Home /News /international /

ਜਨਰਲ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਅਮਰੀਕਾ ਦਾ ਇਕ ਹੋਰ ਹਮਲਾ, ਇਰਾਕੀ ਸੈਨਾ ਦੇ ਕਮਾਂਡਰ ਨੂੰ ਬਣਾਇਆ ਨਿਸ਼ਾਨਾ

ਜਨਰਲ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਅਮਰੀਕਾ ਦਾ ਇਕ ਹੋਰ ਹਮਲਾ, ਇਰਾਕੀ ਸੈਨਾ ਦੇ ਕਮਾਂਡਰ ਨੂੰ ਬਣਾਇਆ ਨਿਸ਼ਾਨਾ

ਜਨਰਲ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਅਮਰੀਕਾ ਦਾ ਇਕ ਹੋਰ ਹਮਲਾ

ਜਨਰਲ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਅਮਰੀਕਾ ਦਾ ਇਕ ਹੋਰ ਹਮਲਾ

  • Share this:
    ਅਮਰੀਕਾ ਵੱਲੋਂ ਇਰਾਕ ਦੀ ਰਾਜਧਾਨੀ ਬਗ਼ਦਾਦ ’ਚ ਡਰੋਨ ਹਮਲੇ ’ਚ ਇਰਾਨ ਦੀ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਇਕ ਹੋਰ ਹਮਲਾ ਕੀਤਾ ਹੈ। ਸ਼ਨੀਵਾਰ ਸਵੇਰੇ, ਅਮਰੀਕੀ ਫੌਜ ਨੇ ਇਰਾਕ ਦੀ ਹਸ਼ਦ ਅਲ ਸ਼ਾਬੀ ਪਾਰਲੀਮੈਂਟਰੀ ਫੋਰਸ ਦੇ ਕਮਾਂਡਰ ਨੂੰ ਨਿਸ਼ਾਨਾ ਬਣਾਇਆ। ਇਰਾਕ ਦੇ ਸਰਕਾਰੀ ਟੀਵੀ ਚੈਨਲ ਦੇ ਅਨੁਸਾਰ, ਇਹ ਹਮਲਾ ਰਾਜਧਾਨੀ ਬਗਦਾਦ ਦੇ ਉੱਤਰੀ ਹਿੱਸੇ ਵਿੱਚ ਹੋਇਆ ਹੈ। ਹਮਲਾ ਇੱਕ ਕਾਫਲੇ ਤੇ ਕੀਤਾ ਗਿਆ ਸੀ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। ਮਾਰੇ ਗਏ ਲੋਕ ਇਰਾਨ ਪੱਖੀ ਮਿਲੀਸ਼ੀਆ ਹਸ਼ਦ-ਅਲ-ਸਾਬੀ ਦੇ ਦੱਸੇ ਜਾ ਰਹੇ ਹਨ।

    ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕਾਸਿਮ ਸੁਲੇਮਾਨੀ ਦੀ ਲਾਸ਼ ਨੂੰ ਲੈ ਕੇ ਇਕ ਜਲੂਸ ਕੱਢਿਆ ਜਾ ਰਿਹਾ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਇਰਾਕ ਦੀ ਰਾਜਧਾਨੀ ਬਗ਼ਦਾਦ ’ਚ ਕੀਤੇ ਗਏ ਡਰੋਨ ਹਮਲੇ ’ਚ ਇਰਾਨ ਦੀ ਰੈਵੋਲਿਊਸ਼ਨਰੀ ਗਾਰਡਜ਼ ਦਾ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ (62) ਮਾਰਿਆ ਗਿਆ ਸੀ। ਪੈਂਟਾਗਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ’ਤੇ ਇਹ ਹਮਲਾ ਕੀਤਾ ਗਿਆ ਸੀ। ਇਰਾਨ ਨੇ ਤਿੰਨ ਦਿਨ ਦੇ ਸੋਗ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਜਨਰਲ ਦੀ ਮੌਤ ਦਾ ਬਦਲਾ ਲੈ ਕੇ ਰਹਿਣਗੇ। ਇਸ ਘਟਨਾਕ੍ਰਮ ਨਾਲ ਫਾਰਸ ਦੀ ਖਾੜੀ ’ਚ ਤਣਾਅ ਦਾ ਮਾਹੌਲ ਵਧ ਗਿਆ ਹੈ।

