ਇਕ ਪਾਸੇ ਜਿਥੇ ਕੋਰੋਨਾ ਕਰਕੇ ਸਾਡੇ ਦੇਸ਼ ਦੀ ਸਿਹਤ ਪ੍ਰਣਾਲੀ ਚਰਮਾ ਗਈ ਹੈ, ਉੱਥੇ ਸ਼ਹਿਰਾਂ ਵਿੱਚ ਮਰੀਜ਼ ਐਂਬੂਲੈਂਸ ਵਰਗੀਆਂ ਮੁਢਲੀਆਂ ਜ਼ਰੂਰਤਾਂ ਲਈ ਵੀ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ। ਅਜਿਹੇ ਵਿਚ ਆਮ ਆਦਮੀ ਲਈ ਐਂਬੂਲੈਂਸ ਵੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪਰ ਅਜਿਹੇ ਸਮੇਂ ਚ ਵੀ ਕੁੱਝ ਲੋਕ ਹਨ ਜੋ ਇਨਸਾਨੀਅਤ ਨੂੰ ਜ਼ਿੰਦਾ ਰੱਖੇ ਹੋਏ ਹਨ।
ਮਹਾਰਾਸ਼ਟਰ ਦੇ ਪੁਣੇ ਵਿੱਚ ਆਟੋ ਚਾਲਕਾਂ ਨੇ ਸ਼ਲਾਘਾਯੋਗ ਪਹਿਲ ਕੀਤੀ ਹੈ। ਉਨ੍ਹਾਂ ਨੇ ਆਪਣੇ ਆਟੋ ਵਿਚ ਆਕਸੀਜਨ ਸਿਲੰਡਰ ਲਗਾਇਆ ਹੈ ਅਤੇ ਇਸ ਨੂੰ ਮਿੰਨੀ ਐਂਬੂਲੈਂਸ ਵਿਚ ਬਦਲ ਦਿੱਤਾ ਹੈ। ਉਨ੍ਹਾਂ ਦਾ ਉਦੇਸ਼ ਉਨ੍ਹਾਂ ਮਰੀਜ਼ਾਂ ਨੂੰ ਇਹ ਸਹੂਲਤ ਪ੍ਰਦਾਨ ਕਰਨਾ ਹੈ ਜਿਨ੍ਹਾਂ ਨੂੰ ਹਸਪਤਾਲ ਵਿੱਚ ਬੈੱਡ ਸਮੇਂ ਸਿਰ ਨਹੀਂ ਮਿਲਦਾ।
ਇਨ੍ਹਾਂ ਆਟੋ ਚਾਲਕਾਂ ਦੇ ਸਮੂਹ ਦੀ ਅਗਵਾਈ ਕਰ ਰਹੇ ਡਾਕਟਰ ਕੇਸ਼ਵ ਕਸ਼ਿਰਸਾਗਰ ਨੇ ਕਿਹਾ, “ਹਸਪਤਾਲ ਵਿੱਚ ਬੈੱਡ ਨਾ ਮਿਲਣ ਕਾਰਨ ਕਈ ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ।
ਅਜਿਹੀ ਸਥਿਤੀ ਵਿੱਚ, ਮਰੀਜ਼ ਦੀ ਜਾਨ ਬਚਾਉਣ ਲਈ ਅਸੀਂ ਆਟੋਰਿਕਸ਼ਾ ਵਿਚ ਆਕਸੀਜਨ ਸਿਲੰਡਰ ਲਗਾਏ ਹਨ। ਸਾਡੇ ਕੋਲ ਅਜਿਹੇ 100 ਆਟੋ ਰਿਕਸ਼ਾ ਹਨ।' ਅਜਿਹੀ ਇੱਕ ਹੋਰ ਉਦਾਹਰਨ ਕੋਲਾਪੁਰ ਤੋਂ ਦੇਖਣ ਨੂੰ ਮਿਲੀ, ਜਿੱਥੇ ਇੱਕ ਆਟੋ ਚਾਲਕ ਕੋਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਲੈ ਜਾ ਰਿਹਾ ਹੈ।
ਆਟੋ ਚਾਲਕ ਜਿਤੇਂਦਰ ਸ਼ਿੰਦੇ ਨੇ ਪਿਛਲੇ ਸਾਲ ਮਾਰਚ ਵਿੱਚ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਆਪਣੇ ਆਟੋ ਵਿੱਚ 1000 ਤੋਂ ਵੱਧ ਕੋਵਿਡ ਮਰੀਜ਼ਾਂ ਨੂੰ ਲਿਜਾਇਆ ਹੈ। ਸ਼ਿੰਦੇ ਨੇ ਅਜਿਹਾ ਕਰਦਿਆਂ 2 ਲੱਖ ਰੁਪਏ ਖ਼ਰਚ ਕੀਤੇ ਹਨ। ਆਪਣੇ ਨੇਕ ਕੰਮ ਦੀ ਪ੍ਰੇਰਣਾ ਬਾਰੇ ਦੱਸਦਿਆਂ ਸ਼ਿੰਦੇ ਨੇ ਕਿਹਾ ਕਿ ਉਸ ਨੂੰ ਬਚਪਨ ਵਿੱਚ ਆਪਣੇ ਬਿਮਾਰ ਮਾਪਿਆਂ ਨੂੰ ਅੰਤਿਮ ਅਲਵਿਦਾ ਕਹਿਣ ਦਾ ਮੌਕਾ ਨਹੀਂ ਮਿਲਿਆ ਪਰ ਇਨ੍ਹਾਂ ਕੋਵਿਡ ਮਰੀਜ਼ਾਂ ਦੀ ਮਦਦ ਕਰਦਿਆਂ ਉਹ ਮਹਿਸੂਸ ਕਰਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਮਦਦ ਕਰ ਰਿਹਾ ਹੈ।
ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਦੇ 46,781 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੋਰੋਨਾ ਕਾਰਨ 816 ਮੌਤਾਂ ਵੀ ਹੋਈਆਂ। ਹੁਣ ਤੱਕ ਮਹਾਰਾਸ਼ਟਰ ਵਿੱਚ ਕੋਰੋਨਾ ਦੇ 52,26,710 ਕੇਸ ਸਾਹਮਣੇ ਆਏ ਹਨ ਤੇ ਕੁੱਲ 78,007 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ ਰਾਜ ਵਿੱਚ ਕੋਰੋਨਾ ਦੇ 5,46,129 ਐਕਟਿਵ ਕੇਸ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Oxi, Oxygen