ਆਧੁਨਿਕ ਸਮੇਂ ਵਿਚ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਇਸਨੇ ਮਨੁੱਖ ਦੀਆਂ ਸੁੱਖ ਸੁਵਿਧਾਵਾਂ ਵਿਚ ਬਹੁਤ ਵਾਧਾ ਕੀਤਾ ਹੈ। ਪਰ ਇਸ ਸਭ ਦੇ ਚਲਦਿਆਂ ਮਨੁੱਖ ਨੇ ਕੁਦਰਤ ਵੱਲ ਪਿੱਠ ਕਰ ਲਈ ਹੈ। ਕੁਦਰਤ ਨਾਲ ਵੱਡੇ ਪੱਧਰ ਉੱਤੇ ਖਿਲਵਾੜ ਹੋਏ ਹਨ ਜਿਨ੍ਹਾਂ ਦਾ ਸਿੱਟਾ ਜਲਵਾਯੂ ਵਿਚ ਵੱਡੀਆਂ ਤਬਦੀਲੀਆਂ ਦੇ ਰੂਪ ਵਿਚ ਨਿਕਲ ਰਿਹਾ ਹੈ। ਇਸਨੇ ਮਨੁੱਖ ਨੂੰ ਚਿੰਤਾ ਵਿਚ ਪਾ ਦਿੱਤਾ ਹੈ।
ਜਲਵਾਯੂ ਤਬਦੀਲੀਆਂ ਦੇ ਪ੍ਰਣਾਮਾ ਬਾਰੇ ਇਕ ਨਵੇਂ ਅਧਿਐਨ ਰਾਹੀਂ ਹੈਰਾਨੀਜਨਕ ਸਿੱਟੇ ਸਾਹਮਣੇ ਆਏ ਹਨ। ਵਿਗਿਆਨੀਆਂ ਨੇ ਜਲਵਾਯੂ ਅਤੇ ਹਾਈਡ੍ਰੋਲੋਜੀਕਲ ਮਾਡਲਾਂ ਦੇ ਨਾਲ ਸੈਟੇਲਾਈਟ ਮਾਪਾਂ ਦੀ ਵਰਤੋਂ ਕਰਕੇ 2000 ਦੇ ਕਰੀਬ ਵੱਡੀਆਂ ਝੀਲਾਂ ਦਾ ਮੁਲਾਂਕਣ ਕੀਤਾ ਹੈ। ਇਸ ਅਧਿਐਨ ਰਾਹੀਂ ਪਤਾ ਲੱਗਿਆ ਹੈ ਕਿ 1990 ਤੋਂ ਬਾਅਦ ਦੁਨੀਆਂ ਦੀਆਂ ਅੱਧੀਆਂ ਝੀਲਾਂ ਅਤੇ ਜਲ ਭੰਡਾਰ ਸੁੰਘੜ ਕੇ ਖ਼ਤਮ ਹੋਣ ਦੇ ਕਿਨਾਰੇ ਹਨ ਤੇ ਕਈ ਖ਼ਤਮ ਹੋ ਚੁੱਕੇ ਹਨ। ਇਸ ਨਾਲ ਖੇਤੀਬਾੜੀ, ਪਣ ਬਿਜਲੀ ਅਤੇ ਮਨੁੱਖੀ ਵਰਤੋਂ ਲਈ ਪਾਣੀ ਦੀ ਕਮੀ ਜਿਹੀਆਂ ਸਮੱਸਿਆਵਾਂ ਪੈਦਾ ਹੋਣਗੀਆਂ।
ਸਾਇੰਸ ਜਨਰਲ ਵਿਚ ਪੇਸ਼ ਇਸ ਖੋਜ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿਚ ਤਾਜੇ ਪਾਣੀ ਦੇ ਸਭ ਤੋਂ ਮਹੱਤਵਪੂਰਨ ਸ੍ਰੋਤ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਕੈਸਪੀਅਨ ਸਾਗਰ ਤੋਂ ਲੈ ਕੇ ਦੱਖਣੀ ਅਮਰੀਕਾ ਦੀ ਝੀਲ ਟਿਟਿਕਾਕਾ ਤੱਕ ਫੈਲੇ ਹੋਏ ਹਨ। ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ 22 ਗੀਗਾਟਨ ਪ੍ਰਤੀ ਸਾਲ ਦੀ ਦਰ ਨਾਲ ਇਹਨਾਂ ਵਿਚੋਂ ਪਾਣੀ ਘੱਟ ਰਿਹਾ ਹੈ। ਇਹ ਮਿਕਦਾਰ ਯੂਐਸ ਦੇ ਸਭ ਤੋਂ ਵੱਡੇ ਜਲ ਭੰਡਾਰ ਮੀਡ ਲੇਕ ਤੋਂ 17 ਗੁਣਾਂ ਜ਼ਿਆਦਾ ਹੈ।
ਝੀਲਾਂ ਵਿਚਲੇ ਪਾਣੀ ਦੀ ਕਮੀ ਦਾ 56 ਪ੍ਰਤੀਸ਼ਤ ਕਾਰਨ ਜਲਵਾਯੂ ਵਿਚ ਵਧੀ ਤਪਸ਼ ਅਤੇ ਮਨੁੱਖ ਦੁਆਰਾ ਵਰਤੋਂ ਹੈ। ਦੁਨੀਆਂ ਭਰ ਵਿਚ ਲਗਭਗ 2 ਅਰਬ ਲੋਕ ਅਜਿਹੇ ਹਨ ਜੋ ਸੁੱਕ ਰਹੀਆਂ ਝੀਲਾਂ ਦੇ ਕਿਨਾਰੇ ਵਸਦੇ ਹਨ। ਇਹ ਲੋਕ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੇ ਹਨ ਤੇ ਆਉਣ ਵਾਲੇ ਸਾਲਾਂ ਵਿਚ ਹੋਰ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਪ੍ਰਕਾਰ ਕੁਦਰਤੀ ਵੱਲੋਂ ਮੂੰਹ ਫੇਰਨਾ ਲੰਮੇ ਸਮੇਂ ਵਿਚ ਮਨੁੱਖੀ ਲਈ ਬਹੁਤ ਨੁਕਸਾਨਦੇਹ ਹੋਣ ਵਾਲਾ ਹੈ। ਲੋੜ ਹੈ ਕਿ ਕੁਦਰਤ ਪੱਖੀ ਵਿਕਾਸ ਮਾਡਲ ਅਪਣਾਇਆ ਜਾਵੇ। ਸਾਡੇ ਕੁਦਰਤੀ ਸ੍ਰੋਤਾਂ ਦੀ ਸਾਂਭ ਸੰਭਾਲ ਕੀਤੀ ਜਾਵੇ। ਪਰ ਪੂੰਜੀ ਅਧਾਰਿਤ ਅਜੋਕੇ ਵਿਕਾਸ ਮਾਡਲ ਵਿਚ ਇਸ ਦੀਆਂ ਸੰਭਾਨਵਾਂ ਬਹੁਤ ਹੀ ਘੱਟ ਨਜ਼ਰ ਆਉਂਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Climate Change, Development, Global Warming, Lakes Are Drying, Nature, Side effects