    ਜਨਰਲ ਸੁਲੇਮਾਨੀ ਉਸ ਸਮੇਂ ਮਾਰਿਆ ਗਿਆ ਜਦੋਂ ਸ਼ੁੱਕਰਵਾਰ ਤੜਕੇ ਬਗ਼ਦਾਦ ਕੌਮਾਂਤਰੀ ਹਵਾਈ ਅੱਡੇ ਤੋਂ ਨਿਕਲ ਰਹੇ ਉਸ ਦੇ ਕਾਫ਼ਲੇ ’ਤੇ ਡਰੋਨ ਨੇ ਮਿਜ਼ਾਈਲਾਂ ਦਾਗ਼ੀਆਂ। ਹਮਲੇ ’ਚ ਇਰਾਕ ਦੀ ਹਾਸ਼ੇਦ ਅਲ-ਸ਼ਾਬੀ ਨੀਮ ਫ਼ੌਜੀ ਬਲ ਦਾ ਉਪ ਮੁਖੀ ਅਬੂ ਮਾਹਦੀ ਅਲ-ਮੁਹਾਨਦਿਸ ਅਤੇ ਕੁਝ ਇਰਾਨ ਪੱਖੀ ਸਥਾਨਕ ਬਾਗ਼ੀ ਵੀ ਮਾਰੇ ਗਏ ਹਨ। ਜਨਰਲ ਸੁਲੇਮਾਨੀ ਨੂੰ ਆਇਤੁੱਲਾ ਖਮੇਨੀ ਤੋਂ ਬਾਅਦ ਇਰਾਨ ਦੀ ਦੂਜੀ ਸਭ ਤੋਂ ਤਾਕਤਵਰ ਹਸਤੀ ਮੰਨਿਆ ਜਾਂਦਾ ਸੀ। ਉਹ ਲਿਬਨਾਨ ਜਾਂ ਸੀਰੀਆ ਤੋਂ ਪਰਤਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਾਫ਼ਲੇ ’ਤੇ ਕਈ ਮਿਜ਼ਾਈਲਾਂ ਦਾਗ਼ੀਆਂ ਗਈਆਂ ਜਿਸ ’ਚ ਸੱਤ ਵਿਅਕਤੀ ਮਾਰੇ ਗਏ ਹਨ।

    ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਦੇ ਹਵਾਈ ਹਮਲਿਆਂ ਮਗਰੋਂ ਇਰਾਨ ਪੱਖੀ ਇਰਾਕੀ ਲੋਕਾਂ ਨੇ ਬਗ਼ਦਾਦ ’ਚ ਅਮਰੀਕਾ ਦੇ ਸਫ਼ਾਰਤਖਾਨੇ ਨੂੰ ਘੇਰ ਲਿਆ ਸੀ ਅਤੇ ਟਰੰਪ ਨੇ ਤਹਿਰਾਨ ਨੂੰ ਕਾਰਵਾਈ ਦੀ ਧਮਕੀ ਦਿੱਤੀ ਸੀ। ਪੈਂਟਾਗਨ ਨੇ ਕਿਹਾ ਕਿ ਇਰਾਨ ਦੇ ਭਵਿੱਖ ’ਚ ਹਮਲਿਆਂ ਦੀ ਯੋਜਨਾ ਨੂੰ ਰੋਕਣ ਦੇ ਇਰਾਦੇ ਨਾਲ ਇਹ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਨਰਲ ਸੁਲੇਮਾਨੀ ਅਮਰੀਕੀ ਕੂਟਨੀਤਕਾਂ ਅਤੇ ਹੋਰ ਆਗੂਆਂ ’ਤੇ ਇਰਾਕ ਤੇ ਖਿੱਤੇ ’ਚ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਲੋਕਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਲੋੜੀਂਦੀ ਕਾਰਵਾਈ ਕਰਦਾ ਰਹੇਗਾ।

     

     
    Published by:Gurwinder Singh
    First published:

    Tags: Attack, USA

    ਅਗਲੀ ਖਬਰ