Business News: ਸਿਆਣੇ ਆਖਦੇ ਹਨ ਕਿ ਕਰਜ਼ ਸਭ ਤੋਂ ਮਾੜੀ ਚੀਜ਼ ਹੈ ਅਤੇ ਇਸਨੂੰ ਭਰਦਿਆਂ-ਭਰਦਿਆਂ ਵਿਅਕਤੀ ਕੰਗਾਲ ਹੋ ਜਾਂਦਾ ਹੈ। ਇਹ ਗੱਲ ਚੀਨ ਦੇ ਅਰਬਪਤੀਆਂ 'ਤੇ ਬਿਲਕੁਲ ਢੁੱਕਦੀ ਨਜ਼ਰ ਆ ਰਹੀ ਹੈ। ਪਿਛਲੇ ਕਈ ਸਾਲਾਂ ਵਿੱਚ ਚੀਨ ਦੇ ਅਰਬਪਤੀਆਂ ਨੂੰ ਆਪਣੀ ਪੂੰਜੀ ਦਾ ਵੱਡਾ ਹਿੱਸਾ ਕਰਜ਼ ਚੁਕਾਉਣ ਵਿੱਚ ਖ਼ਰਚ ਕਰਨਾ ਪਿਆ ਹੈ। ਇਹਨਾਂ ਵਿੱਚ ਚੀਨ ਦੇ ਮਸ਼ਹੂਰ ਉਦਯੋਗਪਤੀ ਜੈਕ ਮਾ (Jack Ma) ਦਾ ਨਾਮ ਵੀ ਹੈ।
ਅੱਜ ਅਸੀਂ ਜਿਸ ਵਿਅਕਤੀ ਦੀ ਗੱਲ ਕਰ ਰਹੇ ਹਾਂ ਉਹ ਚੀਨ ਦੇ ਹੁਈ ਕਾ ਯਾਨ (Hui Ka Yan) ਹਨ, ਜੋ ਕਿ ਚੀਨ ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਚੇਅਰਮੈਨ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ 2017 ਵਿੱਚ ਹੁਈ ਕਾ ਯਾਨ ਦੇ ਕੋਲ 42 ਬਿਲੀਅਨ ਡਾਲਰ ਦੀ ਸੰਪਤੀ ਸੀ ਜੋ ਕਿ ਪਿਛਲੇ 5 ਸਾਲਾਂ 'ਚ 93% ਘੱਟ ਕੇ ਸਿਰਫ 3 ਬਿਲੀਅਨ ਡਾਲਰ ਰਹਿ ਗਈ ਹੈ। ਦੱਸ ਦੇਈਏ ਕਿ ਐਵਰਗ੍ਰੇਂਡ ਨੂੰ 300 ਬਿਲੀਅਨ ਡਾਲਰ ਦਾ ਕਰਜ਼ਾ ਚੁਕਾਉਣਾ ਹੈ। ਇਸ ਦੇ ਨਾਲ ਹੀ ਇਹ ਚੀਨ 'ਚ ਸਭ ਤੋਂ ਜ਼ਿਆਦਾ ਕਰਜ਼ ਲੈਣ ਵਾਲਾ ਡਿਵੈਲਪਰ ਹੈ।
ਵੇਚਣੀ ਪਈ ਨਿੱਜੀ ਜਾਇਦਾਦ: ਹੈਰਾਨਗੀ ਦੀ ਗੱਲ ਇਹ ਹੈ ਕਿ ਕਰਜ਼ਾ ਚੁਕਾਉਣ ਲਈ ਹੁਈ ਨੂੰ ਆਪਣਾ ਘਰ ਅਤੇ ਪ੍ਰਾਈਵੇਟ ਜੈੱਟ ਤੱਕ ਵੇਚਣੇ ਪਏ ਹਨ ਪਰ ਫਿਰ ਵੀ ਕਰਜ਼ਾ ਪੂਰਾ ਨਹੀਂ ਹੋ ਸਕਿਆ। ਉਸ ਨੂੰ ਮੈਂਡਰਿਨ ਵਿੱਚ ਜ਼ੂ ਜਿਯਾਇਨ ਵੀ ਕਿਹਾ ਜਾਂਦਾ ਹੈ। ਜਿਸ ਕੰਪਨੀ ਦੀ ਅਸੀਂ ਗੱਲ ਕਰ ਰਹੇ ਹਾਂ Evergrande, ਕੋਲ 2,00,000 ਕਰਮਚਾਰੀ ਹਨ। ਇਸਦੇ 280 ਸ਼ਹਿਰਾਂ ਵਿੱਚ 1,300 ਤੋਂ ਵੱਧ ਪ੍ਰੋਜੈਕਟ ਹਨ।