ਪਾਕਿਸਤਾਨ ਦੀ ਆਰਥਿਕ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ। ਪਾਕਿਸਤਾਨ ਦੇ ਕਈ ਸੂਬਿਆਂ ਦੇ ਵਿੱਚ ਕਣਕ ਦਾ ਸਟਾਕ ਖਤਮ ਹੋ ਗਿਆ ਹੈ ਅਤੇ ਆਟੇ ਦੀ ਕਮੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ।ਇਥੋਂ ਤੱਕ ਕਿ ਕਈ ਥਾਵਾਂ ਤੋਂ ਭਗਦੜ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪਾਕਿਸਾਨ ਦੀ ਪੁਲਿਸ ਦੇ ਮੁਤਾਬਕ ਹੰਗਾਮੇ ਦੌਰਾਨ 40 ਸਾਲਾ ਮਜ਼ਦੂਰ ਹਰਸਿੰਘ ਕੋਲੀ ਸੜਕ 'ਤੇ ਡਿੱਗ ਗਿਆ ਅਤੇ ਆਸੇਪਾਸੇ ਦੇ ਲੋਕਾਂ ਨੇ ਉਸ ਨੂੰ ਕੁਚਲ ਕੇ ਹੀ ਮਾਰ ਦਿੱਤਾ। ਦਿ ਐਕਸਪ੍ਰੈਸ ਟ੍ਰਿਬਿਊਨ ਦੇ ਵਿੱਚ ਨਸ਼ਰ ਹੋਈ ਰਿਪੋਰਟ ਦੇ ਮੁਤਾਬਕ ਕੋਲਹੀ ਦੇ ਪਰਿਵਾਰ ਦੇ ਵੱਲੋਂ ਖੁਰਾਕ ਵਿਭਾਗ ਦੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਿੰਧ ਸਰਕਾਰ ਵੱਲੋਂ ਲੋਕਾਂ ਨੂੰ ਸਬਸਿਡੀ ਵਾਲੇ ਆਟੇ ਦੀ ਵਿਕਰੀ ਦੌਰਾਨ ਮੀਰਪੁਰਖਾਸ ਵਿੱਚ ਭਗਦੜ ਮਚਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
ਦਿ ਐਕਸਪ੍ਰੈਸ ਟ੍ਰਿਬਿਊਨ ਦੇ ਮੁਤਾਬਕ ਪਾਕਿਸਤਾਨ ਦੇ ਵਿੱਚ ਕਣਕ ਦੀ ਕੀਮਤ 5,000 ਰੁਪਏ ਪ੍ਰਤੀ ਮਣ ਨੂੰ ਛੂਹ ਜਾਣ ਦੇ ਨਾਲ ਹੀ ਰਾਵਲਪਿੰਡੀ ਦੇ ਖੁੱਲੇ ਬਾਜ਼ਾਰ ਵਿੱਚ ਆਟੇ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਦੇ ਤੱਕ ਪਹੁੰਚ ਚੁੱਕੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼ਹਿਰ 'ਚ 15 ਕਿਲੋ ਕਣਕ ਦੀ ਬੋਰੀ 2,250 ਰੁਪਏ ਦੇ ਵਿੱਚ ਵਿਕ ਰਹੀ ਹੈ। ਇਸ ਦੇ ਨਾਲ ਹੀ ਸਬਸਿਡੀ ਵਾਲੇ ਆਟੇ ਦੀ ਕੀਮਤ ਜਿਸ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਸੀ ਉਸ ਦੀ ਕੀਮਤ ਵੀ ਅਸਮਾਨ ਨੂੰ ਛੂਹਣ ਲੱਗੀ ਹੈ। ਸਬਸਿਡੀ ਵਾਲੇ 25 ਕਿਲੋ ਦੇ ਪੈਕੇਟ ਆਟੇ ਦੀ ਕੀਮਤ 3100 ਰੁਪਏ ਪ੍ਰਤੀ ਪੈਕੇਟ ਤੱਕ ਪਹੁੰਚ ਗਈ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲੋਚਿਸਤਾਨ ਦੇ ਖੁਰਾਕ ਮੰਤਰੀ ਜਮਰਕ ਅਚਕਜ਼ਈ ਨੇ ਨੇ ਜਾਣਕਾਰੀ ਦਿੱਤੀ ਹੈ ਇਥੇ ਕਿ ਕਣਕ ਦਾ ਸਟਾਕ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਦੋ ਲੱਖ ਬੋਰੀਆਂ ਦੀ ਬਜਾਏ ਸਿਰਫ 10,000 ਬੋਰੀਆਂ ਹੀ ਕਣਕ ਦੀਆਂ ਦਿੱਤੀਆਂ ਗਈਆਂ ਹਨ। ਜਮਰਕ ਅਚਕਜ਼ਈ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੂੰ ਛੇ ਲੱਖ ਬੋਰੀਆਂ ਦੀ ਮੰਗ ਕੀਤੀ ਸੀ।ਹਾਲਾਂਕਿ ਇਲਾਹੀ ਨੇ ਕਣਕ ਦੇਣ ਦਾ ਵਾਅਦਾ ਕੀਤਾ ਸੀ। ਪਰ ੳਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
