ਚੀਨ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੀਆਂ ਗਈਆਂ ਸਖ਼ਤ ਪਾਬੰਦੀਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦਾ ਦਾਇਰਾ ਰਾਜਧਾਨੀ ਬੀਜਿੰਗ ਤੱਕ ਪਹੁੰਚ ਗਿਆ ਹੈ। ਇਸ ਦੌਰਾਨ, ਚੀਨ ਵਿੱਚ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਐਤਵਾਰ ਨੂੰ ਲਗਭਗ 40,000 ਨਵੇਂ ਮਾਮਲੇ ਸਾਹਮਣੇ ਆਏ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ ਸੰਕਰਮਣ ਦੇ 39,452 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 36,304 ਸਥਾਨਕ ਮਾਮਲਿਆਂ ਵਿਚ ਬਿਮਾਰੀ ਦੇ ਲੱਛਣ ਨਹੀਂ ਸਨ।
ਚੀਨੀ ਸੋਸ਼ਲ ਮੀਡੀਆ ਤੇ ਟਵਿੱਟਰ ਉਤੇ ਇਨ੍ਹਾਂ ਰੋਸ ਮੁਜ਼ਾਹਰਿਆਂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਇਕ ਸ਼ੰਘਾਈ ਦਾ ਰੋਸ ਮੁਜ਼ਾਹਰਾ ਵੀ ਸ਼ਾਮਲ ਹੈ ਜਿੱਥੇ ਗੁੱਸੇ ’ਚ ਆਏ ਲੋਕ ਸੱਤਾ ਉਤੇ ਕਾਬਜ਼ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।
ਪੁਲਿਸ ਨੇ ਕਈ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿਥੇ ਵਿਦਿਆਰਥੀ ਲੌਕਡਾਊਨ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਬੀਤੇ ਦਿਨ ਸਰਕਾਰ ਸ਼ਿਨਜਿਆਂਗ ਦੀ ਸੂਬਾਈ ਰਾਜਧਾਨੀ ਉਰੂਮਕੀ ’ਚ ਲੌਕਡਾਊਨ ਲਾਗੂ ਕਰਨ ਤੋਂ ਪਿੱਛੇ ਹਟ ਗਈ ਸੀ ਜਿੱਥੇ ਲੰਘੇ ਵੀਰਵਾਰ ਇੱਕ ਅਪਾਰਟਮੈਂਟ ਬਲਾਕ ’ਚ ਅੱਗ ਲੱਗਣ ਕਾਰਨ 10 ਜਣਿਆਂ ਦੀ ਮੌਤ ਹੋ ਗਈ ਸੀ ਤੇ ਨੌਂ ਜ਼ਖ਼ਮੀ ਹੋਏ ਸਨ।
ਇਹ ਅਪਾਰਟਮੈਂਟ ਕੋਵਿਡ ਲੌਕਡਾਊਨ ਅਧੀਨ ਸੀ। ਲੰਘੇ ਹਫ਼ਤੇ ਉਰੂਮਕੀ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ ਸਨ ਜਿੱਥੇ ਉਈਗਰ ਮੁਸਲਮਾਨਾਂ ਦੇ ਨਾਲ ਵੱਡੀ ਗਿਣਤੀ ’ਚ ਚੀਨੀ ਨਾਗਰਿਕਾਂ ਨੇ ਵੀ ਹਿੱਸਾ ਲਿਆ। ਵਿਰੋਧ ਪ੍ਰਦਰਸ਼ਨਾਂ ਦੀ ਫੁਟੇਜ ’ਚ ਲੋਕ ਸਰਕਾਰੀ ਦਫ਼ਤਰ ਦੇ ਬਾਹਰ ਇੱਕ ਚੌਕ ’ਤੇ ਸਰਕਾਰ ਖ਼ਿਲਾਫ਼ ਨਾਅਰੇ ਮਾਰਦੇ ਤੇ ਰਾਸ਼ਟਰੀ ਗਾਣ ਗਾਉਂਦੇ ਦਿਖਾਈ ਦਿੱਤੇ। ਬਾਅਦ ਵਿੱਚ ਇਹ ਵੀਡੀਓ ਫੁਟੇਜ ਸੈਂਸਰ ਕਰ ਦਿੱਤੀਆਂ ਗਈਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, China coronavirus, Coronavirus