ਲੈਣਦਾਰਾਂ, ਸਪਲਾਇਰਾਂ ਅਤੇ ਨਿਵੇਸ਼ਕਾਂ ਨੂੰ ਭੁਗਤਾਨ ਕਰਨ ਲਈ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਦਸੰਬਰ 2021 ਵਿੱਚ Evergrande ਨੇ ਆਪਣੇ ਅਮਰੀਕੀ ਡਾਲਰ ਬਾਂਡਾਂ 'ਤੇ ਡਿਫਾਲਟ ਕੀਤਾ। 2020 ਵਿੱਚ, ਕੰਪਨੀ ਦੀ ਵਿਕਰੀ 100 ਬਿਲੀਅਨ ਡਾਲਰ ਤੋਂ ਵੱਧ ਸੀ।
ਚੀਨ ਦੇ ਰੀਅਲ ਅਸਟੇਟ ਲਈ ਖਤਰਾ: ਇਸ ਕੰਪਨੀ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਇਹ ਕੰਪਨੀ ਡੁੱਬ ਜਾਂਦੀ ਹੈ ਤਾਂ ਚੀਨ ਵਿੱਚ ਪ੍ਰਾਪਰਟੀ ਬਾਜ਼ਾਰ ਲਈ ਵੱਡਾ ਖਤਰਾ ਪੈਦਾ ਹੋ ਜਾਵੇਗਾ। ਇਸਦਾ ਚੀਨ ਦੇ ਆਰਥਿਕ ਵਿਕਾਸ 'ਤੇ ਵੀ ਅਸਰ ਪਵੇਗਾ ਕਿਉਂਕਿ ਚੀਨ ਦੀ ਜੀਡੀਪੀ ਵਿੱਚ 30% ਤੱਕ ਦਾ ਹਿੱਸਾ ਰੀਅਲ ਅਸਟੇਟ ਅਤੇ ਇਸ ਨਾਲ ਸਬੰਧਤ ਉਦਯੋਗਾਂ ਦਾ ਹੈ।
ਅਜਿਹੇ ਹੋਰ ਵੀ ਬਹੁਤ ਅਰਬਪਤੀ ਹਨ, ਜਿਹਨਾਂ ਦੀ ਜਾਇਦਾਦ ਵਿੱਚ ਕਮੀ ਆਈ ਹੈ। ਬਲੂਮਬਰਗ ਦੇ ਅਨੁਸਾਰ, ਪਿਛਲੇ ਮਹੀਨੇ ਟੇਸਲਾ ਅਤੇ ਟਵਿੱਟਰ ਦੇ ਸੀਈਓ ਐਲੋਨ ਮਸਕ ਦੀ ਜਾਇਦਾਦ ਵਿੱਚ 200 ਬਿਲੀਅਨ ਡਾਲਰ ਦੀ ਕਮੀ ਆਈ ਹੈ। ਉਹ ਦੁਨੀਆਂ ਦੇ ਪਹਿਲੇ ਅਮੀਰ ਵਿਅਕਤੀ ਤੋਂ ਦੂਸਰੇ ਵਿਅਕਤੀ 'ਤੇ ਖਿਸਕ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Business, China, Loan waiver, World news