ ਜਿਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਉੱਚ ਪੱਧਰੀ ਵਫਦ ਨਾਲ ਚੀਨ ਦਾ ਦੌਰਾ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: China, China china, Pakistan, Pakistan government, Railway