Covid Deaths in Hong Kong: ਹਾਂਗਕਾਂਗ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਹਾਲਾਤ ਇਹ ਹਨ ਕਿ ਕੋਵਿਡ-19 ਕਾਰਨ ਜਾਨਾਂ ਗੁਆ ਚੁੱਕੇ ਲੋਕਾਂ ਦੀਆਂ ਲਾਸ਼ਾਂ ਨੂੰ ਰੱਖਣ ਲਈ ਹਸਪਤਾਲਾਂ ਅਤੇ ਸਰਕਾਰੀ ਮੁਰਦਾਘਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਗੱਲ ਇਹ ਹੈ ਕਿ ਹਾਂਗਕਾਂਗ ਦੇ ਜ਼ਿਆਦਾਤਰ ਨਿਵਾਸੀਆਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ ਲਈ ਹੈ। ਇਨਫੈਕਸ਼ਨ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਤਾਲਾਬੰਦੀ ਦੇ ਸੰਕੇਤ ਦਿੱਤੇ ਹਨ। ਸ਼ਹਿਰ ਦੇ ਪਬਲਿਕ ਡਾਕਟਰ ਐਸੋਸੀਏਸ਼ਨ ਦੇ ਮੁਖੀ ਟੋਨੀ ਲਿੰਗ ਨੇ ਕਿਹਾ ਕਿ ਹਸਪਤਾਲ ਦੇ ਐਮਰਜੈਂਸੀ ਰੂਮ ਤੇ ਮੁਰਦਾਘਰਾਂ ਵਿੱਚ ਪਈਆਂ ਦਰਜਨਾਂ ਲਾਸ਼ਾਂ ਲਿਜਾਏ ਜਾਣ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਹੁਣ ਇਨ੍ਹਾਂ ਲਾਸ਼ਾਂ ਨੂੰ ਇਕੱਠਾ ਕਰਨ ਲਈ ਹੋਰ ਸਮਾਂ ਚਾਹੀਦਾ ਹੈ, ਕਿਉਂਕਿ ਸਰੋਤ ਬਹੁਤ ਸੀਮਤ ਹਨ।’ ਉਨ੍ਹਾਂ ਨੇ ਮੌਜੂਦਾ ਸਥਿਤੀ ਲਈ ਕਰਮਚਾਰੀਆਂ ਅਤੇ ਸਟੋਰੇਜ ਸਮਰੱਥਾ ਦਾ ਹਵਾਲਾ ਦਿੱਤਾ ਹੈ।
ਹਾਲ ਹੀ ਵਿੱਚ ਵੈਕਸੀਨ ਦੀ ਵੱਧਦੀ ਗਿਣਤੀ ਦੇ ਬਾਵਜੂਦ, ਹਾਂਗਕਾਂਗ ਵਿੱਚ ਵੈਕਸੀਨ ਨਾ ਲੈਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਕ ਮਾੜੇ ਪ੍ਰਭਾਵਾਂ ਅਤੇ ਲਾਪਰਵਾਹੀ ਦੇ ਡਰ ਕਾਰਨ ਬਹੁਤ ਸਾਰੇ ਲੋਕਾਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ। 2020 ਦੇ ਸਰਕਾਰੀ ਅੰਕੜਿਆਂ ਅਨੁਸਾਰ ਹਾਂਗਕਾਂਗ ਵਿੱਚ ਹਰ ਮਹੀਨੇ ਔਸਤਨ 4 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਸ਼ਹਿਰ ਵਿੱਚ ਕੋਵਿਡ ਸੰਕਰਮਣ ਦੇ 1 ਲੱਖ 71 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਮੁੜ ਹੋ ਸਕਦੀ ਹੈ ਤਾਲਾਬੰਦੀ : ਸੋਮਵਾਰ ਨੂੰ ਹਾਂਗਕਾਂਗ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ 34,466 ਨਵੇਂ ਮਰੀਜ਼ ਮਿਲੇ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਇਸ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਤਾਲਾਬੰਦੀ ਲਗਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ, ਹਾਂਗਕਾਂਗ ਦੇ ਨੇਤਾਵਾਂ ਨੇ ਤਾਲਾਬੰਦੀ ਨੂੰ ਗੈਰ-ਵਾਜਬ ਦੱਸਿਆ ਸੀ। ਹਾਂਗਕਾਂਗ ਵਿੱਚ ਮੁੱਖ ਤੌਰ 'ਤੇ ਵਾਇਰਸ ਦੇ 'ਓਮੀਕਰੋਨ' ਵੇਰੀਐਂਟ ਕਾਰਨ ਕੇਸ ਵੱਧ ਰਹੇ ਹਨ। ਰੋਜ਼ਾਨਾ ਕੇਸ ਪਹਿਲਾਂ 7500 ਤੋਂ ਹਫ਼ਤੇ ਵਿੱਚ ਚਾਰ ਗੁਣਾ ਵੱਧ ਗਏ ਹਨ।
ਸ਼ਹਿਰ ਦੇ ਸਿਹਤ ਸੁਰੱਖਿਆ ਕੇਂਦਰ ਦੇ ਪ੍ਰਿੰਸੀਪਲ ਮੈਡੀਕਲ ਅਤੇ ਸਿਹਤ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਰ ਤਿੰਨ ਦਿਨਾਂ ਬਾਅਦ ਕੇਸ ਦੁੱਗਣੇ ਹੋ ਰਹੇ ਹਨ। ਉਨ੍ਹਾਂ ਕਿਹਾ, ‘ਸਾਨੂੰ ਲੱਗਦਾ ਹੈ ਕਿ ਮਾਮਲੇ ਵਧਦੇ ਰਹਿਣਗੇ।’ ਸੋਮਵਾਰ ਨੂੰ ਸ਼ਹਿਰ ਵਿੱਚ 87 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 67 ਨੂੰ ਕੋਵਿਡ ਦਾ ਟੀਕਾ ਨਹੀਂ ਲਗਾਇਆ ਗਿਆ ਸੀ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਅਜਿਹੇ ਉਪਾਅ ਲਾਗੂ ਕਰ ਸਕਦੀ ਹੈ ਜਿਸ ਤਹਿਤ ਲੋਕ ਬਾਹਰ ਨਾ ਲਿਕਲਣ ਤੇ ਘਰਾਂ ਵਿੱਚ ਰਹਿਣ। ਹਾਂਗਕਾਂਗ ਦੀ ਸਿਹਤ ਮੰਤਰੀ ਸੋਫੀਆ ਚੈਨ ਨੇ ਸੋਮਵਾਰ ਨੂੰ ਇੱਕ ਰੇਡੀਓ ਪ੍ਰੋਗਰਾਮ ਦੌਰਾਨ ਕਿਹਾ ਕਿ ਸਰਕਾਰ ਲੋਕਾਂ ਦੀ ਆਵਾਜਾਈ ਨੂੰ ਘਟਾਉਣ ਅਤੇ ਵੱਡੇ ਪੱਧਰ 'ਤੇ ਜਾਂਚ ਕਰਨ ਦੀ ਸਮਰੱਥਾ ਨੂੰ ਘਟਾਉਣ ਲਈ ਤਾਲਾਬੰਦੀ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona, Coronavirus, COVID-19, Hong Kong