ਜਮਰਕ ਅਚਕਜ਼ਈ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਣਕ ਸਬੰਧੀ ਪਾਕਿਸਤਾਨ ਦੀ ਸੰਘੀ ਸਰਕਾਰ ਦੇ ਤੱਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਪੰਜ ਲੱਖ ਬੋਰੀਆਂ ਕਣਕ ਮੁਹੱਈਆ ਕਰਵਾਈਆਂ ਸਨ ਅਤੇ ਉਹ ਪਿਛਲੇ ਚਾਰ ਮਹੀਨਿਆਂ ਦੌਰਾਨ ਖਤਮ ਹੋ ਗਈਆਂ ਸਨ। ਅਚਕਜ਼ਈ ਦਾ ਕਹਿਣਾ ਹੈ ਕਿ ਬਲੋਚਿਸਤਾਨ ਆਪਣੀ 85 ਫੀਸਦੀ ਜ਼ਰੂਰਤ ਲਈ ਸਿੰਧ ਅਤੇ ਪੰਜਾਬ 'ਤੇ ਨਿਰਭਰ ਹੈ। ਹਾਲਾਂਕਿ ਇਨ੍ਹਾਂ ਨੇ ਸੂਬੇ ਤੋਂ ਬਾਹਰ ਕਣਕ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਦੇ ਕਾਰਨ ਸੂਬੇ ਦੇ ਵਿੱਚ ਕਣਕ ਦੀ ਕਮੀ ਹੋ ਗਈ ਹੈ ਅਤੇ ਹਾਲਾਤ ਹੋਰ ਵੀ ਜ਼ਿਆਦਾ ਵਿੱਗੜ ਗਏ ਹਨ ।ਕਣਕ ਦੀ ਢੋਆ-ਢੁਆਈ ਕਰਨ ਵਾਲਿਆਂ ਅਤੇ ਥੋਕ ਵਿਕਰੇਤਾਵਾਂ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਵੀ ਕੰਮ ਨਹੀਂ ਦਿੱਤੇ ਜਾ ਰਹੇ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 8 ਜਨਵਰੀ ਨੂੰ ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁੱਦੁਸ ਬਿਜ਼ੈਂਜੋ ਨੇ ਸਥਾਨਕ ਮੀਡੀਆ ਰਾਹੀਂ ਸੂਬੇ ਦੇ ਲੋਕਾਂ ਲਈ ਕਣਕ ਦੀ ਘਾਟ ਨੂੰ ਕੰਟਰੋਲ ਕਰਨ ਦੇ ਮਕਸਦ ਦੇ ਨਾਲ ਸਬੰਧਤ ਅਧਿਕਾਰੀਆਂ ਨੂੰ ਕਣਕ ਦੇ ਭੰਡਾਰਾਂ ਅਤੇ ਥੋਕ ਵਿਕਰੇਤਾਵਾਂ 'ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ । ਪਰ ਉਨ੍ਹਾਂ ਨਦੇ ਇਸ ਹੁਕਮ ਦਾ ਕੋਈ ਵੀ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ।
ਮੀਰ ਅਬਦੁਲ ਕੁੱਦੁਸ ਬਿਜੈਂਜੋ ਦਾ ਕਹਿਣਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਲਾਮਬੰਦ ਕੀਤਾ ਜਾਵੇ ਅਤੇ ਕਣਕ ਸਟੋਰ ਕਰਨ ਅਤੇ ਵੱਧ ਭਾਅ ’ਤੇ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਲੋਚਿਸਤਾਨ ਦੇ ਲੋਕਾਂ ਨੂੰ ਜਮ੍ਹਾਖੋਰਾਂ ਅਤੇ ਰੇਹੜੀਆਂ ਵਾਲਿਆਂ ਦੇ ਰਹਿਮੋ-ਕਰਮ 'ਤੇ ਨਹੀਂ ਛੱਡਿਆ ਜਾਣਾ ਚਾਹੀਦਾ।
ਇਸ ਵਿਚਾਲੇ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਰੂਸ ਤੋਂ ਖਰੀਦੀ ਗਈ ਕਣਕ ਦੀ ਪਹਿਲੀ ਖੇਪ ਸੋਮਵਾਰ ਨੂੰ ਕਰਾਚੀ ਬੰਦਰਗਾਹ ਪਹੁੰਚ ਗਈ ਹੈ। ਖੁਰਾਕ ਸੁਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਕਣਕ ਲੈ ਕੇ ਦੋ ਜਹਾਜ਼ ਕਰਾਚੀ ਵੀ ਪਹੁੰਚ ਗਏ ਹਨ। ਰੂਸ ਤੋਂ 4 ਲੱਖ 50 ਹਜ਼ਾਰ ਟਨ ਵਾਧੂ ਕਣਕ ਗਵਾਦਰ ਬੰਦਰਗਾਹ ਰਾਹੀਂ ਪਾਕਿਸਤਾਨ ਪਹੁੰਚਾਈ ਜਾਵੇਗੀ। ਪਾਕਿਸਤਾਨ ਸਰਕਾਰ ਵੱਲੋਂ ਕਣਕ ਦੀ ਕਮੀ ਨੂੰ ਪੂਰਾ ਕਰਨ ਲਈ ਕੁੱਲ 75 ਲੱਖ ਟਨ ਕਣਕ ਦੀ ਦਰਾਮਦ ਕੀਤੀ ਜਾ ਰਹੀ ਹੈ। ਰੂਸ ਤੋਂ ਕਣਕ ਦੀ ਸਾਰੀ ਖੇਪ 30 ਮਾਰਚ ਤੱਕ ਪਾਕਿਸਤਾਨ ਪਹੁੰਚ ਜਾਵੇਗੀ। ਕਰਾਚੀ ਬੰਦਰਗਾਹ 'ਤੇ ਹੁਣ ਤੱਕ 3 ਲੱਖ 50 ਹਜ਼ਾਰ ਟਨ ਕਣਕ ਪਹੁੰਚ ਚੁੱਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।